ਨਸ਼ਾ ਤਸਕਰਾਂ ਦੇ ਗੈਰ-ਕਾਨੂੰਨੀ ਨਿਰਮਾਣਾਂ ’ਤੇ ਚੱਲਿਆ ਬੁਲਡੋਜ਼ਰ, ਭਾਰੀ ਪੁਲਸ ਤਾਇਨਾਤੀ ਹੇਠ ਹੋਈ ਕਾਰਵਾਈ

Saturday, Jun 20, 2026 - 05:58 PM (IST)

ਨਸ਼ਾ ਤਸਕਰਾਂ ਦੇ ਗੈਰ-ਕਾਨੂੰਨੀ ਨਿਰਮਾਣਾਂ ’ਤੇ ਚੱਲਿਆ ਬੁਲਡੋਜ਼ਰ, ਭਾਰੀ ਪੁਲਸ ਤਾਇਨਾਤੀ ਹੇਠ ਹੋਈ ਕਾਰਵਾਈ

ਮੋਗਾ (ਕਸ਼ਿਸ਼) : ਮੋਗਾ ਨਗਰ ਨਿਗਮ ਵੱਲੋਂ ਸ਼ਹਿਰ ਦੇ ਸ੍ਰੀ ਗੁਰੂ ਰਾਮਦਾਸ ਨਗਰ ਇਲਾਕੇ ਵਿਚ ਕਥਿਤ ਤੌਰ ’ਤੇ ਗੈਰ-ਕਾਨੂੰਨੀ ਤਰੀਕੇ ਨਾਲ ਕੀਤੇ ਗਏ ਨਿਰਮਾਣਾਂ ਖ਼ਿਲਾਫ਼ ਵੱਡੀ ਕਾਰਵਾਈ ਕੀਤੀ ਗਈ। ਇਸ ਦੌਰਾਨ ਨਗਰ ਨਿਗਮ ਦੀ ਟੀਮ ਨੇ ਪੁਲਸ ਦੀ ਭਾਰੀ ਸੁਰੱਖਿਆ ਹੇਠ ਕਥਿਤ ਨਸ਼ਾ ਤਸਕਰਾਂ ਅਤੇ ਅਪਰਾਧਿਕ ਪਿਛੋਕੜ ਵਾਲੇ ਵਿਅਕਤੀਆਂ ਨਾਲ ਸੰਬੰਧਿਤ ਮਕਾਨਾਂ ਅਤੇ ਹੋਰ ਉਸਾਰੀਆਂ ਉੱਤੇ ਬੁਲਡੋਜ਼ਰ ਚਲਾ ਕੇ ਕਾਰਵਾਈ ਨੂੰ ਅਮਲੀ ਜਾਮਾ ਪਹਿਨਾਇਆ। ਕਾਰਵਾਈ ਦੌਰਾਨ ਇਲਾਕੇ ਵਿਚ ਕਾਨੂੰਨ-ਵਿਵਸਥਾ ਬਣਾਈ ਰੱਖਣ ਲਈ ਵੱਡੀ ਗਿਣਤੀ ਵਿਚ ਪੁਲਸ ਮੁਲਾਜ਼ਮ ਤਾਇਨਾਤ ਕੀਤੇ ਗਏ ਸਨ। ਨਗਰ ਨਿਗਮ ਵੱਲੋਂ ਪਹਿਲਾਂ ਹੀ ਪੁਲਸ ਸਹਾਇਤਾ ਦੀ ਮੰਗ ਕੀਤੀ ਗਈ ਸੀ, ਜਿਸ ਦੇ ਚਲਦਿਆਂ ਪੁਲਿਸ ਪ੍ਰਸ਼ਾਸਨ ਨੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਪੀਡੀ ਬਾਲ ਕ੍ਰਿਸ਼ਨ ਸਿੰਗਲਾ ਨੇ ਦੱਸਿਆ ਕਿ ਕਾਰਵਾਈ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਦੋ ਡੀਐਸਪੀ, ਚਾਰ ਐਸਐਚਓ ਅਤੇ ਕਰੀਬ 150 ਪੁਲਸ ਮੁਲਾਜ਼ਮ ਤਾਇਨਾਤ ਕੀਤੇ ਗਏ ਸਨ। ਉਨ੍ਹਾਂ ਕਿਹਾ ਕਿ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਣ ਲਈ ਪੂਰੇ ਇਲਾਕੇ ਦੀ ਨਿਗਰਾਨੀ ਕੀਤੀ ਗਈ ਅਤੇ ਕਾਨੂੰਨ-ਵਿਵਸਥਾ ਨੂੰ ਬਰਕਰਾਰ ਰੱਖਿਆ ਗਿਆ। ਐਸਪੀਡੀ ਨੇ ਦੱਸਿਆ ਕਿ ਜਿਸ ਮਕਾਨ ਅਤੇ ਹੋਰ ਉਸਾਰੀਆਂ ਉੱਤੇ ਕਾਰਵਾਈ ਕੀਤੀ ਗਈ ਹੈ, ਉਹ ਵਰਿੰਦਰ ਅਤੇ ਸਿਕੰਦਰ ਨਾਮਕ ਦੋ ਭਰਾਵਾਂ ਨਾਲ ਸੰਬੰਧਤ ਹਨ। ਪੁਲਸ ਰਿਕਾਰਡ ਅਨੁਸਾਰ ਦੋਵੇਂ ਭਰਾਵਾਂ ਖ਼ਿਲਾਫ਼ ਕਰੀਬ 30 ਅਪਰਾਧਿਕ ਮਾਮਲੇ ਦਰਜ ਹਨ। ਇਨ੍ਹਾਂ ਵਿਚ ਕਤਲ, ਕਤਲ ਦੀ ਕੋਸ਼ਿਸ਼, ਐਨਡੀਪੀਐਸ ਐਕਟ, ਐਕਸਾਈਜ਼ ਐਕਟ ਅਤੇ ਹੋਰ ਗੰਭੀਰ ਧਾਰਾਵਾਂ ਤਹਿਤ ਕੇਸ ਸ਼ਾਮਲ ਹਨ।

ਉਨ੍ਹਾਂ ਦੱਸਿਆ ਕਿ ਸਿਕੰਦਰ ਇਸ ਵੇਲੇ ਜੇਲ੍ਹ ਵਿਚ ਬੰਦ ਹੈ, ਜਦਕਿ ਵਰਿੰਦਰ ਇਕ ਕਤਲ ਦੇ ਮਾਮਲੇ ਵਿਚ ਕਥਿਤ ਤੌਰ ’ਤੇ ਫਰਾਰ ਚੱਲ ਰਿਹਾ ਹੈ। ਉਸ ਦੀ ਗ੍ਰਿਫ਼ਤਾਰੀ ਲਈ ਪੁਲਿਸ ਵੱਲੋਂ ਲਗਾਤਾਰ ਛਾਪੇਮਾਰੀ ਅਤੇ ਹੋਰ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਦੂਜੇ ਪਾਸੇ ਨਗਰ ਨਿਗਮ ਦੇ ਅਧਿਕਾਰੀ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਸੰਬੰਧਤ ਮਕਾਨਾਂ ਅਤੇ ਉਸਾਰੀਆਂ ਸਬੰਧੀ ਨਿਯਮਾਂ ਅਨੁਸਾਰ ਪਹਿਲਾਂ ਨੋਟਿਸ ਜਾਰੀ ਕੀਤੇ ਗਏ ਸਨ। ਮਕਾਨ ਮਾਲਕਾਂ ਨੂੰ ਤਿੰਨ ਦਿਨਾਂ ਦਾ ਸਮਾਂ ਦਿੱਤਾ ਗਿਆ ਸੀ ਤਾਂ ਜੋ ਉਹ ਉਸਾਰੀ ਦੀ ਪ੍ਰਵਾਨਗੀ, ਪਾਸ ਕਰਵਾਏ ਗਏ ਨਕਸ਼ੇ ਜਾਂ ਹੋਰ ਲੋੜੀਂਦੇ ਦਸਤਾਵੇਜ਼ ਪੇਸ਼ ਕਰ ਸਕਣ।

ਉਨ੍ਹਾਂ ਕਿਹਾ ਕਿ ਨਿਰਧਾਰਿਤ ਸਮੇਂ ਦੌਰਾਨ ਨਾ ਤਾਂ ਕੋਈ ਮਨਜ਼ੂਰੀ ਪੱਤਰ ਪੇਸ਼ ਕੀਤਾ ਗਿਆ ਅਤੇ ਨਾ ਹੀ ਕੋਈ ਪ੍ਰਵਾਨਿਤ ਨਕਸ਼ਾ ਨਗਰ ਨਿਗਮ ਅੱਗੇ ਰੱਖਿਆ ਗਿਆ। ਇਸ ਤੋਂ ਇਲਾਵਾ ਅਦਾਲਤ ਜਾਂ ਕਿਸੇ ਹੋਰ ਅਥਾਰਟੀ ਵੱਲੋਂ ਜਾਰੀ ਕੋਈ ਰਾਹਤ ਆਦੇਸ਼ ਵੀ ਪੇਸ਼ ਨਹੀਂ ਕੀਤਾ ਗਿਆ। ਇਸ ਕਾਰਨ ਨਗਰ ਨਿਗਮ ਵੱਲੋਂ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਗਈ। ਕੁਲਵਿੰਦਰ ਸਿੰਘ ਨੇ ਦੱਸਿਆ ਕਿ ਜਾਂਚ ਦੌਰਾਨ ਗਲੀ ਵਿੱਚ ਕੀਤੀ ਗਈ ਕਥਿਤ ਨਾਜਾਇਜ਼ ਕਬਜ਼ੇਦਾਰੀ ਸਬੰਧੀ ਵੀ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਜੇਕਰ ਅੱਗੇ ਜਾਂਚ ਦੌਰਾਨ ਹੋਰ ਉਲੰਘਣਾਵਾਂ ਸਾਹਮਣੇ ਆਉਂਦੀਆਂ ਹਨ ਤਾਂ ਸੰਬੰਧਿਤ ਵਿਅਕਤੀਆਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ। ਨਗਰ ਨਿਗਮ ਅਤੇ ਪੁਲਿਸ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਸ਼ਹਿਰ ਵਿੱਚ ਗੈਰ-ਕਾਨੂੰਨੀ ਨਿਰਮਾਣਾਂ ਅਤੇ ਅਪਰਾਧਿਕ ਗਤੀਵਿਧੀਆਂ ਖ਼ਿਲਾਫ਼ ਅਜਿਹੀਆਂ ਕਾਰਵਾਈਆਂ ਭਵਿੱਖ ਵਿੱਚ ਵੀ ਜਾਰੀ ਰਹਿਣਗੀਆਂ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਬਿਨਾਂ ਕਿਸੇ ਭੇਦਭਾਵ ਦੇ ਸਖ਼ਤ ਕਾਰਵਾਈ ਕੀਤੀ ਜਾਵੇਗੀ।


author

Gurminder Singh

Content Editor

Related News