ਸੀ. ਪੀ. ਆਰ. : ਉਹ ਅੰਪਾਇਰ ਜੋ ਸਿਆਸੀ ਖੇਡ ਨਹੀਂ ਖੇਡੇਗਾ
Thursday, Sep 11, 2025 - 11:42 PM (IST)

ਨੈਸ਼ਨਲ ਡੈਸਕ- ਜਦੋਂ ਸੀ. ਪੀ. ਰਾਧਾਕ੍ਰਿਸ਼ਨਨ ਉਪ-ਰਾਸ਼ਟਰਪਤੀ ਦੇ ਦਫ਼ਤਰ ’ਚ ਦਾਖਲ ਹੋਣਗੇ, ਤਾਂ ਉਹ ਆਪਣੇ ਨਾਲ 4 ਦਹਾਕਿਆਂ ’ਚ ਬਣਿਆ ਇਕ ਅਕਸ ਲੈ ਕੇ ਜਾਣਗੇ- ਭਾਵਨਾ ਨਾਲ ਤਾਂ ਖਿਡਾਰੀ ਹੋਣ ਦਾ ਪਰ ਸਿਆਸਤ ਦੀ ਖੇਡ ਨਾ ਖੇਡਣ ਦਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੀਤੇ ਦਿਨੀਂ ਰਾਜਗ ਦੀ ਸੰਸਦੀ ਬੈਠਕ ’ਚ ਇਸ ਨੂੰ ਬੜੀ ਹੀ ਸਫਾਈ ਨਾਲ ਕਿਹਾ- ਰਾਧਾਕ੍ਰਿਸ਼ਨਨ ‘ਖੇਡਾਂ ਨਾਲ ਪਿਆਰ ਕਰਦੇ ਹਨ ਪਰ ਸਿਆਸਤ ’ਚ ਖੇਡ ਨਹੀਂ ਖੇਡਦੇ।’
ਇਹ ਟਿੱਪਣੀ ਸਿਰਫ ਇਕ ਤਾਰੀਫ ਨਾਲੋਂ ਕਿਤੇ ਵਧ ਕੇ ਸੀ। ਇਹ ਇਕ ਸ਼ਾਂਤ ਭਰੋਸਾ ਵੀ ਸੀ ਕਿ ਹੁਣ ਰਾਜ ਸਭਾ ਦੀ ਚੇਅਰਮੈਨੀ ਕਰ ਰਿਹਾ ਵਿਅਕਤੀ ਆਪਣੇ ਤੋਂ ਪਹਿਲੇ ਚੇਅਰਮੈਨ ਜਗਦੀਪ ਧਨਖੜ ਨਾਲੋਂ ਬਿਲਕੁੱਲ ਵੱਖ ਹੈ, ਜਿਨ੍ਹਾਂ ਨੇ ਸੱਤਾਧਿਰ ਪਾਰਟੀ ਨਾਲ ਤਣਾਅ ਭਰੇ ਸਬੰਧਾਂ ਅਤੇ ਮਹਾਦੋਸ਼ ਦੇ ਸੇਕ ਤੋਂ ਬਚਨ ਲਈ ਵਿਰੋਧੀ ਨੇਤਾਵਾਂ ਨਾਲ ਨੇੜਤਾ ਵਧਾਉਣ ਦੀਆਂ ਖਬਰਾਂ ਦਰਮਿਆਨ ਅਸਤੀਫਾ ਦੇ ਦਿੱਤਾ ਸੀ। ਜੇ ਧਨਖੜ ’ਤੇ ਵੱਖ-ਵੱਖ ਪਾਰਟੀਆਂ ਦੇ ਖੇਮਿਆਂ ’ਚ ਜਾਣ ਦਾ ਦੋਸ਼ ਲਾਇਆ ਗਿਆ ਸੀ, ਤਾਂ ਰਾਧਾਕ੍ਰਿਸ਼ਨਨ ਨੂੰ ਇਕ ਸਿੱਧੇ-ਸਾਦੇ ਖਿਡਾਰੀ ਵਜੋਂ ਪੇਸ਼ ਕੀਤਾ ਜਾ ਰਿਹਾ ਹੈ- ਕੋਈ ਚਾਲਬਾਜ਼ੀ ਨਹੀਂ, ਕੋਈ ਬੇਈਮਾਨੀ ਨਹੀਂ।
ਤਾਮਿਲਨਾਡੂ ਭਾਜਪਾ ਦੇ ਸਾਬਕਾ ਪ੍ਰਧਾਨ ਅਤੇ ਸਾਰੀ ਉਮਰ ਆਰ. ਐੱਸ. ਐੱਸ. ਦੇ ਵਰਕਰ ਰਹੇ ਰਾਧਾਕ੍ਰਿਸ਼ਨਨ ਨੇ ਆਪਣੀ ਸਾਦਗੀ ਭਰੀ ਜੀਵਨਸ਼ੈਲੀ, ਬੇਦਾਗ ਅਕਸ ਅਤੇ ਸੰਗਠਨ ਪ੍ਰਤੀ ਵਫਾਦਾਰੀ ਨਾਲ ਆਪਣੀ ਪਛਾਣ ਬਣਾਈ ਹੈ। ਜਨਸੰਘ ਦੇ ਦਿਨਾਂ ਤੋਂ ਲੈ ਕੇ ਮਹਾਰਾਸ਼ਟਰ ਦੇ ਰਾਜਪਾਲ ਅਹੁਦੇ ਤੱਕ, ਉਹ ਧੜੇਬੰਦੀ ਝਗੜਿਆਂ ਅਤੇ ਸਾਜ਼ਿਸ਼ਾਂ ਤੋਂ ਦੂਰ ਰਹੇ ਹਨ, ਜੋ ਦਿੱਲੀ ਦੇ ਸੱਤਾ ਦੇ ਗਲਿਆਰਿਆਂ ’ਚ ਵਿਲੱਖਣ ਗੁਣ ਹੈ।
ਉਪ-ਰਾਸ਼ਟਰਪਤੀ ਵਜੋਂ, ਉਨ੍ਹਾਂ ਨੂੰ ਡੂੰਘੇ ਵੰਡੇ ਹੋਏ ਉੱਪਰਲੇ ਸਦਨ ਨੂੰ ਚਲਾਉਣ ਲਈ ਇਨ੍ਹਾਂ ਗੁਣਾਂ ਦੀ ਲੋੜ ਹੋਵੇਗੀ। ਸਹਿਯੋਗੀਆਂ ਦਾ ਕਹਿਣਾ ਹੈ ਕਿ ਉਹ ਖਿਡਾਰੀ ਨਾਲੋਂ ਜ਼ਿਆਦਾ ‘ਅੰਪਾਇਰ’ ਹਨ, ਜੋ ਦ੍ਰਿੜ, ਨਿਰਪੱਖ ਅਤੇ ਨਿਯਮਾਂ ਨੂੰ ਨਾ ਤੋਡ਼ਨ ਵਾਲੇ ਹਨ। ਤਿੱਖੇ ਸਿਆਸੀ ਦਾਅ-ਪੇਚ ਦੇ ਇਸ ਦੌਰ ’ਚ, ਰਾਧਾਕ੍ਰਿਸ਼ਨਨ ਦੀ ਸਭ ਤੋਂ ਵੱਡੀ ਤਾਕਤ ਸ਼ਾਇਦ ਇਹੀ ਹੈ ਕਿ ਉਹ ‘ਖੇਡਣ ਤੋਂ ਇਨਕਾਰ ਕਰਦੇ ਹਨ।’