LAC ''ਤੇ ਤਣਾਅ ਦਰਮਿਆਨ 17 ਨਵੰਬਰ ਨੂੰ ਆਹਮਣੇ-ਸਾਹਮਣੇ ਹੋਣਗੇ PM ਮੋਦੀ ਅਤੇ ਸ਼ੀ ਜਿਨਪਿੰਗ
Monday, Oct 05, 2020 - 06:57 PM (IST)
ਨਵੀਂ ਦਿੱਲੀ- ਕੋਰੋਨਾ ਕਾਲ ਦੌਰਾਨ 12ਵਾਂ ਬ੍ਰਿਕਸ ਸਿਖਰ ਸਮਾਰੋਹ ਇਸ ਵਾਰ ਵੀਡੀਓ ਕਾਨਫਰੈਂਸਿੰਗ ਰਾਹੀਂ ਆਯੋਜਿਤ ਕੀਤਾ ਜਾ ਰਿਹਾ ਹੈ। 12ਵਾਂ ਬ੍ਰਿਕਸ ਸਿਖਰ ਸਮਾਰੋਹ 17 ਨਵੰਬਰ ਨੂੰ ਵਰਚੁਅਲੀ ਆਯੋਜਿਤ ਕੀਤਾ ਜਾਵੇਗਾ। ਜਾਣਕਾਰੀ ਅਨੁਸਾਰ ਇਸ ਦੌਰਾਨ ਐੱਲ.ਏ.ਸੀ. 'ਤੇ ਭਾਰਤ-ਚੀਨ ਦਰਮਿਆਨ ਪਿਛਲੇ ਲੰਬੇ ਸਮੇਂ ਤੋਂ ਜਾਰੀ ਸਰਹੱਦੀ ਵਿਵਾਦ ਦਰਮਿਆਨ ਦੋਹਾਂ ਦੇਸ਼ਾਂ ਦੇ ਰਾਸ਼ਟਰ ਪ੍ਰਧਾਨਾਂ ਦੀ ਮੁਲਾਕਾਤ ਹੋਣ ਵਾਲੀ ਹੈ।
ਦੱਸਿਆ ਜਾ ਰਿਹਾ ਹੈ ਕਿ ਐੱਲ.ਏ.ਸੀ. 'ਤੇ ਤਣਾਅ ਦਰਮਿਆਨ 17 ਨਵੰਬਰ ਨੂੰ ਪਹਿਲੀ ਵਾਰ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਆਹਮਣੇ-ਸਾਹਮਣੇ ਹੋਣਗੇ। ਹਾਲਾਂਕਿ ਦੋਹਾਂ ਦੀ ਇਹ ਮੁਲਾਕਾਤ ਵੀਡੀਓ ਕਾਨਫਰੈਂਸਿੰਗ ਰਾਹੀਂ ਵਰਚੁਅਲ ਹੀ ਹੋਵੇਗੀ। ਇਸ ਸਾਲ ਦੇ ਸਿਖਰ ਸਮਾਰੋਹ 'ਚ ਬ੍ਰਿਕਸ ਦੇਸ਼ਾਂ ਦੇ ਨੇਤਾਵਾਂ ਦੀ ਬੈਠਕ ਦਾ ਵਿਸ਼ਾ 'ਗਲੋਬਲ ਸਥਿਰਤਾ, ਸਾਂਝੀ ਸੁਰੱਖਿਆ ਅਤੇ ਵਿਕਾਸ ਲਈ ਬ੍ਰਿਕਸ ਦੀ ਭਾਗੀਦਾਰੀ' ਹੈ।
ਐੱਲ.ਏ.ਸੀ. 'ਤੇ ਤਣਾਅ ਦਰਮਿਆ ਹਵਾਈ ਫੌਜ ਮੁਸਤੈਦ
ਦੱਸਣਯੋਗ ਹੈ ਕਿ ਭਾਰਤ ਅਤੇ ਚੀਨ ਦੀ ਸਰਹੱਦ 'ਤੇ ਤਣਾਅ ਨੂੰ ਘੱਟ ਕਰਨ ਲਈ ਦੋਹਾਂ ਦੇਸ਼ਾਂ ਵਲੋਂ ਕੋਸ਼ਿਸ਼ਾਂ ਜਾਰੀ ਹਨ। ਇਸ ਵਿਚ ਚੀਨ ਦੀ ਹਰ ਚਾਲ ਦਾ ਮੁਕਾਬਲਾ ਕਰਨ ਲਈ ਭਾਰਤੀ ਹਵਾਈ ਫੌਜ ਨੇ ਵੀ ਆਪਣੀ ਚੌਕਸੀ ਨੂੰ ਵਧਾ ਦਿੱਤਾ ਹੈ। ਅਜਿਹੇ 'ਚ ਜੇਕਰ ਚੀਨ ਫੌਜ ਨੂੰ ਪਿੱਛੇ ਹਟਾਉਣ, ਸਰਹੱਦ 'ਤੇ ਫੌਜ ਤਾਕਤ ਨਾ ਵਧਾਉਣ ਦੇ ਸਮਝੌਤੇ ਤੋਂ ਪਿੱਛੇ ਹਟਦਾ ਹੈ ਤਾਂ ਭਾਰਤ ਨੇ ਇਸ ਸਥਿਤੀ ਲਈ ਤਿਆਰੀ ਕਰ ਰੱਖੀ ਹੈ। ਜਾਣਕਾਰੀ ਅਨੁਸਾਰ ਹਵਾਈ ਫੌਜ ਨੇ ਸਰਹੱਦੀ ਇਲਾਕੇ 'ਚ ਆਪਣੀ ਮੁਸਤੈਦੀ ਵਧਾਈ ਹੈ। ਲੱਦਾਖ ਕੋਲ ਚੁਮਾਰ ਦੇ ਹੇਨਲੀ ਇਲਾਕੇ 'ਚ ਹਵਾਈ ਫੌਜ ਵੱਡੇ ਪੱਧਰ 'ਤੇ ਤਿਆਰੀ 'ਚ ਜੁਟੀ ਹੈ।