ਸਕੂਲ ਜਾਣ ਨੂੰ ਨਹੀਂ ਕਰਦਾ ਸੀ ਦਿੱਲ, ਈ-ਮੇਲ ਭੇਜ ਮੁੰਡੇ ਨੇ ਦੇ ਦਿੱਤੀ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ

Saturday, Aug 03, 2024 - 02:12 PM (IST)

ਨੈਸ਼ਨਲ ਡੈਸਕ : ਦੱਖਣੀ ਦਿੱਲੀ ਦੇ ਇਕ ਨਿੱਜੀ ਸਕੂਲ 'ਚ ਹਾਲ ਹੀ 'ਚ ਬੰਬ ਦੀ ਧਮਕੀ ਵਾਲਾ ਈ-ਮੇਲ ਆਇਆ ਸੀ, ਜਿਸ ਤੋਂ ਬਾਅਦ ਦਿੱਲੀ ਪੁਲਸ ਸਰਗਰਮ ਹੋ ਗਈ ਸੀ। ਜਾਂਚ 'ਚ ਜੋ ਖੁਲਾਸਾ ਹੋਇਆ ਹੈ, ਉਹ ਹੈਰਾਨੀਜਨਕ ਹੈ। ਧਮਕੀ ਦੇਣ ਵਾਲੇ ਦੋਸ਼ੀ, ਜਿਸ ਦੀ ਉਮਰ ਸਿਰਫ 14 ਸਾਲ ਹੈ, ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਦਰਅਸਲ ਗ੍ਰੇਟਰ ਕੈਲਾਸ਼-1 ਦੇ ਸਮਰ ਫੀਲਡ ਸਕੂਲ 'ਚ ਉਸ ਸਮੇਂ ਦਹਿਸ਼ਤ ਫੈਲ ਗਈ ਸੀ, ਜਦੋਂ ਸ਼ੁੱਕਰਵਾਰ 2 ਅਗਸਤ ਦੀ ਸਵੇਰ ਨੂੰ ਬੰਬ ਦੀ ਧਮਕੀ ਵਾਲੀ ਈ-ਮੇਲ ਮਿਲੀ। ਸਕੂਲ ਵਿੱਚ ਬੰਬ ਰੱਖਣ ਦੀ ਜਾਣਕਾਰੀ ਈਮੇਲ ਰਾਹੀਂ ਦਿੱਤੀ ਗਈ। ਇਸ ਖਬਰ ਨਾਲ ਸਕੂਲ 'ਚ ਹੜਕੰਪ ਮਚ ਗਿਆ। ਹਾਲਾਂਕਿ ਘਟਨਾ ਦੀ ਸੂਚਨਾ ਮਿਲਦੇ ਹੀ ਤੁਰੰਤ ਪੁਲਸ ਨੂੰ ਸੱਦਿਆ ਗਿਆ।

ਸੂਚਨਾ ਮਿਲਦੇ ਹੀ ਪੁਲਸ ਸਕੂਲ ਪਹੁੰਚੀ ਅਤੇ 10 ਮਿੰਟਾਂ 'ਚ ਸਕੂਲ ਨੂੰ ਖਾਲੀ ਕਰਵਾਇਆ। ਇਸ ਸਬੰਧੀ ਮਾਪਿਆਂ ਨੂੰ ਵੀ ਸੂਚਿਤ ਕੀਤਾ ਗਿਆ। ਮਾਪੇ ਵੀ ਆਪਣੇ ਬੱਚਿਆਂ ਨੂੰ ਲੈਣ ਸਕੂਲ ਪਹੁੰਚੇ। ਇਸ ਤੋਂ ਬਾਅਦ ਪੁਲਸ ਨੇ ਕਰੀਬ ਤਿੰਨ ਘੰਟੇ ਤੱਕ ਸਕੂਲ ਦੀ ਜਾਂਚ ਕੀਤੀ। ਜਾਂਚ ਤੋਂ ਬਾਅਦ ਪੁਲਸ ਨੇ ਸੂਚਨਾ ਨੂੰ ਝੂਠਾ ਕਰਾਰ ਦਿੱਤਾ। ਪੁਲਸ ਨੇ ਮੁਲਜ਼ਮਾਂ ਦੀ ਪਛਾਣ ਵੀ ਕਰ ਲਈ ਹੈ।

14 ਸਾਲਾ ਨਾਬਾਲਗ ਨੇ ਦਿੱਤੀ ਸੀ ਧਮਕੀ

ਪੁਲਸ ਜਾਂਚ ਦੌਰਾਨ ਸਕੂਲ ਨੂੰ ਧਮਕੀ ਭਰੀ ਈ-ਮੇਲ ਭੇਜਣ ਵਾਲੇ ਮੁੰਡੇ ਦੀ ਪਛਾਣ ਵੀ ਹੋ ਗਈ। ਜਾਂਚ ਵਿੱਚ ਸਾਹਮਣੇ ਆਇਆ ਕਿ ਅਜਿਹਾ ਕਰਨ ਵਾਲਾ ਮੁੰਡਾ ਸਕੂਲ ਦਾ ਵਿਦਿਆਰਥੀ ਸੀ। ਦਰਅਸਲ 14 ਸਾਲਾ ਵਿਦਿਆਰਥੀ ਨੇ ਸਕੂਲ ਨੂੰ ਬੰਬ ਦੀ ਧਮਕੀ ਵਾਲੀ ਈਮੇਲ ਭੇਜੀ ਸੀ। ਪੁੱਛਗਿੱਛ ਦੌਰਾਨ ਵਿਦਿਆਰਥੀ ਨੇ ਪੁਲਸ ਨੂੰ ਦੱਸਿਆ ਕਿ ਉਸ ਨੂੰ ਸਕੂਲ ਆਉਣਾ ਮਨ ਨਹੀਂ ਕਰਦਾ ਸੀ। ਇਸ ਕਾਰਨ ਉਸ ਨੇ ਇਹ ਮੇਲ ਭੇਜਿਆ ਹੈ। ਮੇਲ ਵਿੱਚ 2 ਹੋਰ ਸਕੂਲਾਂ ਦੇ ਨਾਂ ਵੀ ਸ਼ਾਮਲ ਸਨ। ਇਸ ਬਾਰੇ ਉਨ੍ਹਾਂ ਕਿਹਾ ਕਿ ਕਿਸੇ ਨੂੰ ਕੋਈ ਸ਼ੱਕ ਨਾ ਹੋਵੇ, ਇਸ ਲਈ ਉਸ ਨੇ ਧਮਕੀ ਭਰੇ ਈਮੇਲ ਨੂੰ ਭੇਜਣ ਵੇਲੇ 2 ਹੋਰ ਸਕੂਲਾਂ ਦੇ ਨਾਂ ਸ਼ਾਮਲ ਕਰ ਦਿੱਤੇ। ਹੁਣ ਪੁਲਿਸ ਹੋਰ ਜਾਣਕਾਰੀ ਜੁਟਾਉਣ ਵਿੱਚ ਲੱਗੀ ਹੋਈ ਹੈ।


DILSHER

Content Editor

Related News