ਮੁੱਕੇਬਾਜ਼ ਵਿਜੇਂਦਰ ਦਾ DSP ਅਹੁਦੇ ਤੋਂ ਅਸਤੀਫਾ
Tuesday, Apr 23, 2019 - 01:04 PM (IST)

ਚੰਡੀਗੜ— ਹਰਿਆਣਾ ਪੁਲਸ 'ਚ ਡੀ.ਐੱਸ.ਪੀ. ਅਹੁਦੇ 'ਤੇ ਤਾਇਨਾਤ ਪੇਸ਼ੇਵਰ ਮੁੱਕੇਬਾਜ਼ ਵਿਜੇਂਦਰ ਸਿੰਘ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਨੇ ਸੋਮਵਾਰ ਨੂੰ ਹੀ ਗ੍ਰਹਿ ਵਿਭਾਗ ਨੂੰ ਆਪਣਾ ਅਸਤੀਫਾ ਭੇਜ ਦਿੱਤਾ ਸੀ। ਰਾਜਪਾਲ ਨੇ ਉਨ੍ਹਾਂ ਦਾ ਅਸਤੀਫਾ ਮਨਜ਼ੂਰ ਕਰ ਲਿਆ ਹੈ।
ਗ੍ਰਹਿ ਵਿਭਾਗ ਦੇ ਵਧੀਕ ਸਕੱਤਰ ਐੱਸ.ਐੱਸ. ਪ੍ਰਸਾਦ ਨੇ ਕਿਹਾ ਕਿ ਰਾਜਪਾਲ ਨੇ ਵਿਜੇਂਦਰ ਸਿੰਘ ਦਾ ਅਸਤੀਫਾ ਸਵੀਕਾਰ ਕਰ ਲਿਆ ਹੈ। ਇਸ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ। ਭੁਪਿੰਦਰ ਸਿੰਘ ਹੁੱਡਾ ਦੀ ਪਿਛਲੀ ਸਰਕਾਰ ਨੇ ਬਾਕਸਿੰਗ 'ਚ ਵਿਜੇਂਦਰ ਦੀਆਂ ਉਪਬਲਧੀਆਂ ਦੇ ਚਲਦੇ ਉਨ੍ਹਾਂ ਨੂੰ ਸਨਮਾਨ ਸਵਰੂਪ ਹਰਿਆਣਾ ਪੁਲਸ 'ਚ ਡੀ.ਐੱਸ.ਪੀ. ਦੀ ਪੋਸਟ ਦਿੱਤੀ ਸੀ। ਵਿਜੇਂਦਰ ਨੇ ਬੀਜਿੰਗ ਓਲੰਪਿਕ 'ਚ ਕਾਂਸੀ ਤਮਗਾ ਜਿੱਤਿਆ ਸੀ। ਇਸ ਤੋਂ ਬਾਅਦ ਹੁੱਡਾ ਸਰਕਾਰ ਨੇ ਉਨ੍ਹਾਂ ਨੂੰ ਐੱਚ.ਪੀ.ਐੱਸ. ਬਣਾਇਆ ਸੀ। 2015 'ਚ ਪੇਸ਼ੇਵਰ ਮੁੱਕੇਬਾਜ਼ ਬਣਨ ਦੇ ਦੌਰਾਨ ਵੀ ਉਨ੍ਹਾਂ ਦੇ ਡੀ.ਐੱਸ. ਪੀ. ਅਹੁਦੇ ਨੂੰ ਲੈਕੇ ਵਿਵਾਦ ਖੜਾ ਹੋਇਆ ਸੀ। ਪਰ ਸਰਕਾਰ ਨੇ ਉਨ੍ਹਾਂ ਨੂੰ ਡੀ.ਐੱਸ.ਪੀ. ਅਹੁਦੇ 'ਤੇ ਬਰਕਰਾਰ ਰਖਿਆ ਸੀ। ਸਰਕਾਰ ਨੇ ਵਿਜੇਂਦਰ ਸਿੰਘ ਦਾ ਪੱਖ ਵੀ ਜਾਣਿਆ ਸੀ।
ਇਸ ਵਿਚਾਲੇ ਵਿਜੇਂਦਰ ਦਾ ਇਕ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ, ''ਬਾਕਸਿੰਗ ਦੇ 20 ਸਾਲ ਦੇ ਕਰੀਅਰ 'ਚ ਮੈਂ ਦੇਸ਼ ਦੀ ਜਨਤਾ ਨੂੰ ਹਮੇਸ਼ਾ ਆਪਣੇ ਪ੍ਰਦਰਸ਼ਨ ਨਾਲ ਮਾਣ ਮਹਿਸੂਸ ਕਰਾਇਆ ਹੈ। ਹੁਣ ਦੇਸ਼ ਦੇ ਲੋਕਾਂ ਲਈ ਕੁਝ ਕਰਨ ਦਾ ਸਮਾਂ ਆ ਗਿਆ ਹੈ। ਮੈਂ ਉਨ੍ਹਾਂ ਦੀ ਸੇਵਾ ਕਰਨਾ ਚਾਹੁੰਦਾ ਹਾਂ। ਮੇਰੇ 'ਤੇ ਭਰੋਸਾ ਜਿਤਾਉਣ ਲਈ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਦਾ ਮੈਂ ਧੰਨਵਾਦ ਕਰਦਾ ਹਾਂ।''