ਬਸਪਾ ਦੇ ਸਾਬਕਾ ਸੰਸਦ ਮੈਂਬਰ ਦਾਊਦ ’ਤੇ ਕੱਸਿਆ ਸ਼ਿਕੰਜਾ, 100 ਕਰੋੜ ਦੀ ਇਮਾਰਤ ’ਤੇ ਚੱਲਿਆ ਬੁਲਡੋਜ਼ਰ
Monday, Jul 05, 2021 - 11:35 AM (IST)
ਲਖਨਊ– ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਦੀ ਸਰਕਾਰ ਗੈਰ-ਕਾਨੂੰਨੀ ਉਸਾਰੀਆਂ ਵਿਰੁੱਧ ਲਗਾਤਾਰ ਮੁਹਿੰਮ ਚਲਾ ਰਹੀ ਹੈ। ਇਸ ਸਬੰਧੀ ਐਤਵਾਰ ਇੱਥੋਂ ਦੇ ਇਕ ਇਲਾਕੇ ਵਿਚ 6 ਮੰਜ਼ਿਲਾ ਗੈਰ-ਕਾਨੂੰਨੀ ਅਪਾਰਟਮੈਂਟ ਬਣਾਉਣਾ ਬਸਪਾ ਦੇ ਸਾਬਕਾ ਐੱਮ. ਪੀ. ਦਾਊਦ ਅਹਿਮਦ ਨੂੰ ਭਾਰੀ ਪੈ ਗਿਆ। ਸਰਕਾਰ ਨੇ ਦਾਊਦ ’ਤੇ ਸ਼ਿਕੰਜਾ ਕੱਸ ਦਿੱਤਾ ਅਤੇ ਉਸ ਦੀ 100 ਕਰੋੜ ਰੁਪਏ ਦੀ ਇਮਾਰਤ ’ਤੇ ਬੁਲਡੋਜ਼ਰ ਚਲਾ ਦਿੱਤਾ।
ਭਾਰਤੀ ਪੁਰਾਤੱਤਵ ਸਰਵੇਖਣ ਵਿਭਾਗ ਨੇ 3 ਜੁਲਾਈ ਨੂੰ ਇਸ ਨੂੰ ਢਹਿ-ਢੇਰੀ ਕਰਨ ਦਾ ਹੁਕਮ ਪਾਸ ਕੀਤਾ ਸੀ। ਉਸ ਪਿੱਛੋਂ ਐਤਵਾਰ ਸਵੇਰੇ ਜ਼ਿਲਾ ਪ੍ਰਸ਼ਾਸਨ ਨੇ ਇਸ ਨੂੰ ਡੇਗਣ ਦਾ ਕੰਮ ਸ਼ੁਰੂ ਕਰਵਾ ਦਿੱਤਾ। ਇਮਾਰਤ ਲਗਭਗ 20 ਕਰੋੜ ਦੀ ਲਾਗਤ ਨਾਲ ਬਣੀ ਹੈ। ਜ਼ਮੀਨ ਦੀ ਕੀਮਤ ਮਿਲਾ ਕੇ ਇਹ 100 ਕਰੋੜ ਤਕ ਪਹੁੰਚ ਜਾਂਦੀ ਹੈ। ਵਿਭਾਗ ਨੇ ਇਸ ਦੀ ਉਸਾਰੀ ਰੋਕਣ ਲਈ ਬਹੁਤ ਯਤਨ ਕੀਤੇ ਸਨ। ਐੱਲ. ਡੀ. ਏ. ਲਖਨਊ ਦੇ ਡੀ. ਐੱਮ. ਅਤੇ ਕਮਿਸ਼ਨਰ ਸਮੇਤ ਸਭ ਅਧਿਕਾਰੀਆਂ ਨੂੰ ਚਿੱਠੀਆਂ ਲਿਖੀਆਂ ਸਨ ਪਰ ਕਿਸੇ ਨੇ ਵੀ ਉਸਾਰੀ ਨੂੰ ਨਹੀਂ ਰੁਕਵਾਇਆ।