ਜੰਮੂ ਸਰਹੱਦ ''ਤੇ BSF ਨੇ ਪਾਕਿਸਤਾਨੀ ਘੁਸਪੈਠੀਆ ਕੀਤਾ ਢੇਰ

06/27/2022 1:19:54 PM

ਜੰਮੂ (ਵਾਰਤਾ)- ਜੰਮੂ ਦੇ ਰਣਬੀਰ ਸਿੰਘ ਪੁਰਾ ਸੈਕਟਰ 'ਚ ਸਰਹੱਦੀ ਸੁਰੱਖਿਆ ਫ਼ੋਰਸ (ਬੀ.ਐੱਸ.ਐੱਫ.) ਦੇ ਚੌਕਸ ਜਵਾਨਾਂ ਨੇ ਸੋਮਵਾਰ ਤੜਕੇ ਕੌਮਾਂਤਰੀ ਸਰਹੱਦ 'ਤੇ ਇਕ ਪਾਕਿਸਤਾਨੀ ਘੁਸਪੈਠੀਏ ਨੂੰ ਮਾਰ ਸੁੱਟਿਆ। ਬੀ.ਐੱਸ.ਐੱਫ. ਦੇ ਬੁਲਾਰੇ ਨੇ ਦੱਸਿਆ ਕਿ ਸੋਮਵਾਰ ਸਵੇਰੇ ਸਾਡੇ ਫ਼ੌਜੀਆਂ ਨੇ ਬਕਾਰਪੁਰ ਸਰਹੱਦ ਚੌਕੀ ਖੇਤਰ 'ਚ ਬਾੜ ਕੋਲ ਸ਼ੱਕੀ ਗਤੀਵਿਧੀਆਂ ਦੇਖੀਆਂ। ਉਨ੍ਹਾਂ ਕਿਹਾ ਕਿ ਸਾਡੇ ਗਸ਼ਤੀ ਦਲ ਨੇ ਰਾਤ 'ਚ ਪਾਕਿਸਤਾਨ ਵਲੋਂ ਇਕ ਵਿਅਕਤੀ ਨੂੰ ਬਾੜ ਪਾਰ ਕਰਨ ਦੇ ਇਰਾਦੇ ਨਾਲ ਸ਼ੱਕੀ ਗਤੀਵਿਧੀ ਕਰਦੇ ਹੋਏ ਦੇਖਿਆ। ਇਸ 'ਤੇ ਗਸ਼ਤੀ ਦਲ ਨੇ ਉਸ ਨੂੰ ਰੁਕਣ ਦੀ ਚਿਤਾਵਨੀ ਦਿੱਤੀ ਪਰ ਉਸ ਨੇ ਚਿਤਾਵਨੀ ਦੀ ਪਰਵਾਹ ਕੀਤੇ ਬਿਨਾਂ ਬਾੜ ਵੱਲ ਵਧਣਾ ਜਾਰੀ ਰੱਖਿਆ। 

ਇਹ ਵੀ ਪੜ੍ਹੋ : ਜੰਮੂ ਕਸ਼ਮੀਰ ਦੇ ਡੋਡਾ 'ਚ ਅੱਤਵਾਦੀ ਗ੍ਰਿਫ਼ਤਾਰ, ਹਥਿਆਰ ਅਤੇ ਗੋਲਾ ਬਾਰੂਦ ਬਰਾਮਦ

ਬੁਲਾਰੇ ਨੇ ਦੱਸਿਆ ਕਿ ਇਸ ਤੋਂ ਬਾਅਦ ਸਾਡੇ ਕੋਲ ਕੋਈ ਵਿਕਲਪ ਨਹੀਂ ਬਚਿਆ ਅਤੇ ਫ਼ੌਜੀਆਂ ਨੇ ਉਸ 'ਤੇ ਤਿੰਨ ਰਾਊਂਡ ਗੋਲੀਆਂ ਚਲਾਈਆਂ, ਜਿਸ ਕਾਰਨ ਉਹ ਮਾਰਿਆ ਗਿਆ। ਉਨ੍ਹਾਂ ਕਿਹਾ ਕਿ ਸਵੇਰੇ ਤਲਾਸ਼ੀ ਦਲ ਨੂੰ ਇਲਾਕੇ ਦੀ ਜਾਂਚ ਦੌਰਾਨ ਬਾੜ ਕੋਲ ਉਸ ਘੁਸਪੈਠੀਏ ਦੀ ਲਾਸ਼ ਮਿਲੀ। ਉਨ੍ਹਾਂ ਦੱਸਿਆ ਕਿ ਮ੍ਰਿਤਕ ਕੋਲ ਕੁਝ ਵੀ ਬਰਾਮਦ ਨਹੀਂ ਹੋਇਆ। ਲਾਸ਼ ਪੁਲਸ ਨੂੰ ਸੌਂਪ ਦਿੱਤੀ ਹੈ।


DIsha

Content Editor

Related News