ਜ਼ਿਆਦਾ ਨਮਕ ਖਾਣ ਨਾਲ ਸਿਰਫ ਬੀ. ਪੀ. ਨਹੀਂ ਡਾਇਬਟੀਜ਼ ਹੋਣ ਦਾ ਵੀ ਖਤਰਾ
Tuesday, Sep 26, 2017 - 04:33 AM (IST)
ਨਵੀਂ ਦਿੱਲੀ - ਨਮਕ ਸਾਡੀ ਸਿਹਤ ਲਈ ਕਿੰਨਾ ਜ਼ਰੂਰੀ ਹੈ, ਇਸ ਤੋਂ ਕੋਈ ਅਣਜਾਣ ਨਹੀਂ ਹੈ। ਇਹ ਸਰੀਰ ਵਿਚ ਕਈ ਤਰ੍ਹਾਂ ਦੀਆਂ ਅਹਿਮ ਲੋੜਾਂ ਦੀ ਪੂਰਤੀ ਕਰਦਾ ਹੈ ਪਰ ਜ਼ਿਆਦਾ ਖਾਣ ਨਾਲ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੁੰਦੀ ਹੈ, ਇਹ ਤਾਂ ਸਭ ਜਾਣਦੇ ਹਨ।
ਹਾਲ ਹੀ ਵਿਚ ਹੋਈ ਇਕ ਖੋਜ ਵਿਚ ਪਤਾ ਲੱਗਾ ਹੈ ਕਿ ਜ਼ਿਆਦਾ ਨਮਕ ਖਾਣ ਨਾਲ ਡਾਇਬਟੀਜ਼ ਹੋਣ ਦਾ ਖਤਰਾ ਵੀ ਵਧ ਜਾਂਦਾ ਹੈ। ਹਰੇਕ 2.5 ਗ੍ਰਾਮ ਵੱਧ ਨਮਕ ਦੇ ਸੇਵਨ ਨਾਲ ਟਾਈਪ-2 ਡਾਇਬਟੀਜ਼ ਦਾ ਖਤਰਾ 43 ਫੀਸਦੀ ਤੱਕ ਵਧ ਜਾਂਦਾ ਹੈ। ਸਵੀਡਨ ਦੇ ਇੰਸਟੀਚਿਊਟ ਆਫ ਇਨਵਾਇਰਮੈਂਟਲ ਮੈਡੀਸਨ ਦੀ ਇਸ ਖੋਜ ਵਿਚ ਦੱਸਿਆ ਗਿਆ ਕਿ ਜੋ ਲੋਕ ਹਰ ਦਿਨ ਲਗਭਗ 7.3 ਗ੍ਰਾਮ ਨਮਕ ਦਾ ਸੇਵਨ ਕਰਦੇ ਹਨ, ਇਨ੍ਹਾਂ ਵਿਚ ਉਨ੍ਹਾਂ ਲੋਕਾਂ ਦੇ ਮੁਕਾਬਲੇ ਡਾਇਬਟੀਜ਼ ਦਾ ਖਤਰਾ ਜ਼ਿਆਦਾ ਹੁੰਦਾ ਹੈ, ਜੋ ਲੋਕ ਹਰ ਦਿਨ 6 ਗ੍ਰਾਮ ਤੱਕ ਨਮਕ ਦਾ ਸੇਵਨ ਕਰਦੇ ਹਨ। ਖੋਜਕਾਰਾਂ ਦਾ ਕਹਿਣਾ ਹੈ ਕਿ ਨਮਕ 'ਚ ਮੌਜੂਦ ਸੋਡੀਅਮ ਇੰਸੁਲਿਨ ਪ੍ਰਤੀਰੋਧ 'ਤੇ ਸਿੱਧਾ ਅਸਰ ਪਾਉਂਦਾ ਹੈ। ਇਸ ਕਾਰਨ ਹਾਈ ਬਲੱਡ ਪ੍ਰੈਸ਼ਰ ਅਤੇ ਭਾਰ ਵਧਣ ਵਰਗੀਆਂ ਸਮੱਸਿਆਵਾਂ ਪੈਦਾ ਹੁੰਦੀਆਂ ਹਨ। ਜ਼ਿਆਦਾ ਮਾਤਰਾ ਵਿਚ ਨਮਕ ਦਾ ਸੇਵਨ ਬਾਲਗਾਂ ਵਿਚ ਲੇਟੈਂਟ ਆਟੋਇਮਿਊਨ ਡਾਇਬਟੀਜ਼ ਦਾ ਖਤਰਾ ਵਧਾ ਦਿੰਦਾ ਹੈ।
