ਅਭਿਸ਼ੇਕ ਸ਼ਰਮਾ ਨੂੰ ਲੈ ਕੇ ਪਾਕਿਸਤਾਨੀ ਧਾਕੜ ਨੇ ਦੇ'ਤਾ ਵੱਡਾ ਬਿਆਨ ! ਛਿੜ ਗਈ ਨਵੀਂ ਚਰਚਾ

Sunday, Feb 15, 2026 - 02:03 PM (IST)

ਅਭਿਸ਼ੇਕ ਸ਼ਰਮਾ ਨੂੰ ਲੈ ਕੇ ਪਾਕਿਸਤਾਨੀ ਧਾਕੜ ਨੇ ਦੇ'ਤਾ ਵੱਡਾ ਬਿਆਨ ! ਛਿੜ ਗਈ ਨਵੀਂ ਚਰਚਾ

ਸਪੋਰਟਸ ਡੈਸਕ : ਟੀ-20 ਵਿਸ਼ਵ ਕੱਪ 2026 ਵਿੱਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਣ ਵਾਲੇ ਮਹਾ-ਮੁਕਾਬਲੇ ਤੋਂ ਪਹਿਲਾਂ ਬਿਆਨਬਾਜ਼ੀ ਦਾ ਦੌਰ ਤੇਜ਼ ਹੋ ਗਿਆ ਹੈ। ਪਾਕਿਸਤਾਨ ਦੇ ਸਾਬਕਾ ਤੇਜ਼ ਗੇਂਦਬਾਜ਼ ਮੁਹੰਮਦ ਆਮਿਰ ਨੇ ਭਾਰਤੀ ਨੌਜਵਾਨ ਬੱਲੇਬਾਜ਼ ਅਭਿਸ਼ੇਕ ਸ਼ਰਮਾ ਵਿਰੁੱਧ ਇੱਕ ਵਾਰ ਫਿਰ ਤਿੱਖੀ ਟਿੱਪਣੀ ਕੀਤੀ ਹੈ। ਆਮਿਰ ਨੇ ਅਭਿਸ਼ੇਕ ਨੂੰ 'ਸਲੌਗਰ' (ਸਿਰਫ਼ ਜ਼ੋਰਦਾਰ ਸ਼ਾਟ ਮਾਰਨ ਵਾਲਾ) ਕਰਾਰ ਦਿੱਤਾ ਹੈ ਅਤੇ ਕਿਹਾ ਹੈ ਕਿ ਉਹ ਆਪਣੇ ਇਸ ਬਿਆਨ ਤੋਂ ਪਿੱਛੇ ਨਹੀਂ ਹਟਣਗੇ, ਭਾਵੇਂ ਉਨ੍ਹਾਂ ਦੀ ਕਿੰਨੀ ਵੀ ਆਲੋਚਨਾ ਕਿਉਂ ਨਾ ਹੋਵੇ।

'ਸਲੌਗਰ' ਕਹਿਣ ਪਿੱਛੇ ਦਿੱਤੀ ਇਹ ਦਲੀਲ 
ਇੱਕ ਪਾਕਿਸਤਾਨੀ ਸ਼ੋਅ 'ਹਾਰਨਾ ਮਨਾ ਹੈ' ਵਿੱਚ ਗੱਲਬਾਤ ਕਰਦਿਆਂ ਆਮਿਰ ਨੇ ਕਿਹਾ ਕਿ ਅਭਿਸ਼ੇਕ ਸ਼ਰਮਾ ਦੀ ਹਮਲਾਵਰ ਬੱਲੇਬਾਜ਼ੀ ਸਿਰਫ਼ ਛੋਟੇ ਮੈਦਾਨਾਂ ਅਤੇ ਸਪਾਟ ਪਿੱਚਾਂ ਦਾ ਨਤੀਜਾ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਜਿਹੜਾ ਖਿਡਾਰੀ ਗੇਂਦ ਦੀ ਲਾਈਨ ਨੂੰ ਸਹੀ ਤਰ੍ਹਾਂ ਜੱਜ ਨਹੀਂ ਕਰ ਸਕਦਾ ਅਤੇ ਗੇਂਦ ਨੂੰ ਡਿਫੈਂਡ ਨਹੀਂ ਕਰ ਸਕਦਾ, ਉਸ ਨੂੰ ਪੂਰਾ ਬੱਲੇਬਾਜ਼ ਨਹੀਂ ਕਿਹਾ ਜਾ ਸਕਦਾ। ਆਮਿਰ ਅਨੁਸਾਰ, ਅਭਿਸ਼ੇਕ ਦੀ ਅਸਲੀ ਪ੍ਰੀਖਿਆ ਉਦੋਂ ਹੋਵੇਗੀ ਜਦੋਂ ਉਹ ਦੱਖਣੀ ਅਫਰੀਕਾ, ਨਿਊਜ਼ੀਲੈਂਡ ਅਤੇ ਇੰਗਲੈਂਡ ਵਰਗੇ ਦੇਸ਼ਾਂ ਵਿੱਚ ਸਵਿੰਗ ਹੁੰਦੀ ਗੇਂਦ ਦਾ ਸਾਹਮਣਾ ਕਰਨਗੇ। ਉਨ੍ਹਾਂ ਚੁਣੌਤੀ ਦਿੰਦਿਆਂ ਕਿਹਾ ਕਿ ਜੇਕਰ ਉਹ ਉੱਥੇ ਸਫਲ ਹੁੰਦੇ ਹਨ, ਤਾਂ ਹੀ ਉਹ ਉਨ੍ਹਾਂ ਨੂੰ ਸਹੀ ਮਾਇਨੇ ਵਿੱਚ ਬੱਲੇਬਾਜ਼ ਮੰਨਣਗੇ।

ਵਿਰਾਟ ਕੋਹਲੀ ਨਾਲ ਤੁਲਨਾ 
ਆਮਿਰ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਦੀ ਰਾਏ ਕਿਸੇ ਪੱਖਪਾਤ 'ਤੇ ਆਧਾਰਿਤ ਨਹੀਂ ਹੈ। ਉਨ੍ਹਾਂ ਨੇ ਵਿਰਾਟ ਕੋਹਲੀ ਦੀ ਤਾਰੀਫ਼ ਕਰਦਿਆਂ ਉਨ੍ਹਾਂ ਨੂੰ ਇਸ ਦੌਰ ਦਾ ਮਹਾਨ ਖਿਡਾਰੀ ਦੱਸਿਆ, ਪਰ ਅਭਿਸ਼ੇਕ ਦੇ ਮਾਮਲੇ ਵਿੱਚ ਆਪਣੀ ਰਾਏ 'ਤੇ ਕਾਇਮ ਰਹੇ। ਦੂਜੇ ਪਾਸੇ, ਸਾਬਕਾ ਪਾਕਿਸਤਾਨੀ ਬੱਲੇਬਾਜ਼ ਅਹਿਮਦ ਸ਼ਹਿਜ਼ਾਦ ਨੇ ਇਸ ਮੁੱਦੇ 'ਤੇ ਸੰਤੁਲਿਤ ਨਜ਼ਰੀਆ ਪੇਸ਼ ਕਰਦਿਆਂ ਕਿਹਾ ਕਿ ਇਹ ਆਮਿਰ ਦੀ ਨਿੱਜੀ ਰਾਏ ਹੈ ਕਿਉਂਕਿ ਇੱਕ ਗੇਂਦਬਾਜ਼ ਵਜੋਂ ਉਹ ਤਕਨੀਕੀ ਕਮੀਆਂ ਦੇਖਦੇ ਹਨ।

ਜ਼ਿਕਰਯੋਗ ਹੈ ਕਿ ਅਭਿਸ਼ੇਕ ਸ਼ਰਮਾ ਦੀ ਸਿਹਤ ਪਿਛਲੇ ਕੁਝ ਦਿਨ ਤੋਂ ਠੀਕ ਨਹੀਂ ਸੀ ਪਰ ਹੁਣ ਕਪਤਾਨ ਸੂਰਯਕੁਮਾਰ ਨੇ ਐਤਵਾਰ ਨੂੰ ਹੋਣ ਵਾਲੇ ਦੇ ਟੀ20 ਵਿਸ਼ਵ ਕੱਪ ਦੇ ਭਾਰਤ ਦੇ ਪਾਕਿਸਤਾਨ ਨਾਲ ਹੋਣ ਵਾਲੇ ਮੈਚ 'ਚ ਅਭਿਸ਼ੇਕ ਸ਼ਰਮਾ ਦੇ ਖੇਡਣ ਦੇ ਸੰਕੇਤ ਦਿੱਤੇ ਹਨ। ਭਾਰਤੀ ਪ੍ਰਸ਼ੰਸਕਾਂ ਨੂੰ ਅਭਿਸ਼ੇਕ ਤੋਂ ਵਿਰੋਧੀ ਟੀਮ ਖਿਲਾਫ ਧਮਾਕੇਦਾਰ ਪ੍ਰਦਰਸ਼ਨ ਦੀ ਉਮੀਦ ਹੈ। 


author

Tarsem Singh

Content Editor

Related News