ਮਹਾਕੁੰਭ ਜਾ ਰਹੇ ਸ਼ਰਧਾਲੂਆਂ ਦੀ ਕਾਰ ਨਾਲ ਟਕਰਾਈ ਬੇਕਾਬੂ ਬੱਸ, 8 ਦੀ ਮੌਤ
Friday, Feb 07, 2025 - 01:13 AM (IST)
![ਮਹਾਕੁੰਭ ਜਾ ਰਹੇ ਸ਼ਰਧਾਲੂਆਂ ਦੀ ਕਾਰ ਨਾਲ ਟਕਰਾਈ ਬੇਕਾਬੂ ਬੱਸ, 8 ਦੀ ਮੌਤ](https://static.jagbani.com/multimedia/2025_2image_01_13_132216568bgui.jpg)
ਜੈਪੁਰ, (ਭਾਸ਼ਾ)- ਰਾਜਧਾਨੀ ਜੈਪੁਰ ਦੇ ਦੂਦੂ ਇਲਾਕੇ ਤੋਂ ਇਕ ਦਰਦਨਾਕ ਸੜਕ ਹਾਦਸੇ ਦੀ ਖ਼ਬਰ ਆਈ ਹੈ। ਦੂਦੂ ਨੇੜੇ ਐੱਨ. ਐੱਚ.-48 ਦੇ ਮੋਖਮਪੁਰਾ ਇਲਾਕੇ ਵਿਚ ਇਕ ਕਾਰ ਅਤੇ ਰੋਡਵੇਜ਼ ਬੱਸ ਵਿਚਕਾਰ ਭਿਆਨਕ ਟੱਕਰ ਹੋ ਗਈ, ਜਿਸ ਕਾਰਨ ਕਾਰ ਵਿਚ ਸਵਾਰ 8 ਲੋਕਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਹਾਦਸੇ ਦੀ ਸੂਚਨਾ ਮਿਲਦੇ ਹੀ ਮੋਖਮਪੁਰਾ ਥਾਣਾ ਪੁਲਸ ਮੌਕੇ ’ਤੇ ਪਹੁੰਚ ਗਈ ਅਤੇ ਕਾਰ ਵਿਚੋਂ ਲਾਸ਼ਾਂ ਨੂੰ ਕੱਢਣ ਦਾ ਕੰਮ ਸ਼ੁਰੂ ਕਰ ਦਿੱਤਾ। ਜਾਣਕਾਰੀ ਮੁਤਾਬਕ ਸਾਰੇ ਮ੍ਰਿਤਕ ਭੀਲਵਾੜਾ ਜ਼ਿਲੇ ਦੇ ਕੋਟਡੀ ਇਲਾਕੇ ਦੇ ਰਹਿਣ ਵਾਲੇ ਹਨ ਅਤੇ ਯੂ. ਪੀ. ਦੇ ਪ੍ਰਯਾਗਰਾਜ ਵਿਚ ਚੱਲ ਰਹੇ ਮਹਾਕੁੰਭ ਵਿਚ ਇਸ਼ਨਾਨ ਕਰਨ ਜਾ ਰਹੇ ਸਨ।
ਚਸ਼ਮਦੀਦਾਂ ਮੁਤਾਬਕ ਟਾਇਰ ਫਟਣ ਤੋਂ ਬਾਅਦ ਰੋਡਵੇਜ਼ ਬੱਸ ਬੇਕਾਬੂ ਹੋ ਗਈ ਅਤੇ ਇਹ ਡਿਵਾਈਡਰ ਪਾਰ ਕਰ ਕੇ ਦੂਜੀ ਲੇਨ ਵਿਚ ਦਾਖਲ ਹੋ ਗਈ ਅਤੇ ਸਾਹਮਣਿਓਂ ਆ ਰਹੀ ਕਾਰ ਨਾਲ ਟਕਰਾ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਤੇ ਉਸ ਵਿਚ ਸਵਾਰ ਲੋਕਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਮੋਖਮਪੁਰਾ ਥਾਣਾ ਪੁਲਸ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਕੀਤੀ ਜਾ ਰਹੀ ਹੈ। ਸ਼ੁਰੂਆਤੀ ਜਾਂਚ ਵਿਚ ਹਾਦਸੇ ਦਾ ਕਾਰਨ ਬੱਸ ਦਾ ਟਾਇਰ ਫਟਣਾ ਅਤੇ ਤੇਜ਼ ਰਫਤਾਰ ਮੰਨਿਆ ਜਾ ਰਿਹਾ ਹੈ। ਇਸ ਭਿਆਨਕ ਹਾਦਸੇ ਵਿਚ ਮਾਰੇ ਗਏ ਲੋਕਾਂ ਦੀ ਪਛਾਣ ਦਿਨੇਸ਼ ਕੁਮਾਰ ਰੇਗਰ, ਬਬਲੂ ਮੇਵਾੜਾ, ਕਿਸ਼ਨ, ਰਵੀਕਾਂਤ, ਬਾਬੂ ਰੇਗਰ, ਨਾਰਾਇਣ ਵਜੋਂ ਹੋਈ ਹੈ। ਇਕ ਲਾਸ਼ ਦੀ ਪਛਾਣ ਅਜੇ ਨਹੀਂ ਹੋ ਸਕੀ ਹੈ।