ਬ੍ਰੇਨ ਡੈੱਡ ਗਰਭਵਤੀ ਔਰਤ ਨੇ ਦਿੱਤਾ ਬੇਟੇ ਨੂੰ ਜਨਮ... 3 ਹੋਰ ਲੋਕਾਂ ਨੂੰ ਦੇ ਗਈ ਨਵੀਂ ਜ਼ਿੰਦਗੀ
Sunday, Jan 26, 2025 - 01:11 PM (IST)
ਨੈਸ਼ਨਲ ਡੈਸਕ- ਮਹਾਰਾਸ਼ਟਰ ਦੇ ਪੁਣੇ 'ਚ ਇਕ ਗਰਭਵਤੀ ਔਰਤ ਨੇ ਦੁਨੀਆ ਨੂੰ ਅਲਵਿਦਾ ਕਹਿੰਦੇ ਹੋਏ ਵੀ ਕਈ ਲੋਕਾਂ ਨੂੰ ਜ਼ਿੰਦਗੀ ਦੇ ਦਿੱਤੀ। ਹਾਦਸੇ ਦਾ ਸ਼ਿਕਾਰ ਹੋਈ ਇਸ ਔਰਤ ਨੇ ਬ੍ਰੇਨ ਡੈੱਡ ਐਲਾਨੇ ਜਾਣ ਦੇ ਬਾਵਜੂਦ ਇਕ ਪੁੱਤਰ ਨੂੰ ਜਨਮ ਦਿੱਤਾ ਅਤੇ ਆਪਣੇ ਅੰਗ ਦਾਨ ਕਰਕੇ ਤਿੰਨ ਲੋਕਾਂ ਨੂੰ ਨਵੀਂ ਜ਼ਿੰਦਗੀ ਦਿੱਤੀ। ਪੁਣੇ ਦੇ ਜ਼ੋਨਲ ਟ੍ਰਾਂਸਪਲਾਂਟ ਕੋਆਰਡੀਨੇਸ਼ਨ ਸੈਂਟਰ ਦੀ ਕੇਂਦਰੀ ਕੋ-ਆਰਡੀਨੇਟਰ ਆਰਤੀ ਗੋਖਲੇ ਨੇ ਕਿਹਾ ਕਿ ਔਰਤ ਆਪਣੇ ਪਤੀ ਨਾਲ ਸਕੂਟਰ 'ਤੇ ਪਿੱਛੇ ਬੈਠੀ ਸੀ। ਉਹ ਦੋਵੇਂ ਕਿਤੇ ਜਾ ਰਹੇ ਸਨ ਕਿ ਇਸ ਦੌਰਾਨ ਉਹ ਹਾਦਸੇ ਦਾ ਸ਼ਿਕਾਰ ਹੋ ਗਏ। ਸੜਕ 'ਤੇ ਡਿੱਗਣ ਕਾਰਨ ਔਰਤ ਦੇ ਸਿਰ 'ਤੇ ਸੱਟਾਂ ਲੱਗੀਆਂ। ਉਸ ਨੂੰ ਪਹਿਲਾਂ ਖੂਨ ਨਾਲ ਲੱਥਪੱਥ ਹਾਲਤ 'ਚ ਸਥਾਨਕ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੂੰ ਮੁੱਢਲੀ ਮਦਦ ਦਿੱਤੀ ਗਈ ਪਰ 25 ਸਾਲਾ ਮਹਿਲਾ ਮਰੀਜ਼ ਦੇ ਦਿਮਾਗ 'ਚ ਸੱਟ ਲੱਗੀ ਸੀ ਜਿਸ ਕਾਰਨ ਉਸ ਨੂੰ ਬ੍ਰੇਨ ਡੈੱਡ ਐਲਾਨ ਦਿੱਤਾ ਗਿਆ। ਪਰਿਵਾਰ ਦੀ ਇਜਾਜ਼ਤ ਨਾਲ ਡਾਕਟਰਾਂ ਨੇ ਔਰਤ ਦੀ ਡਿਲਿਵਰੀ ਸੀ-ਸੈਕਸ਼ਨ ਰਾਹੀਂ ਕੀਤੀ, ਜਿਸ ਦੇ ਨਤੀਜੇ ਵਜੋਂ ਇਕ ਸਿਹਤਮੰਦ ਬੱਚੇ ਦਾ ਜਨਮ ਹੋਇਆ। ਇਸ ਤੋਂ ਬਾਅਦ ਔਰਤ ਦੇ ਪਤੀ ਅਤੇ ਪਿਤਾ ਨੇ ਉਸ ਦੇ ਅੰਗ ਦਾਨ ਕਰਨ ਦਾ ਸਾਹਸਿਕ ਫੈਸਲਾ ਲਿਆ। ਔਰਤ ਦੇ ਗੁਰਦੇ, ਜਿਗਰ ਅਤੇ ਕਾਰਨੀਆ ਦਾਨ ਕੀਤੇ ਗਏ, ਜਿਸ ਨਾਲ 3 ਲੋਕਾਂ ਨੂੰ ਨਵੀਂ ਜ਼ਿੰਦਗੀ ਮਿਲੀ।
ਇਹ ਵੀ ਪੜ੍ਹੋ : Google ਨੇ ਡੂਡਲ ਰਾਹੀਂ ਆਪਣੇ ਅੰਦਾਜ 'ਚ ਮਨਾਇਆ 76ਵੇਂ ਗਣਤੰਤਰ ਦਿਵਸ ਦਾ ਜਸ਼ਨ
ਹਸਪਤਾਲ ਪ੍ਰਸ਼ਾਸਨ ਨੇ ਪਰਿਵਾਰ ਦੇ ਇਸ ਫੈਸਲੇ ਦੀ ਸ਼ਲਾਘਾ ਕਰਦੇ ਹੋਏ ਇਸ ਨੂੰ ਮਨੁੱਖਤਾ ਦਾ ਇਕ ਵੱਡਾ ਉਦਾਹਰਣ ਦੱਸਿਆ। ਡਾਕਟਰਾਂ ਅਨੁਸਾਰ, ਅੰਗਦਾਨ ਰਾਹੀਂ ਇਸ ਔਰਤ ਨੇ ਜਾਂਦੇ-ਜਾਂਦੇ ਵੀ ਤਿੰਨ ਪਰਿਵਾਰਾਂ ਨੂੰ ਖੁਸ਼ੀਆਂ ਅਤੇ ਉਮੀਦਾਂ ਦਿੱਤੀਆਂ। ਦਿਸ਼ਾ-ਨਿਰਦੇਸ਼ਾਂ ਅਨੁਸਾਰ, ਔਰਤ ਦੀ ਇਕ ਕਿਡਨੀ, ਇਕ ਲੀਵਰ ਅਤੇ 2 ਕਾਰਨੀਆ ਦਿੱਤੇ ਗਏ। ਦੂਜੀ ਕਿਡਨੀ ਨੂੰ ਜ਼ੋਨਲ ਟਰਾਂਸਪਲਾਂਟ ਕੋ-ਆਰਡੀਨੇਸ਼ਨ ਸੈਂਟਰ (ZTCC) ਪੁਣੇ ਰਾਹੀਂ ਡੋਨੇਟ ਕੀਤਾ ਗਿਆ। ਡੀਪੀਯੂ ਸੁਪਰ ਸਪੈਸ਼ਲਿਟੀ ਹਸਪਤਾਲ 'ਚ ਮਲਟੀ ਆਰਗਨ ਟਰਾਂਸਪਲਾਂਟ ਦੀ ਐੱਚ.ਓ.ਡੀ. ਡਾ. ਵ੍ਰਸ਼ਾਲੀ ਪਾਟਿਲ ਨੇ ਕਿਹਾ ਕਿ ਗਰਭ ਅਵਸਥਾ ਦੇ 9ਵੇਂ ਮਹੀਨੇ 'ਚ ਔਰਤ 20 ਜਨਵਰੀ ਨੂੰ ਅਹਿਮਦਨਗਰ ਦੇ ਪਾਰਨੇਰ 'ਚ ਹਾਦਸੇ ਤੋਂ ਬਾਅਦ ਬ੍ਰੇਨ ਡੈੱਡ ਐਲਾਨ ਕੀਤੀ ਗਈ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8