ਬੁਆਏਜ਼ ਲਾਕਰ ਰੂਮ ਕਾਂਡ ''ਚ ਖੁਲਾਸਾ, ਨੋਇਡਾ ਦੇ ਇਕ ਮੁੰਡੇ ਨੇ ਬਣਾਇਆ ਸੀ ਗਰੁੱਪ

05/06/2020 5:57:57 PM

ਨਵੀਂ ਦਿੱਲੀ- ਇੰਸਟਾਗ੍ਰਾਮ ਬੁਆਏਜ਼ ਲਾਕਰ ਰੂਮ ਚੈਟਿੰਗ ਮਾਮਲੇ 'ਚ ਦਿੱਲੀ ਪੁਲਸ ਦੇ ਸਾਈਬਰ ਕ੍ਰਾਈਮ ਸੈੱਲ ਨੇ ਆਪਣੀ ਜਾਂਚ ਤੇਜ਼ ਕਰ ਦਿੱਤੀ ਹੈ। ਬੁਆਏਜ਼ ਲਾਕਰ ਰੂਮ ਦਾ ਨੋਇਡਾ ਲਿੰਕ ਸਾਹਮਣੇ ਆਇਆ ਹੈ। ਸਾਈਬਰ ਸੈੱਲ ਦੀ ਜਾਂਚ 'ਚ ਖੁਲਾਸਾ ਹੋਇਆ ਹੈ ਕਿ ਇੰਸਟਾਗ੍ਰਾਮ 'ਤੇ ਬੁਆਏਜ਼ ਲਾਕਰ ਰੂਮ ਗਰੁੱਪ ਦਿੱਲੀ ਨਾਲ ਲੱਗਦੇ ਨੋਇਡਾ ਦੇ ਇਕ ਮੁੰਡੇ ਨੇ ਬਣਾਇਆ ਸੀ। ਉਹ ਗਰੁੱਪ ਐਡਮਿਨ ਵੀ ਹੈ ਅਤੇ ਨਾਬਾਲਗ ਹੈ। ਇਸੇ ਮੁੰਡੇ ਨੇ ਇੰਸਟਾਗ੍ਰਾਮ 'ਤੇ ਗਰੁੱਪ ਬਣਾਉਣ ਤੋਂ ਬਾਅਦ ਹੋਰ ਮੁੰਡਿਆਂ ਨੂੰ ਇਸ ਗਰੁੱਪ ਨਾਲ ਜੋੜਿਆ ਅਤੇ ਕਈ ਮੁੰਡਿਆਂ ਨੂੰ ਇਸ ਦਾ ਗਰੁੱਪ ਐਡਮਿਨ ਵੀ ਬਣਾ ਦਿੱਤਾ। ਜਾਂਚ 'ਚ ਪਤਾ ਲੱਗਾ ਹੈ ਕਿ ਗਰੁੱਪ 'ਚ ਸ਼ਾਮਲ ਵਿਦਿਆਰਥੀ ਅਤੇ ਪਾਸਆਊਟ ਵਿਦਿਆਰਤੀ ਹੋਰ ਵਿਦਿਆਰਥੀਆਂ ਦੀਆਂ ਤਸਵੀਰਾਂ ਗਰੁੱਪ 'ਚ ਪਾਉਂਦੇ ਸਨ। ਇਸ ਸੰਬੰਧ 'ਚ ਗਰੁੱਪ ਦੇ ਬਾਲਗ ਮੈਂਬਰਾਂ ਨੂੰ ਵੀ ਪੁੱਛ-ਗਿੱਛ ਲਈ ਬੁਲਾਇਆ ਗਿਆ ਪਰ ਉਹ ਹੁਣ ਤੱਕ ਪੁਲਸ ਕੋਲ ਨਹੀਂ ਆਏ ਹਨ।

ਅਸ਼ਲੀਲ ਫੋਟੋਆਂ ਮੁੰਡਿਆਂ ਕੋਲ ਕਿਵੇਂ ਆਈਆਂ
ਤਸਵੀਰਾਂ ਨੂੰ ਲੈ ਕੇ ਪੁਲਸ ਦਾ ਕਹਿਣਾ ਹੈ ਕਿ ਕੁੜੀਆਂ ਦੀ ਅਸ਼ਲੀਲ ਫੋਟੋਆਂ ਇਨਾਂ ਮੁੰਡਿਆਂ ਕੋਲ ਕਿਵੇਂ ਆਈਆਂ, ਇਹ ਸਵਾਲ ਵੀ ਅਹਿਮ ਬਣਿਆ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਗਰੁੱਪ ਦੇ ਇਕ ਮੁੰਡੇ ਨੇ ਹੀ ਬੁਆਏਜ਼ ਲਾਕਰ ਦੀ ਗੱਲ ਉਸ ਕੁੜੀ ਨੂੰ ਦੱਸੀ ਸੀ, ਜਿਸ ਦੀਆਂ ਤਸਵੀਰਾਂ ਗਰੁੱਪ 'ਚ ਸ਼ੇਅਰ ਕੀਤੀਆਂ ਗਈਆਂ ਸਨ। ਇਸੇ ਮੁੰਡੇ ਨੇ ਹੀ ਕੁੜੀ ਨੂੰ ਗਰੁੱਪ ਦੇ ਸਕਰੀਨ ਸ਼ਾਟ ਭੇਜੇ ਸਨ। ਇਸ ਤੋਂ ਬਾਅਦ ਮਾਮਲਾ ਜਿਵੇਂ ਹੀ ਅੱਗੇ ਵਧਿਆ ਤਾਂ ਮੁੰਡਿਆਂ ਨੇ ਪੂਰਾ ਗਰੁੱਪ ਹੀ ਡਿਲੀਟ ਕਰ ਦਿੱਤਾ ਪਰ ਇਸ ਤੋਂ ਪਹਿਲਾਂ ਸੰਬੰਧਤ ਤਸਵੀਰ ਵਾਲੀ ਕੁੜੀ ਨੇ ਟਵਿੱਟਰ 'ਤੇ ਸਾਰੀਆਂ ਗੱਲਾਂ ਸ਼ੇਅਰ ਕਰ ਦਿੱਤੀਆਂ ਸਨ।

5 ਹੋਰ ਵਿਦਿਆਰਥੀਆਂ ਤੋਂ ਮਾਤਾ-ਪਿਤਾ ਦੇ ਸਾਹਮਣੇ ਪੁੱਛ-ਗਿੱਛ
ਇਸ ਮਾਮਲੇ 'ਚ ਇਕ ਦਿਨ ਪਹਿਲਾਂ ਮੁੰਡੇ ਨੂੰ ਫੜਨ ਅਤੇ ਉਸ ਦਾ ਮੋਬਾਇਲ ਫੋਨ ਬਰਾਮਦ ਕਰਨ ਤੋਂ ਬਾਅਦ ਬੁੱਧਵਾਰ ਨੂੰ 5 ਹੋਰ ਵਿਦਿਆਰਥੀਆਂ ਤੋਂ ਪੁੱਛ-ਗਿੱਛ ਕਰ ਰਹੀ ਹੈ। ਇਹ ਸਾਰੇ ਵਿਦਿਆਰਥੀ ਦਿੱਲੀ ਦੇ ਨਾਮੀ ਸਕੂਲ 'ਚ ਪੜਦੇ ਹਨ ਅਤੇ 9ਵੀਂ ਤੋਂ ਲੈ ਕੇ 12ਵੀਂ ਤੱਕ ਦੇ ਵਿਦਿਆਰਥੀ ਹਨ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਇਨਾਂ 5 ਵਿਦਿਆਰਥੀਆਂ ਤੋਂ ਉਨਾਂ ਦੇ ਮਾਤਾ-ਪਿਤਾ ਦੇ ਸਾਹਮਣੇ ਘੱਟੋ-ਘੱਟ 6 ਘੰਟੇ ਤੱਕ ਪੁੱਛ-ਗਿੱਛ ਕੀਤੀ ਗਈ। ਇਸ ਦੇ ਨਾਲ ਹੀ ਇਸ ਗਰੁੱਪ ਨਾਲ ਜੁੜੇ ਸਾਰੇ 21 ਲੋਕਾਂ ਨੂੰ ਵੀ ਪੁਲਸ ਪੁੱਛ-ਗਿੱਛ ਦੇ ਸਿਲਸਿਲੇ 'ਚ ਨੋਟਿਸ ਜਾਰੀ ਕਰ ਚੁਕੀ ਹੈ। ਸੰਭਵ ਹੈ ਕਿ ਅਗਲੇ ਕੁਝ ਦਿਨਾਂ 'ਚ ਇਹ ਸਾਰੇ ਜਾਂਚ ਦੀ ਸਖਤ ਪੁੱਛ-ਗਿੱਛ 'ਚ ਸ਼ਾਮਲ ਹੋਣ।


DIsha

Content Editor

Related News