ਹਿਮਾਚਲ: ਬੇਕਾਬੂ ਹੋ ਕੇ ਬੱਸ ਪਹਾੜੀ ’ਤੇ ਲਟਕੀ, ਅਟਕੇ 30 ਯਾਤਰੀਆਂ ਦੇ ਸਾਹ (ਤਸਵੀਰਾਂ)

Saturday, Feb 12, 2022 - 10:56 AM (IST)

ਹਿਮਾਚਲ: ਬੇਕਾਬੂ ਹੋ ਕੇ ਬੱਸ ਪਹਾੜੀ ’ਤੇ ਲਟਕੀ, ਅਟਕੇ 30 ਯਾਤਰੀਆਂ ਦੇ ਸਾਹ (ਤਸਵੀਰਾਂ)

ਕੁੱਲੂ— ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ ਦੀ ਸੈਂਜ ਘਾਟੀ ਦੇ ਅਧੀਨ ਆਉਂਦੀ ਰੈਲਾ ਪੰਚਾਇਤ ਦੇ ਟਮੁਹਲ ਪਿੰਡ ਕੋਲ ਇਕ ਬੱਸ ਹਾਦਸੇ ਦੀ ਸ਼ਿਕਾਰ ਹੋ ਗਈ। ਗਨੀਮਤ ਇਹ ਰਹੀ ਕਿ ਹਾਦਸੇ ਦੌਰਾਨ ਯਾਤਰੀਆਂ ਨਾਲ ਭਰੀ ਬੱਸ ਪਹਾੜੀ ਦੇ ਉੱਪਰ ਹੀ ਲਟਕ ਗਈ, ਜਿਸ ਕਾਰਨ ਬੱਸ ਖੱਡ ’ਚ ਡਿੱਗਣ ਤੋਂ ਵਾਲ-ਵਾਲ ਬਚ ਗਈ। ਜੇਕਰ ਬੱਸ ਪਹਾੜੀ ਤੋਂ ਥੋੜ੍ਹੀ ਜਿਹੀ ਹੋਰ ਅੱਗੇ ਖਿਸਕ ਜਾਂਦੀ ਤਾਂ ਵੱਡਾ ਹਾਦਸਾ ਵਾਪਰ ਸਕਦਾ ਸੀ। ਘਟਨਾ ਸ਼ੁੱਕਰਵਾਰ ਸ਼ਾਮ ਸਾਢੇ 5 ਵਜੇ ਦੀ ਹੈ।

PunjabKesari

ਦਰਅਸਲ ਐੱਚ. ਆਰ. ਟੀ. ਸੀ. ਕੁੱਲੂ ਡਿਪੋ ਦੀ ਇਹ ਬੱਸ ਕੁੱਲੂ ਤੋਂ ਰੈਲਾ ਵੱਲ ਜਾ ਰਹੀ ਸੀ। ਬੱਸ ਦਾ ਆਖ਼ਰੀ ਸਟੇਸ਼ਨ ਸ਼ਾਰਨ ਸੀ ਪਰ ਸ਼ਾਰਨ ਤੋਂ ਕਰੀਬ 6 ਕਿਲੋਮੀਟਰ ਪਹਿਲਾਂ ਟਮੁਹਲ ਪਿੰਡ ਕੋਲ ਬੱਸ ਅਚਾਨਕ ਬੇਕਾਬੂ ਹੋ ਕੇ ਸੜਕ ਤੋਂ ਬਾਹਰ ਨਿਕਲ ਕੇ ਪਹਾੜੀ ’ਤੇ ਲਟਕ ਗਈ। ਬੱਸ ’ਚ ਕਰੀਬ 30 ਯਾਤਰੀ ਸਵਾਰ ਸਨ। ਡਰਾਈਵਰ ਨੇ ਸੂਝ-ਬੂਝ ਵਿਖਾਉਂਦੇ ਹੋਏ ਬੱਸ ਨੂੰ ਕੰਟਰੋਲ ਕਰ ਲਿਆ ਅਤੇ ਸਾਰੇ ਯਾਤਰੀਆਂ ਨੂੰ ਬੱਸ ’ਚੋਂ ਸੁਰੱਖਿਅਤ ਬਾਹਰ ਕੱਢਿਆ। ਚਸ਼ਮਦੀਦਾਂ ਮੁਤਾਬਕ ਸੜਕ ਤੋਂ ਹੇਠਾਂ ਡੂੰਘੀ ਖੱਡ ਹੈ ਪਰ ਬੱਸ ਪਹਾੜੀ ’ਤੇ ਰੁੱਕ ਗਈ। ਬੱਸ ਦੇ ਪਹਾੜੀ ’ਤੇ ਲਟਕਣ ਨਾਲ ਸਵਾਰੀਆਂ ਵਿਚ ਅਫੜਾ-ਦਫੜੀ ਮਚ ਗਈ ਪਰ ਸਾਰਿਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ।

PunjabKesari

ਉੱਥੇ ਹੀ ਇਸ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਪ੍ਰਸ਼ਾਸਨ ਦੀ ਟੀਮ ਅਤੇ ਸਥਾਨਕ ਵਿਧਾਇਕ ਸੁਰਿੰਦਰ ਸ਼ੌਰੀ ਮੌਕੇ ’ਤੇ ਪਹੁੰਚ ਗਏ ਅਤੇ ਸਥਿਤੀ ਦਾ ਜਾਇਜ਼ਾ ਲਿਆ। ਨਾਇਬ ਤਹਿਸੀਲਦਾਰ ਸੈਂਜ ਹੀਰਾ ਸਿੰਘ ਨਲਵਾ ਨੇ ਦੱਸਿਆ ਕਿ ਸਾਰੇ ਯਾਤਰੀਆਂ ਨੂੰ ਸੁਰੱਖਿਅਤ ਮੰਜ਼ਿਲ ਤੱਕ ਪਹੁੰਚਾਉਣ ਦੀ ਵਿਵਸਥਾ ਕੀਤੀ। ਘਟਨਾ ਵਿਚ 10 ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਜ਼ਖਮੀਆਂ ਨੂੰ ਮੁੱਢਲੇ ਇਲਾਜ ਮਗਰੋਂ ਘਰ ਭੇਜ ਦਿੱਤਾ ਗਿਆ ਹੈ। ਮੈਡੀਕਲ ਅਧਿਕਾਰੀ ਡਾ. ਵਰੁਣ ਨੇ ਦੱਸਿਆ ਕਿ ਡਰਾਈਵਰ ਨੂੰ ਜ਼ੋਨਲ ਹਸਪਤਾਲ ਕੁੱਲੂ ਰੈਫਰ ਕਰ ਦਿੱਤਾ ਗਿਆ ਹੈ। ਵਿਧਾਇਕ ਸ਼ੌਰੀ ਨੇ ਹਾਦਸੇ ਦੀ ਜਾਂਚ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਕਿਹਾ ਕਿ ਹਾਦਸੇ ’ਚ ਜ਼ਖਮੀ ਹੋਏ ਲੋਕਾਂ ਦੀ ਹਰ ਸੰਭਵ ਮਦਦ ਲਈ ਸਿਹਤ ਵਿਭਾਗ ਨੂੰ ਨਿਰਦੇਸ਼ ਦਿੱਤੇ ਗਏ ਹਨ।


author

Tanu

Content Editor

Related News