ਕਾਰੋਬਾਰੀ ਮਨੀਸ਼ ਦੀ ਪੋਸਟਮਾਰਟਮ ਰਿਪੋਰਟ ਨੇ ਕੀਤਾ ਹੈਰਾਨ, ਸਰੀਰ ’ਤੇ ਮਿਲੇ ਗੰਭੀਰ ਸੱਟਾਂ ਦੇ ਨਿਸ਼ਾਨ

Thursday, Sep 30, 2021 - 04:33 PM (IST)

ਕਾਨਪੁਰ— ਕਾਨਪੁਰ ਦੇ ਕਾਰੋਬਾਰੀ ਮਨੀਸ਼ ਗੁਪਤਾ ਦੀ ਮੌਤ ਦਾ ਮਾਮਲਾ ਗਰਮਾਉਂਦਾ ਜਾ ਰਿਹਾ ਹੈ। ਇਸ ਮਾਮਲੇ ਵਿਚ ਕਾਰੋਬਾਰੀ ਮਨੀਸ਼ ਦੀ ਪੋਸਟਮਾਰਟਮ ਰਿਪੋਰਟ ਸਾਹਮਣੇ ਆਈ ਹੈ, ਜਿਸ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਪੋਸਟਮਾਰਟਮ ਰਿਪੋਰਟ ’ਚ ਪਤਾ ਲੱਗਾ ਹੈ ਕਿ ਮਨੀਸ਼ ਦੇ ਸਿਰ, ਚਿਹਰੇ ਅਤੇ ਸਰੀਰ ’ਤੇ ਗੰਭੀਰ ਸੱਟਾਂ ਦੇ ਨਿਸ਼ਾਨ ਹਨ। ਉੱਥੇ ਹੀ ਮਿ੍ਰਤਕ ਕਾਰੋਬਾਰੀ ਦਾ ਪਰਿਵਾਰ ਅੱਜ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨਾਲ ਮੁਲਾਕਾਤ ਕਰੇਗਾ। ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਇਹ ਕਤਲ ਹੈ, ਜਿਸ ਨੂੰ 6 ਪੁਲਸ ਮੁਲਾਜ਼ਮਾਂ ਨੇ ਮਿਲ ਕੇ ਅੰਜ਼ਾਮ ਦਿੱਤਾ। ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਮਾਮਲੇ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ। ਮਿ੍ਰਤਕ ਦੀ ਪਤਨੀ ਦਾ ਦੋਸ਼ ਹੈ ਕਿ ਡੀ. ਐੱਮ. ਅਤੇ ਐੱਸ. ਐੱਸ. ਪੀ. ’ਤੇ ਭਰੋਸਾ ਨਹੀਂ ਹੈ, ਉਨ੍ਹਾਂ ’ਤੇ ਕਾਰਵਾਈ ਹੋਣੀ ਚਾਹੀਦੀ ਹੈ। ਨਾਲ ਹੀ ਪੂਰੇ ਮਾਮਲੇ ਦੀ ਜਾਂਚ ਸੀ. ਬੀ. ਆਈ. ਤੋਂ ਕਰਵਾਈ ਜਾਵੇ।

PunjabKesari

ਜਾਣੋ ਕੀ ਹੈ ਮਾਮਲਾ—
ਜ਼ਿਕਰਯੋਗ ਹੈ ਕਿ ਸੋਮਵਾਰ ਰਾਤ ਗੋਰਖਪੁਰ ਜ਼ਿਲ੍ਹੇ ਦੇ ਰਾਮਗੜ੍ਹਤਾਲ ਥਾਣਾ ਖੇਤਰ ਵਿਚ ਇਕ ਹੋਟਲ ’ਚ ਕਾਨਪੁਰ ਵਾਸੀ 36 ਸਾਲਾ ਰਿਅਲ ਅਸਟੇਟ ਕਾਰੋਬਾਰੀ ਮਨੀਸ਼ ਗੁਪਤਾ ਆਪਣੇ 2 ਦੋਸਤਾਂ ਪ੍ਰਦੀਪ ਅਤੇ ਹਰੀ ਚੌਹਾਨ ਨਾਲ ਠਹਿਰੇ ਸਨ। ਦੇਰ ਰਾਤ ਪੁਲਸ ਹੋਟਲ ’ਚ ਨਿਰੀਖਣ ਕਰਨ ਲਈ ਪੁੱਜੀ ਸੀ। ਨਿਰੀਖਣ ਦੌਰਾਨ ਇਹ ਵੇਖਿਆ ਗਿਆ ਕਿ 3 ਲੋਕ ਗੋਰਖਪੁਰ ਦੇ ਸਿਕਰੀਗੰਜ ਸਥਿਤ ਮਹਾਦੇਵ ਬਜ਼ਾਰ ਦੇ ਵਾਸੀ ਚੰਦਨ ਸੈਨੀ ਦੇ ਪਹਿਚਾਣ ਪੱਤਰ ਦੇ ਆਧਾਰ ’ਤੇ ਇਕ ਕਮਰੇ ਵਿਚ ਠਹਿਰੇ ਹੋਏ ਹਨ। ਸ਼ੱਕ ਹੋਣ ’ਤੇ ਪੁੱਛ-ਗਿੱਛ ਦੌਰਾਨ ਪੁਲਸ ਵਲੋਂ ਕੁੱਟਮਾਰ ਮਗਰੋਂ ਜ਼ਖਮੀ ਮਨੀਸ਼ ਦੀ ਸ਼ੱਕੀ ਹਾਲਾਤ ਵਿਚ ਗੋਰਖਪੁਰ ਮੈਡੀਕਲ ਕਾਲਜ ’ਚ ਮੌਤ ਹੋ ਗਈ। 

PunjabKesari

ਓਧਰ ਮਨੀਸ਼ ਦੀ ਪਤਨੀ ਮੀਨਾਕਸ਼ੀ ਨੇ ਪੁਲਸ ’ਤੇ ਕੁੱਟਮਾਰ ਦਾ ਦੋਸ਼ ਲਾਉਂਦੇ ਹੋਏ ਕਿਹਾ ਕਿ ਇਸ ਵਜ੍ਹਾ ਤੋਂ ਉਨ੍ਹਾਂ ਦੇ ਪਤੀ ਦੀ ਮੌਤ ਹੋ ਗਈ। ਹਾਲਾਂਕਿ ਪੁਲਸ ਨੇ ਇਸ ਦੋਸ਼ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ ਮਨੀਸ਼ ਨਸ਼ੇ ਦੀ ਹਾਲਤ ਵਿਚ ਸੀ ਅਤੇ ਪੁੱਛ-ਗਿੱਛ ਦੌਰਾਨ ਜ਼ਮੀਨ ’ਤੇ ਡਿੱਗਣ ਕਾਰਨ ਉਸ ਦੇ ਸਿਰ ’ਚ ਸੱਟ ਲੱਗ ਗਈ ਸੀ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਮਨੀਸ਼ ਨਾਲ ਕਮਰੇ ਵਿਚ ਠਹਿਰੇ ਉਸ ਦੇ ਦੋਸਤਾਂ ਨੇ ਦੱਸਿਆ ਕਿ ਉਹ ਲੋਕ ਗੋਰਖਪੁਰ ਦੇ ਰਹਿਣ ਵਾਲੇ ਕਾਰੋਬਾਰੀ ਚੰਦਨ ਸੈਨੀ ਦੇ ਬੁਲਾਵੇ ’ਤੇ ਆਏ ਸਨ। ਇਸ ਮਾਮਲੇ ’ਚ ਸੀਨੀਅਰ ਪੁਲਸ ਸੁਪਰਡੈਂਟ ਨੇ ਰਾਮਗੜ੍ਹਤਾਲ ਦੇ ਥਾਣਾ ਮੁਖੀ ਅਕਸ਼ੇ ਮਿਸ਼ਰਾ ਸਮੇਤ 6 ਪੁਲਸ ਮੁਲਾਜ਼ਮਾਂ ਨੂੰ ਮੰਗਲਵਾਰ ਨੂੰ ਹੀ ਮੁਅੱਤਲ ਕਰ ਕੇ ਮਾਮਲੇ ਦੀ ਜਾਂਚ ਸੌਂਪੀ ਹੈ। ਇਸ ਮਾਮਲੇ ਵਿਚ ਦੋਸ਼ੀ 6 ਪੁਲਸ ਮੁਲਾਜ਼ਮਾਂ ਖ਼ਿਲਾਫ਼ ਕਤਲ ਦਾ ਮੁਕੱਦਮਾ ਵੀ ਦਰਜ ਕੀਤਾ ਗਿਆ ਹੈ।


Tanu

Content Editor

Related News