ਹੁਣ ਬੱਸ 'ਤੇ ਕਰੋ ਦਿੱਲੀ ਤੋਂ ਲੰਡਨ ਤੱਕ ਦਾ ਸਫ਼ਰ, 15 ਲੱਖ ਹੋਵੇਗਾ ਕਿਰਾਇਆ

08/22/2020 2:40:36 PM

ਨਵੀਂ ਦਿੱਲੀ- ਜੇਕਰ ਤੁਸੀਂ ਵੀ ਘੁੰਮਣ ਦਾ ਸ਼ੌਂਕ ਰੱਖਦੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਹੈ। ਹਮੇਸ਼ਾ ਦਿੱਲੀ ਤੋਂ ਲੰਡਨ ਜਾਣ ਲਈ ਲੋਕ ਹਵਾਈ ਜਹਾਜ਼ ਦੀ ਵਰਤੋਂ ਕਰਦੇ ਹਨ ਪਰ ਹੁਣ ਤੁਸੀਂ ਸੜਕ ਦੇ ਰਸਤੇ ਵੀ ਦਿੱਲੀ ਤੋਂ ਲੰਡਨ ਜਾ ਸਕੋਗੇ। ਗੁੜਗਾਂਵ ਦੀ ਨਿੱਜੀ ਟਰੈਵਲਰ ਕੰਪਨੀ ਨੇ 15 ਅਗਸਤ ਨੂੰ ਇਕ ਬੱਸ ਲਾਂਚ ਕੀਤੀ, ਜਿਸ ਦਾ ਨਾਂ 'ਬੱਸ ਟੂ ਲੰਡਨ' ਹੈ। ਇਸ ਬੱਸ ਦੇ ਮਾਧਿਅਮ ਨਾਲ 70 ਦਿਨਾਂ 'ਚ ਤੁਸੀਂ ਦਿੱਲੀ ਤੋਂ ਲੰਡਨ ਪਹੁੰਚ ਸਕਦੇ ਹੋ, ਉਹ ਵੀ ਸੜਕ ਦੇ ਰਸਤੇ ਇਹ ਸਫ਼ਰ ਇਕ ਪਾਸੜ ਹੋਵੇਗਾ।

18 ਦੇਸ਼ਾਂ ਤੋਂ ਹੋ ਕੇ ਲੰਘੇਗੀ ਬੱਸ
70 ਦਿਨਾਂ ਦੇ ਦਿੱਲੀ ਤੋਂ ਲੰਡਨ ਦੇ ਸਫ਼ਰ 'ਚ ਤੁਹਾਨੂੰ 18 ਦੇਸ਼ਾਂ ਤੋਂ ਹੋ ਕੇ ਲੰਘਣਾ ਪਵੇਗਾ। ਜਿਸ 'ਚ ਇੰਡੀਆ, ਮਿਆਂਮਾਰ, ਥਾਈਲੈਂਡ, ਲਾਓਸ, ਚੀਨ, ਕਿਰਗਿਸਤਾਨ, ਉਜਬੇਕਿਸਤਾਨ, ਕਜਾਖਸਤਾਨ, ਰੂਸ, ਲਾਤਵੀਆ, ਲਿਥੁਆਨੀਆ, ਪੋਲੈਂਡ, ਚੈੱਕ ਗਣਰਾਜ, ਜਰਮਨੀ, ਨੀਦਰਲੈਂਡ, ਬੈਲਜ਼ੀਅਮ, ਫਰਾਂਸ ਅਤੇ ਯੂਨਾਈਟੇਡ ਕਿੰਗਡਮ। ਹਾਲਾਂਕਿ ਕਈ ਲੋਕਾਂ ਦੇ ਮਨ 'ਚ ਇਹ ਸਵਾਲ ਹੋਵੇਗਾ ਕਿ ਇਹ ਕਿਵੇਂ ਮੁਮਕਿਨ ਹੋਵੇਗਾ।

ਇਹ ਹੋਣਗੀਆਂ ਸਹੂਲਤਾਂ
ਦਰਅਸਲ ਦਿੱਲੀ ਵਾਸੀ 2 ਸ਼ਖਸ ਤੂਸ਼ਾਰ ਅਤੇ ਸੰਜੇ ਮਦਾਨ, ਦੋਵੇਂ ਪਹਿਲਾਂ ਵੀ ਸੜਕ ਦੇ ਰਸਤੇ ਦਿੱਲੀ ਤੋਂ ਲੰਡਨ ਜਾ ਚੁਕੇ ਹਨ। ਇੰਨਾ ਹੀ ਨਹੀਂ ਦੋਹਾਂ ਨੇ 2017, 2018 ਅਤੇ 2019 'ਚ ਕਾਰ 'ਤੇ ਇਹ ਸਫ਼ਰ ਤੈਅ ਕੀਤਾ ਸੀ। ਉਸੇ ਤਰਜ 'ਤੇ ਇਸ ਵਾਰ 20 ਲੋਕਾਂ ਨਾਲ ਇਹ ਸਫ਼ਰ ਬੱਸ ਤੋਂ ਪੂਰਾ ਕਰਨ ਦੀ ਯੋਜਨਾ ਕੀਤੀ ਹੈ। 'ਬੱਸ ਟੂ ਲੰਡਨ' ਦੇ ਇਸ ਸਫ਼ਰ 'ਚ ਤੁਹਾਨੂੰ ਹਰ ਸਹੂਲਤ ਦਿੱਤੀ ਜਾਵੇਗੀ। ਇਸ ਸਫ਼ਰ ਲਈ ਖਾਸ ਤਰੀਕੇ ਦੀ ਬੱਸ ਤਿਆਰ ਕੀਤੀ ਜਾ ਰਹੀ ਹੈ। ਇਸ ਬੱਸ 'ਚ 20 ਸਵਾਰੀਆਂ ਦੇ ਬੈਠਣ ਦਾ ਇੰਤਜ਼ਾਮ ਹੋਵੇਗਾ ਅਤੇ ਸਾਰੀਆਂ ਸੀਟਾਂ ਬਿਜ਼ਨੈੱਸ ਕਲਾਸ ਦੀਆਂ ਹੋਣਗੀਆਂ।

ਖਰਚ ਕਰਨੇ ਹੋਣਗੇ 15 ਲੱਖ ਰੁਪਏ
ਦੱਸ ਦੇਈਏ ਕਿ ਇਕ ਵਿਅਕਤੀ ਨੂੰ ਇਸ ਸਫ਼ਰ ਲਈ ਵੀਜ਼ੇ ਦੀ ਲੋੜ ਹੋਵੇਗੀ। ਉੱਥੇ ਹੀ ਸਵਾਰੀਆਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਹੋਵੇ, ਇਸ ਲਈ ਇਹ ਟਰੈਵਲਰ ਕੰਪਨੀ ਹੀ ਤੁਹਾਡੇ ਵੀਜ਼ਾ ਦਾ ਪੂਰਾ ਇੰਤਜ਼ਾਮ ਕਰੇਗੀ। 'ਬੱਸ ਟੂ ਲੰਡਨ' ਦੇ ਇਸ ਸਫ਼ਰ ਲਈ 4 ਕੈਟੇਗਰੀ ਚੁਣੀਆਂ ਗਈਆਂ ਹਨ। ਕਿਸੇ ਕੋਲ ਸਮੇਂ ਦੀ ਕਮੀ ਹੈ ਅਤੇ ਉਹ ਲੰਡਨ ਤੱਕ ਦਾ ਸਫ਼ਰ ਨਹੀਂ ਪੂਰਾ ਕਰ ਸਕਦਾ ਅਤੇ ਉਹ ਹੋਰ ਦੇਸ਼ਾਂ ਨੂੰ ਘੁੰਮਣਾ ਚਾਹੁੰਦੇ ਹਨ ਤਾਂ ਉਹ ਹੋਰ ਕੈਟੇਗਰੀ ਨੂੰ ਚੁਣ ਸਕਦਾ ਹੈ। ਹਰ ਇਕ ਕੈਟੇਗਰੀ ਲਈ ਤੁਹਾਨੂੰ ਵੱਖ-ਵੱਖ ਕੀਮਤ ਚੁਕਾਉਣੀ ਪਵੇਗੀ। ਦਿੱਲੀ ਤੋਂ ਲੰਡਨ ਤੱਕ ਦੇ ਸਫ਼ਰ ਲਈ ਤੁਹਾਨੂੰ 15 ਲੱਖ ਰੁਪਏ ਖਰਚ ਕਰਨੇ ਹੋਣਗੇ। ਇਸ ਟੂਰ ਲਈ ਤੁਹਾਨੂੰ ਈ.ਐੱਮ.ਆਈ. ਦਾ ਬਦਲ ਵੀ ਦਿੱਤਾ ਜਾਵੇਗਾ। 


DIsha

Content Editor

Related News