ਸੰਭਲ ’ਚ 500 ਸਾਲ ਪੁਰਾਣੀ ਮਜ਼ਾਰ ’ਤੇ ਚੱਲਿਆ ਬੁਲਡੋਜ਼ਰ, 100 ਹੈਕਟੇਅਰ ਜ਼ਮੀਨ ਕਬਜ਼ਾ ਮੁਕਤ
Friday, Jun 05, 2026 - 09:10 PM (IST)
ਸੰਭਲ : ਉੱਤਰ ਪ੍ਰਦੇਸ਼ ਦੇ ਸੰਭਲ ਜ਼ਿਲੇ ’ਚ ਸਰਕਾਰੀ ਜ਼ਮੀਨ ’ਤੇ ਕਥਿਤ ਨਾਜਾਇਜ਼ ਕਬਜ਼ਾ ਕਰ ਕੇ ਬਣਾਈ ਗਈ ਇਕ ਮਜ਼ਾਰ ਨੂੰ ਪ੍ਰਸ਼ਾਸਨ ਨੇ ਅਦਾਲਤ ਦੇ ਹੁਕਮ ਤੋਂ ਬਾਅਦ ਢਾਹ ਦਿੱਤਾ। ਕਾਰਵਾਈ ਦੌਰਾਨ ਭਾਰੀ ਪੁਲਸ ਫੋਰਸ ਤਾਇਨਾਤ ਰਹੀ। ਅਧਿਕਾਰੀਆਂ ਅਨੁਸਾਰ, ਗੁੰਨੌਰ ਤਹਿਸੀਲ ਦੇ ਬਾਘਊ ਪਿੰਡ ਸਥਿਤ ਖੇਰੇ ਵਾਲੇ ਬਾਬਾ ਚਮਨ ਸ਼ਾਹ ਬਾਬਾ ਦਰਗਾਹ ਸ਼ਰੀਫ ਮਜ਼ਾਰ ਨੂੰ ਲੈ ਕੇ ਮਾਲ ਵਿਭਾਗ ਨੂੰ ਸਰਕਾਰੀ ਜ਼ਮੀਨ ’ਤੇ ਕਬਜ਼ੇ ਦੀ ਸ਼ਿਕਾਇਤ ਮਿਲੀ ਸੀ। ਜਾਂਚ ਤੋਂ ਬਾਅਦ ਮਾਮਲਾ ਅਦਾਲਤ ’ਚ ਪਹੁੰਚਿਆ, ਜਿੱਥੇ ਕਬਜ਼ੇ ਨੂੰ ਨਾਜਾਇਜ਼ ਮੰਨਦੇ ਹੋਏ ਬੇਦਖਲੀ ਦੇ ਹੁਕਮ ਜਾਰੀ ਕੀਤੇ ਗਏ।
ਜ਼ਿਲਾ ਅਧਿਕਾਰੀ ਅੰਕਿਤ ਖੰਡੇਲਵਾਲ ਨੇ ਦੱਸਿਆ ਕਿ ਸਬੰਧਤ ਧਿਰ ਅਪੀਲ ਦੌਰਾਨ ਆਪਣੇ ਦਾਅਵੇ ਦੇ ਸਮਰਥਨ ’ਚ ਲੋੜੀਂਦੇ ਸਬੂਤ ਪੇਸ਼ ਨਹੀਂ ਕਰ ਸਕੀ, ਜਿਸ ਤੋਂ ਬਾਅਦ ਅਦਾਲਤ ਦੇ ਅੰਤਿਮ ਹੁਕਮ ਦੀ ਪਾਲਣਾ ਕਰਦੇ ਹੋਏ ਨਿਰਮਾਣ ਹਟਾਇਆ ਗਿਆ। ਉੱਥੇ ਹੀ, ਮਜ਼ਾਰ ਦੇ ਮੁਤਵੱਲੀ (ਦੇਖਭਾਲ ਕਰਨ ਵਾਲਾ) ਅਜ਼ੀਜ਼ ਦਾ ਦਾਅਵਾ ਹੈ ਕਿ ਇਹ ਮਜ਼ਾਰ 500 ਤੋਂ 600 ਸਾਲ ਪੁਰਾਣੀ ਸੀ ਅਤੇ ਆਸਪਾਸ ਦੇ ਪਿੰਡਾਂ ਦੇ ਲੋਕ ਲੰਬੇ ਸਮੇਂ ਤੋਂ ਇੱਥੇ ਆਉਂਦੇ ਰਹੇ ਹਨ। ਦੂਜੇ ਪਾਸੇ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਜਾਂਚ ’ਚ ਸਬੰਧਤ ਜ਼ਮੀਨ ’ਤੇ ਲੱਗਭਗ 5 ਸਾਲ ਪਹਿਲਾਂ ਨਾਜਾਇਜ਼ ਕਬਜ਼ਾ ਕਰ ਕੇ ਨਿਰਮਾਣ ਕੀਤੇ ਜਾਣ ਦੇ ਤੱਥ ਸਾਹਮਣੇ ਆਏ ਹਨ।
ਪੁਲਸ ਸੁਪਰਡੈਂਟ ਕ੍ਰਿਸ਼ਨ ਕੁਮਾਰ ਬਿਸ਼ਨੋਈ ਨੇ ਦੱਸਿਆ ਕਿ ਸਰਕਾਰੀ ਜ਼ਮੀਨ ਨੂੰ ਕਬਜ਼ੇ ਤੋਂ ਮੁਕਤ ਕਰਾਉਣ ਦੀ ਮੁਹਿੰਮ ਤਹਿਤ ਜ਼ਿਲੇ ’ਚ ਹੁਣ ਤੱਕ ਲੱਗਭਗ 100 ਹੈਕਟੇਅਰ ਜ਼ਮੀਨ ਕਬਜ਼ਾ ਮੁਕਤ ਕਰਾਈ ਜਾ ਚੁੱਕੀ ਹੈ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਨਾਜਾਇਜ਼ ਕਬਜ਼ਿਆਂ ਅਤੇ ਨਿਰਮਾਣਾਂ ਦੇ ਖਿਲਾਫ ਕਾਰਵਾਈ ਅੱਗੇ ਵੀ ਜਾਰੀ ਰਹੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
