ਤੇਜ਼ੀ ਨਾਲ ਬਦਲਦੀ ਦੁਨੀਆ ''ਚ ਸਿੱਖਣ ਵਾਲੇ ਹੀ ਜਿੱਤਦੇ ਹਨ : PM ਮੋਦੀ
Saturday, Aug 08, 2026 - 01:52 PM (IST)
ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਕਿਹਾ ਕਿ ਦੁਨੀਆ ਅਤੇ ਤਕਨਾਲੋਜੀ ਤੇਜ਼ੀ ਨਾਲ ਬਦਲ ਰਹੀ ਹੈ, ਅਜਿਹੇ 'ਚ ਉਹੀ ਲੋਕ ਅੱਗੇ ਵਧਣਗੇ ਜੋ ਲਗਾਤਾਰ ਸਿੱਖਦੇ ਰਹਿਣਗੇ। ਪੀਐੱਮ ਮੋਦੀ ਨੇ ਵਿਦਿਆਰਥੀਆਂ ਨੂੰ ਆਪਣੀ ਉਤਸੁਕਤਾ ਬਣਾਏ ਰੱਖਣ ਦੀ ਅਪੀਲ ਕੀਤੀ। ਪ੍ਰਧਾਨ ਮੰਤਰੀ ਨੇ ਭਾਰਤੀ ਤਕਨਾਲੋਜੀ ਸੰਸਥਾ (ਆਈਆਈਟੀ) ਦਿੱਲੀ ਦੇ 57ਵੇਂ ਡਿਗਰੀ ਵੰਡ ਸਮਾਰੋਹ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਜਿਨ੍ਹਾਂ 'ਚ ਨਵੇਂ ਹੱਲ ਲੱਭਣ ਦਾ ਸਾਹਸ ਹੁੰਦਾ ਹੈ, ਉਨ੍ਹਾਂ ਲਈ ਚੁਣੌਤੀਆਂ ਹੀ ਮੌਕੇ ਬਣ ਜਾਂਦੀਆਂ ਹਨ।
ਉਨ੍ਹਾਂ ਕਿਹਾ,''ਅੱਜ ਦੁਨੀਆ ਤੇਜ਼ੀ ਨਾਲ ਬਦਲ ਰਹੀ ਹੈ। ਕੋਈ ਨਹੀਂ ਕਹਿ ਸਕਦਾ ਕਿ 20-30 ਸਾਲ ਬਾਅਦ ਕੀ ਹੋਵੇਗਾ। ਜ਼ਿੰਦਗੀ 'ਚ ਆਪਣੀ ਉਤਸੁਕਤਾ ਬਣਾਏ ਰੱਖੋ...ਸਿੱਖਣ ਦੀ ਇੱਛਾ ਨੂੰ ਜ਼ਿੰਦਾ ਰੱਖੋ। ਜੋ ਸਿੱਖਦੇ ਹਨ, ਉਹੀ ਜਿੱਤਦੇ ਹਨ।'' ਪੀਐੱਮ ਮੋਦੀ ਨੇ ਕਿਹਾ ਕਿ ਜੋ ਲੋਕ ਨਵੀਆਂ ਸਥਿਤੀਆਂ ਅਤੇ ਚੁਣੌਤੀਆਂ ਲਈ ਤਿਆਰ ਰਹਿੰਦੇ ਹਨ, ਉਹ ਚੁਣੌਤੀਆਂ ਨੂੰ ਮੌਕਿਆਂ 'ਚ ਬਦਲ ਦਿੰਦੇ ਹਨ ਅਤੇ ਇਹੀ ਗੱਲ ਤੁਸੀਂ ਆਈਆਈਟੀ ਦਿੱਲੀ 'ਚ ਸਿੱਖੀ ਹੈ।''
ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਹੁਣ ਹਰ ਖੇਤਰ 'ਚ ਆਤਮਨਿਰਭਰ ਬਣਨ ਵੱਲ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ,''ਅੱਜ ਦੇਸ਼ 'ਚ ਸਾਡੇ ਨੌਜਵਾਨਾਂ ਲਈ ਨਵੇਂ-ਨਵੇਂ ਖੇਤਰ ਉੱਭਰ ਰਹੇ ਹਨ।'' ਪੀ.ਐੱਮ. ਮੋਦੀ ਨੇ ਕਿਹਾ ਕਿ ਦੁਨੀਆ 'ਚ ਸ਼ਕਤੀ ਦਾ ਸੰਤੁਲਨ ਹਰ ਪਲ ਬਦਲ ਰਿਹਾ ਹੈ ਅਤੇ ਇਸ ਦੇ ਪਿੱਛੇ ਸਭ ਤੋਂ ਵੱਡੀ ਤਾਕਤ ਤਕਨਾਲੋਜੀ ਦੀ ਗਤੀ ਹੈ। ਪੀਐੱਮ ਨੇ ਕਿਹਾ ਕਿ ਆਈਆਈਟੀ ਦਿੱਲੀ 'ਚ ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਜੁੜੀ ਕੁਝ ਨਵੀਂ ਪਹਿਲ ਵੀ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਕਿਹਾ,''ਇਸ ਲਈ ਵੀ ਮੈਂ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ।''
ਉਨ੍ਹਾਂ ਨੇ ਸੈਮੀਕੰਡਕਟਰ ਖੇਤਰ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਜਦੋਂ ਸਰਕਾਰ ਨੇ ਇਸ ਵੱਲ ਕਦਮ ਚੁੱਕਿਆ ਤਾਂ ਕੁਝ ਲੋਕਾਂ ਨੇ ਸਵਾਲ ਚੁੱਕਿਆ ਕਿ ਕੀ ਭਾਰਤ ਅਜਿਹਾ ਕਰ ਸਕੇਗਾ। ਪ੍ਰਧਾਨ ਮੰਤਰੀ ਨੇ ਕਿਹਾ,''ਪਰ ਅੱਜ ਪਹਿਲੀ ਸੈਮੀਕੰਡਕਟਰ ਇਕਾਈ 'ਚ ਉਤਪਾਦਨ ਸ਼ੁਰੂ ਹੋ ਗਿਆ ਹੈ। ਮੈਨੂੰ ਪੂਰਾ ਭਰੋਸਾ ਹੈ ਕਿ ਚਿਪ ਤੋਂ ਲੈ ਕੇ ਬੇੜਿਆਂ ਤੱਕ, ਸਭ ਕੁਝ ਇੱਥੇ ਤੁਹਾਡੇ ਹੱਥਾਂ ਨਾਲ ਬਣੇਗਾ।'' ਡਿਗਰੀ ਵੰਡ ਸਮਾਰੋਹ 'ਚ 587 ਪੀਐੱਚਡੀ ਵਿਦਵਾਨਾਂ ਸਮੇਤ 3,000 ਤੋਂ ਵੱਧ ਵਿਦਿਆਰਥੀਆਂ ਨੂੰ ਡਿਗਰੀਆਂ ਦਿੱਤੀਆਂ ਗਈਆਂ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
