ਆਂਧਰਾ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਜਗਨ ਮੋਹਨ ਰੈੱਡੀ ਦੇ ਨਿਵਾਸ ’ਤੇ ਚੱਲਿਆ ਬੁਲਡੋਜ਼ਰ
Sunday, Jun 16, 2024 - 12:50 AM (IST)
ਹੈਦਰਾਬਾਦ, (ਭਾਸ਼ਾ)– ਹੈਦਰਾਬਾਦ ਮਹਾਨਗਰ ਨਿਗਮ (ਜੀ. ਐੱਚ. ਐੱਮ. ਸੀ.) ਨੇ ਸ਼ਨੀਵਾਰ ਨੂੰ ਆਂਧਰਾ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਵਾਈ. ਐੱਸ. ਜਗਨ ਮੋਹਨ ਰੈੱਡੀ ਦੇ ਲੋਟਸ ਪਾਂਡ ਨਿਵਾਸ ਨਾਲ ਲੱਗੇ ਫੁੱਟਪਾਥ ’ਤੇ ਨਾਜਾਇਜ਼ ਉਸਾਰੀ ਨੂੰ ਢਾਹ ਦਿੱਤਾ।
ਰੈੱਡੀ ਦੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਅਹੁਦੇ ਤੋਂ ਅਸਤੀਫਾ ਦੇਣ ਦੇ 10 ਦਿਨ ਬਾਅਦ ਇਹ ਕਾਰਵਾਈ ਕੀਤੀ ਗਈ ਹੈ। ਜੀ. ਐੱਚ. ਐੱਮ. ਸੀ. ਦੇ ਇਕ ਸੀਨੀਅਰ ਅਧਿਕਾਰੀ ਮੁਤਾਬਕ ਨਗਰ ਨਿਗਮ ਦੇ ਅਧਿਕਾਰੀਆਂ ਨੇ ਜਗਨ ਦੇ ਨਿਵਾਸ ਦੇ ਨਾਜਾਇਜ਼ ਨਿਰਮਾਣ ਨੂੰ ਢਾਹ ਦਿੱਤਾ। ਉਨ੍ਹਾਂ ਕਿਹਾ ਕਿ ਨਾਜਾਇਜ਼ ਨਿਰਮਾਣ ਦੀ ਵਰਤੋਂ ਸੁਰੱਖਿਆ ਕਰਮਚਾਰੀਆਂ ਵੱਲੋਂ ਕੀਤੀ ਜਾ ਰਹੀ ਸੀ।
ਜੀ. ਐੱਚ. ਐੱਮ. ਸੀ. ਦੇ ਨਗਰ ਨਿਯੋਜਨ ਵਿਭਾਗ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਜਗਨ ਦੇ ਨਿਵਾਸ ’ਤੇ ਸੰਬੰਧਤ ਵਿਅਕਤੀਆਂ ਨੂੰ ਫੁੱਟਪਾਥ ਨਿਰਮਾਣ ਕੰਮ ਲਈ 6 ਮਹੀਨੇ ਪਹਿਲਾਂ ਹੀ ਨਾਜਾਇਜ਼ ਨਿਰਮਾਣ ਨੂੰ ਹਟਾਉਣ ਲਈ ਸੂਚਿਤ ਕਰ ਦਿੱਤਾ ਸੀ।