ਕਾਂਸਟੇਬਲ ਅਮਨਦੀਪ ਦਾ ਸਾਥੀ ਬਲਵਿੰਦਰ ਸੋਨੂੰ ਜ਼ੀਰਕਪੁਰ ਤੋਂ ਗ੍ਰਿਫ਼ਤਾਰ, ਵੱਡੇ ਖ਼ੁਲਾਸੇ ਹੋਣ ਦੀ ਸੰਭਾਵਨਾ
Monday, Apr 21, 2025 - 11:22 PM (IST)

ਜ਼ੀਰਕਪੁਰ ( ਜੁਨੇਜਾ) : ਨਸ਼ੇ ਦੇ ਕੇਸ ’ਚ ਫੜੀ ਗਈ ਕਾਂਸਟੇਬਲ ਅਮਨਦੀਪ ਕੌਰ ਦੇ ਮਾਮਲੇ ’ਚ ਉਸ ਦੇ ਸਾਥੀ ਬਲਵਿੰਦਰ ਸਿੰਘ ਉਰਫ਼ ਸੋਨੂੰ ਨੂੰ ਸੀ.ਆਈ.ਏ. ਪੁਲਸ ਨੇ ਸੋਮਵਾਰ ਨੂੰ ਜ਼ੀਰਕਪੁਰ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਹਾਲਾਂਕਿ ਬਠਿੰਡਾ ਦੇ ਐੱਸ.ਐੱਸ.ਪੀ. ਅਮਨੀਤ ਕੌਂਡਲ ਵੱਲੋਂ ਅਜੇ ਤੱਕ ਕੋਈ ਅਧਿਕਾਰਿਕ ਬਿਆਨ ਨਹੀਂ ਆਇਆ ਪਰ ਸੂਤਰਾਂ ਮੁਤਾਬਕ ਸੋਨੂੰ ਨੂੰ ਗ੍ਰਿਫ਼ਤਾਰ ਕਰ ਕੇ ਪੁਲਸ ਟੀਮ ਬਠਿੰਡਾ ਵੱਲ ਰਵਾਨਾ ਹੋ ਚੁੱਕੀ ਹੈ। ਅਮਨਦੀਪ ਕੌਰ ਦੀ ਪੁੱਛਗਿੱਛ ਦੇ ਆਧਾਰ ’ਤੇ ਪੁਲਸ ਨੇ ਬਲਵਿੰਦਰ ਸੋਨੂੰ ਨੂੰ ਨਾਮਜ਼ਦ ਕੀਤਾ ਸੀ। ਗ੍ਰਿਫ਼ਤਾਰੀ ਤੋਂ ਪਹਿਲਾਂ ਉਹ ਜ਼ਿਲ੍ਹਾ ਅਦਾਲਤ ’ਚ ਗੁਰਮੀਤ ਕੌਰ ਨਾਂ ਦੀ ਔਰਤ ਨਾਲ ਪੁਲਸ ਦੀ ਮੌਜੂਦਗੀ ’ਚ ਕੁੱਟਮਾਰ ਕਰ ਕੇ ਫ਼ਰਾਰ ਹੋ ਗਿਆ ਸੀ।
ਬੱਬੂ ਮਾਨ ਦੇ ਅਖਾੜੇ ’ਚ ਅਚਾਨਕ ਪੈ ਗਿਆ ਗਾਹ, ਪੁਲਸ ਨੇ ਹੁਲੜਬਾਜਾਂ ’ਤੇ ਵਰ੍ਹਾ'ਤੀਆਂ ਡਾਂਗਾਂ
ਇਸ ਘਟਨਾ ’ਤੇ ਮਹਿਲਾ ਕਮਿਸ਼ਨ ਨੇ ਸਖ਼ਤ ਨੋਟਿਸ ਲੈਂਦਿਆਂ ਐਸ.ਐੱਸ.ਪੀ. ਨੂੰ ਕਾਰਵਾਈ ਦੇ ਹੁਕਮ ਦਿੱਤੇ ਸਨ, ਜਿਸ ਤੋਂ ਬਾਅਦ ਸੋਨੂੰ ’ਤੇ ਕੁੱਟਮਾਰ ਦਾ ਕੇਸ ਦਰਜ ਕੀਤਾ ਗਿਆ। ਫ਼ਰਾਰ ਹੋਣ ਤੋਂ ਬਾਅਦ ਸੋਨੂੰ ਬੁਲੇਟ ’ਤੇ ਸਵਾਰ ਹੋ ਕੇ ਗਹਿਰੀ ਬੁੱਟਰ ਚਲਾ ਗਿਆ, ਜਿੱਥੇ ਉਹ ਦੋ ਬਾਬਿਆਂ ਕੋਲ ਆਪਣਾ ਮੋਟਰਸਾਈਕਲ ਖੜ੍ਹਾ ਕਰ ਕੇ ਵਰਨਾ ਕਾਰ ਰਾਹੀਂ ਦਿੱਲੀ ਲਈ ਰਵਾਨਾ ਹੋ ਗਿਆ। ਪੁਲਸ ਦੀਆਂ ਟੀਮਾਂ ਉਸ ਦੀ ਤਲਾਸ਼ ’ਚ ਲਗਾਤਾਰ ਲੱਗੀਆਂ ਹੋਈਆਂ ਸਨ। ਸੂਚਨਾ ਮਿਲਣ ’ਤੇ ਐਤਵਾਰ ਦੇ ਰਾਤ ਸੀ.ਆਈ.ਏ. ਟੀਮ ਜ਼ੀਰਕਪੁਰ ਪੁੱਜੀ ਤੇ ਸੋਮਵਾਰ ਦੁਪਹਿਰ ਉਸ ਨੂੰ ਗ੍ਰਿਫ਼ਤਾਰ ਕਰ ਲਿਆ।
ਨਕਸ਼ਾ ਪਾਸ ਕਰਵਾਉਣ ਲਈ 50000 'ਚ ਤੈਅ ਹੋਇਆ ਸੌਦਾ! ਫਿਰ ਵਿਜੀਲੈਂਸ ਨੇ ਪਾ'ਤੀ ਕਾਰਵਾਈ...
ਹੁਣ ਪੁਲਸ ਅਮਨਦੀਪ ਕੌਰ ਨੂੰ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਕੇ ਸੋਨੂੰ ਸਾਹਮਣੇ ਬਿਠਾ ਕੇ ਪੁੱਛਗਿੱਛ ਕਰਨ ਦੀ ਯੋਜਨਾ ਬਣਾ ਰਹੀ ਹੈ। ਹੁਣ ਇਸ ਮਾਮਲੇ ’ਚ ਵੱਡੇ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ। 2 ਅਪ੍ਰੈਲ ਨੂੰ ਅਮਨਦੀਪ ਕੌਰ ਨੂੰ ਉਸ ਵੇਲੇ ਫੜਿਆ ਗਿਆ ਸੀ ਜਦ ਉਹ ਆਪਣੀ ਥਾਰ ਗੱਡੀ ’ਚ ਜਾ ਰਹੀ ਸੀ ਤੇ ਏ.ਐਨ.ਟੀ.ਐੱਫ. ਦੀ ਟੀਮ ਨੇ ਉਸ ਦੀ ਗੱਡੀ ’ਚੋਂ 17 ਗ੍ਰਾਮ ਹੈਰੋਇਨ ਬਰਾਮਦ ਕੀਤੀ ਸੀ। ਇਸ ਮਾਮਲੇ ‘ਚ ਥਾਣਾ ਕੈਨਾਲ ’ਚ ਵੱਖ-ਵੱਖ ਧਾਰਾਵਾਂ ਹੇਠ ਕੇਸ ਦਰਜ ਕੀਤਾ ਗਿਆ ਸੀ। ਹੁਣ ਸੋਨੂੰ ਦੀ ਗ੍ਰਿਫ਼ਤਾਰੀ ਤੋਂ ਬਾਅਦ ਇਹ ਮਾਮਲਾ ਹੋਰ ਵੀ ਗੰਭੀਰ ਹੋ ਗਿਆ ਹੈ। ਪੁਲਸ ਦੀ ਅਗਲੀ ਕਾਰਵਾਈ ’ਤੇ ਸਭ ਦੀ ਨਿਗ੍ਹਾ ਟਿਕੀ ਹੋਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8