ਬੱਚੇ ''ਤੇ ਕੱਢੀ ਉਸ ਦੇ ਪਿਤਾ ਨਾਲ ਦੁਸ਼ਮਣੀ, ਅਗਵਾ ਕਰ ਕਰ''ਤਾ ਬੇਰਹਿਮੀ ਨਾਲ ਕਤਲ

Sunday, Oct 05, 2025 - 01:54 AM (IST)

ਬੱਚੇ ''ਤੇ ਕੱਢੀ ਉਸ ਦੇ ਪਿਤਾ ਨਾਲ ਦੁਸ਼ਮਣੀ, ਅਗਵਾ ਕਰ ਕਰ''ਤਾ ਬੇਰਹਿਮੀ ਨਾਲ ਕਤਲ

ਨਵੀਂ ਦਿੱਲੀ - ਰਾਸ਼ਟਰੀ ਰਾਜਧਾਨੀ ਦਿੱਲੀ ਦੇ ਯਮੁਨਾ ਪਾਰ ਇਲਾਕੇ ਖਜੂਰੀ ਖਾਸ 'ਚ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਸ਼ੁੱਕਰਵਾਰ ਸ਼ਾਮ ਦੋ ਸਾਲਾ ਮਾਸੂਮ ਰਾਠੌਰ ਨੂੰ ਅਗਵਾ ਕਰਨ ਤੋਂ ਬਾਅਦ ਉਸਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ।

ਸ਼ਨੀਵਾਰ ਸਵੇਰੇ ਬੱਚੇ ਦੀ ਲਾਸ਼ ਸੀ.ਆਰ.ਪੀ.ਐਫ. ਕੈਂਪ ਦੀ ਦੀਵਾਰ ਕੋਲੋਂ ਮਿਲੀ, ਜਿਸਦੇ ਸਿਰ ਅਤੇ ਸਰੀਰ 'ਤੇ ਗੰਭੀਰ ਚੋਟਾਂ ਦੇ ਨਿਸ਼ਾਨ ਸਨ। ਪੁਲਸ ਨੇ ਅਗਵਾ ਅਤੇ ਕਤਲ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਸਿਰ 'ਚ ਚੋਟਾਂ, ਖੂਨ ਨਾਲ ਲੱਥਪੱਥ ਮਿਲਿਆ ਮਾਸੂਮ ਦਾ ਸਰੀਰ
ਪੁਲਸ ਸਰੋਤਾਂ ਅਨੁਸਾਰ, ਬੱਚੇ ਦੇ ਸਿਰ ਤੋਂ ਖੂਨ ਵਹਿ ਰਿਹਾ ਸੀ ਅਤੇ ਉਹ ਓਂਧਾ ਪਿਆ ਹੋਇਆ ਸੀ। ਸ਼ੁਰੂਆਤੀ ਜਾਂਚ ਵਿੱਚ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਕਿਸੇ ਭਾਰੀ ਵਸਤੂ ਨਾਲ ਵਾਰ ਕਰਕੇ ਉਸਦੀ ਹੱਤਿਆ ਕੀਤੀ ਗਈ।

ਇਸ ਮਾਮਲੇ ਦੀ ਗੰਭੀਰਤਾ ਦੇ ਮੱਦੇਨਜ਼ਰ ਐਡੀਸ਼ਨਲ ਡੀ.ਸੀ.ਪੀ. ਸੰਦੀਪ ਲਾਂਬਾ ਖੁਦ ਜਾਂਚ ਦੀ ਨਿਗਰਾਨੀ ਕਰ ਰਹੇ ਹਨ। ਪੁਲਸ ਨੂੰ ਸੀ.ਸੀ.ਟੀ.ਵੀ. ਫੁਟੇਜ ਤੋਂ ਕੁਝ ਮਹੱਤਵਪੂਰਨ ਸਬੂਤ ਮਿਲੇ ਹਨ ਅਤੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਦੋਸ਼ੀ ਜਲਦੀ ਗ੍ਰਿਫ਼ਤਾਰ ਹੋ ਸਕਦਾ ਹੈ।

ਮਜ਼ਦੂਰ ਪਰਿਵਾਰ ਦਾ ਸੀ ਪੁੱਤਰ
ਮਾਸੂਮ ਰਾਠੌਰ ਆਪਣੇ ਮਾਤਾ-ਪਿਤਾ ਨਾਲ ਖਜੂਰੀ ਖਾਸ ਫ਼ਲਾਈਓਵਰ ਹੇਠਾਂ ਰਹਿੰਦਾ ਸੀ। ਉਸਦੇ ਪਿਤਾ ਭਰਤ ਅਤੇ ਮਾਤਾ ਸਰੋਜ ਮਜ਼ਦੂਰੀ ਕਰਦੇ ਹਨ। ਪਰਿਵਾਰ ਇੱਕ ਸਾਲ ਪਹਿਲਾਂ ਮੱਧ ਪ੍ਰਦੇਸ਼ ਤੋਂ ਦਿੱਲੀ ਆਇਆ ਸੀ।

ਸ਼ੁੱਕਰਵਾਰ ਰਾਤ ਬੱਚੇ ਦੇ ਗੁੰਮ ਹੋਣ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ, ਜਿਸ ਤੋਂ ਬਾਅਦ ਅਗਵਾ ਦਾ ਮਾਮਲਾ ਦਰਜ ਕੀਤਾ ਗਿਆ। ਸ਼ਨੀਵਾਰ ਸਵੇਰੇ ਲਾਸ਼ ਮਿਲਣ 'ਤੇ ਧਾਰਾ 302 (ਕਤਲ) ਜੋੜੀ ਗਈ। ਕ੍ਰਾਈਮ ਤੇ ਐਫ.ਐੱਸ.ਐਲ. ਟੀਮਾਂ ਨੇ ਮੌਕੇ ਦੀ ਜਾਂਚ ਕੀਤੀ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜਿਆ ਗਿਆ।

ਦੋਸ਼ੀ ਦੀ ਹੋਈ ਪਛਾਣ, ਗ੍ਰਿਫ਼ਤਾਰੀ ਜਲਦ ਸੰਭਵ
ਪੁਲਸ ਦੇ ਅਨੁਸਾਰ, ਮੁਲਜ਼ਮ ਦੀ ਪਛਾਣ ਹੋ ਚੁੱਕੀ ਹੈ ਅਤੇ ਉਸਦੀ ਤਲਾਸ਼ ਲਈ ਦਿੱਲੀ-ਐਨਸੀਆਰ ਵਿੱਚ ਛਾਪੇਮਾਰੀ ਜਾਰੀ ਹੈ। ਸ਼ੁਰੂਆਤੀ ਜਾਂਚ ਵਿੱਚ ਪਤਾ ਲੱਗਾ ਹੈ ਕਿ ਮੁਲਜ਼ਮ ਦਾ ਬੱਚੇ ਦੇ ਪਿਤਾ ਨਾਲ ਪੁਰਾਣਾ ਵਿਵਾਦ ਸੀ, ਜਿਸ ਕਾਰਨ ਉਸਨੇ ਬਦਲਾ ਲੈਣ ਲਈ ਇਹ ਬੇਰਹਿਮ ਹੱਤਿਆ ਕੀਤੀ। ਪੁਲਸ ਦਾ ਕਹਿਣਾ ਹੈ ਕਿ ਪੂਛਗਿੱਛ ਤੋਂ ਬਾਅਦ ਕਤਲ ਦੇ ਅਸਲੀ ਕਾਰਣਾਂ ਦਾ ਖੁਲਾਸਾ ਹੋਵੇਗਾ।
 


author

Inder Prajapati

Content Editor

Related News