ਮੁੰਬਈ ਬੰਬ ਧਮਾਕੇ ਦੇ ਦੋਸ਼ੀ ਅਬੂ ਸਲੇਮ ਨੂੰ ਵੱਡਾ ਝਟਕਾ, ਸੁਪਰੀਮ ਕੋਰਟ ਨੇ ਰੱਦ ਕੀਤੀ ਰਿਹਾਈ ਦੀ ਪਟੀਸ਼ਨ

Tuesday, Feb 17, 2026 - 10:13 AM (IST)

ਮੁੰਬਈ ਬੰਬ ਧਮਾਕੇ ਦੇ ਦੋਸ਼ੀ ਅਬੂ ਸਲੇਮ ਨੂੰ ਵੱਡਾ ਝਟਕਾ, ਸੁਪਰੀਮ ਕੋਰਟ ਨੇ ਰੱਦ ਕੀਤੀ ਰਿਹਾਈ ਦੀ ਪਟੀਸ਼ਨ

ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਸੋਮਵਾਰ ਨੂੰ ਗੈਂਗਸਟਰ ਅਬੂ ਸਲੇਮ ਦੀ ਪਟੀਸ਼ਨ ’ਤੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ, ਜਿਸ ਨੇ ਦਾਅਵਾ ਕੀਤਾ ਸੀ ਕਿ ਉਸ ਨੂੰ 10 ਮਹੀਨਿਆਂ ਤੋਂ ਵੱਧ ਸਮੇਂ ਤੋਂ ‘ਗੈਰ-ਕਾਨੂੰਨੀ ਹਿਰਾਸਤ’ ’ਚ ਰੱਖਿਆ ਗਿਆ ਹੈ, ਜਦਕਿ ਉਹ 1993 ਦੇ ਮੁੰਬਈ ਧਮਾਕੇ ਦੇ ਮਾਮਲੇ ’ਚ ਉਸ ਨੂੰ ਦਿੱਤੀ ਗਈ 25 ਸਾਲ ਦੀ ਸਜ਼ਾ ਉਹ ਪਹਿਲਾਂ ਹੀ ਕੱਟ ਚੁੱਕਾ ਹੈ। ਸਾਲ 1993 ਦੇ ਮੁੰਬਈ ਧਮਾਕਿਆਂ ਦੇ ਦੋਸ਼ੀ ਸਲੇਮ ਦੀ ਲੰਬੀ ਕਾਨੂੰਨੀ ਲੜਾਈ ਤੋਂ ਬਾਅਦ 11 ਨਵੰਬਰ, 2005 ਨੂੰ ਪੁਰਤਗਾਲ ਤੋਂ ਹਵਾਲਗੀ ਕੀਤੀ ਗਈ ਸੀ।

ਭਾਰਤ ਤੇ ਪੁਰਤਗਾਲ ਵਿਚਾਲੇ ਹੋਏ ਹਵਾਲਗੀ ਸਮਝੌਤੇ ਦੀਆਂ ਸ਼ਰਤਾਂ ਦੇ ਅਨੁਸਾਰ, ਸਲੇਮ ਨੂੰ ਮੌਤ ਦੀ ਸਜ਼ਾ ਨਹੀਂ ਦਿੱਤੀ ਜਾ ਸਕਦੀ ਅਤੇ ਉਸ ਦੇ ਕੈਦ ਦੀ ਮਿਆਦ 25 ਸਾਲ ਤੋਂ ਵੱਧ ਨਹੀਂ ਹੋ ਸਕਦੀ। ਸਲੇਮ ਨੇ ਹਾਈ ਕੋਰਟ ’ਚ ਪਟੀਸ਼ਨ ਦਾਇਰ ਕਰ ਕੇ ਆਪਣੀ ਰਿਹਾਈ ਦੀ ਮੰਗ ਕੀਤੀ ਸੀ, ਜਿਸ ’ਚ ਉਸ ਨੇ ਦਾਅਵਾ ਕੀਤਾ ਸੀ ਕਿ ਚੰਗੇ ਵਿਵਹਾਰ ਲਈ ਦਿੱਤੀ ਗਈ ਛੋਟ ਨੂੰ ਸ਼ਾਮਲ ਕਰਨ ’ਤੇ ਉਹ ਪਹਿਲਾਂ ਹੀ 25 ਸਾਲ ਦੀ ਕੈਦ ਕੱਟ ਚੁੱਕਾ ਹੈ। ਹਾਈ ਕੋਰਟ ਨੇ ਉਸ ਦੀ ਪਟੀਸ਼ਨ ਸਵੀਕਾਰ ਕਰ ਲਈ ਸੀ, ਪਰ ਕੋਈ ਅੰਤਰਿਮ ਰਾਹਤ ਦੇਣ ਤੋਂ ਇਨਕਾਰ ਕਰ ਦਿੱਤਾ ਸੀ।

ਸੁਪਰੀਮ ਕੋਰਟ ਨੇ ਸੋਮਵਾਰ ਨੂੰ ਸੁਣਵਾਈ ਦੌਰਾਨ ਸਲੇਮ ਦੇ ਵਕੀਲ ਨੂੰ ਦੱਸਿਆ ਕਿ ਹਾਈ ਕੋਰਟ ਨੇ ਉਸ ਨੂੰ ਸਿਰਫ਼ ਅੰਤਰਿਮ ਰਾਹਤ ਦੇਣ ਤੋਂ ਇਨਕਾਰ ਕੀਤਾ ਸੀ। ਬੈਂਚ ਨੇ ਕਿਹਾ ਕਿ ਜਾਓ ਤੇ ਅੰਤ ਵਿਚ (ਹਾਈ ਕੋਰਟ ਦੇ ਸਾਹਮਣੇ) ਇਸ ਮਾਮਲੇ ’ਤੇ ਬਹਿਸ ਕਰੋ। ਵਕੀਲ ਨੇ ਜਦੋਂ ਕਿਹਾ ਕਿ ਸਬੰਧਤ ਧਿਰਾਂ ਨੇ ਉਸ ਦੀ ਪਟੀਸ਼ਨ ’ਤੇ ਹਾਈ ਕੋਰਟ ਦੇ ਸਾਹਮਣੇ ਪਹਿਲਾਂ ਹੀ ਆਪਣੇ ਹਲਫ਼ਨਾਮੇ ਦਾਇਰ ਕਰ ਦਿੱਤੇ ਹਨ, ਤਾਂ ਬੈਂਚ ਨੇ ਕਿਹਾ ਕਿ ਹਲਫ਼ਨਾਮਿਆਂ ’ਤੇ ਵਿਚਾਰ ਕਰਨ ਤੋਂ ਬਾਅਦ, ਹਾਈ ਕੋਰਟ ਫ਼ੈਸਲਾ ਕਰੇਗੀ। ਸਿਖਰਲੀ ਅਦਾਲਤ ਨੇ ਪਾਇਆ ਕਿ ਹਲਫ਼ਨਾਮੇ ਦੇ ਅਨੁਸਾਰ, ਸਲੇਮ 19 ਸਾਲ ਕੈਦ ਦੀ ਸਜ਼ਾ ਕੱਟ ਚੁੱਕਾ ਹੈ।

ਸਲੇਮ ਦੇ ਵਕੀਲ ਨੇ ਜਦੋਂ ਦਲੀਲ ਦਿੱਤੀ ਕਿ ਉਨ੍ਹਾਂ ਦਾ ਮੁਵੱਕਿਲ 10 ਮਹੀਨਿਆਂ ਤੋਂ ਵੱਧ ਸਮੇਂ ਤੱਕ ‘ਗੈਰ-ਕਾਨੂੰਨੀ ਹਿਰਾਸਤ’ ’ਚ ਰਿਹਾ ਹੈ, ਤਾਂ ਜਸਟਿਸ ਨਾਥ ਨੇ ਕਿਹਾ ਕਿ ਤੁਹਾਨੂੰ (ਸਲੇਮ) ਸਮਾਜ ਲਈ ਕੁਝ ਵੀ ਚੰਗਾ ਨਾ ਕਰਨ ਲਈ 25 ਸਾਲ ਦੀ ਸਜ਼ਾ ਦਿੱਤੀ ਗਈ ਹੈ। ਤੁਹਾਨੂੰ ਟਾਡਾ ਦੇ ਤਹਿਤ ਦੋਸ਼ੀ ਠਹਿਰਾਇਆ ਗਿਆ ਹੈ। ਬੈਂਚ ਨੇ ਪਟੀਸ਼ਨ ਨੂੰ ਵਾਪਸ ਲਿਆ ਹੋਇਆ ਮੰਨ ਕੇ ਰੱਦ ਕਰ ਦਿੱਤਾ ਅਤੇ ਸਲੇਮ ਨੂੰ ਪੈਂਡਿੰਗ ਮਾਮਲੇ ਦੀ ਛੇਤੀ ਸੁਣਵਾਈ ਅਤੇ ਨਿਪਟਾਰੇ ਲਈ ਹਾਈ ਕੋਰਟ ’ਚ ਜਾਣ ਦੀ ਆਜ਼ਾਦੀ ਦੇ ਦਿੱਤੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News