ਬ੍ਰਿਟੇਨ ਦੇ ਪੀ.ਐੱਮ. ਬੋਰਿਸ ਜਾਨਸਨ ਨੇ ਭਾਰਤ ਨੂੰ ਗਣਤੰਤਰ ਦਿਵਸ ਦੀਆਂ ਦਿੱਤੀਆਂ ਸ਼ੁੱਭਕਾਮਨਾਵਾਂ
Tuesday, Jan 26, 2021 - 06:26 PM (IST)
ਲੰਡਨ (ਭਾਸ਼ਾ): ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਭਾਰਤ ਨੂੰ ਗਣਤੰਤਰ ਦਿਵਸ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ। ਜਾਨਸਨ ਨੇ ਕਿਹਾ ਕਿ ਮਨੁੱਖਤਾ ਨੂੰ ਕੋਰੋਨਾ ਵਾਇਰਸ ਗਲੋਬਲ ਮਹਾਮਾਰੀ ਤੋਂ ਮੁਕਤ ਕਰਾਉਣ ਲਈ ਦੋਵੇਂ ਦੇਸ਼ ਮਿਲ ਕੇ ਕੰਮ ਕਰ ਰਹੇ ਹਨ। ਭਾਰਤ ਦੇ 72ਵੇਂ ਗਣਤੰਤਰ ਦਿਵਸ ਮੌਕੇ ਜਾਨਸਨ ਨੂੰ ਮੁੱਖ ਮਹਿਮਾਨ ਵਜੋਂ ਸੱਦਾ ਦਿੱਤਾ ਗਿਆ ਸੀ ਪਰ ਉਹਨਾਂ ਨੇ ਆਪਣੇ ਦੇਸ਼ ਵਿਚ ਕੋਰੋਨਾ ਵਾਇਰਸ ਦੇ ਵੱਧਦੇ ਮਾਮਲਿਆਂ ਦੇ ਮੱਦੇਨਜ਼ਰ ਆਪਣੀ ਯਾਤਰਾ ਰੱਦ ਕਰ ਦਿੱਤੀ ਸੀ।
ਜਾਨਸਨ ਨੇ ਗਣਤੰਤਰ ਦਿਵਸ ਦੇ ਮੌਕੇ ਇਕ ਵੀਡੀਓ ਸੰਦੇਸ਼ ਵਿਚ ਕਿਹਾ ਕਿ ਇਹ ਇਕ ਅਸਧਾਰਨ ਸੰਵਿਧਾਨ ਦੇ ਲਾਗੂ ਹੋਣ ਦਾ ਉਤਸਵ ਹੈ, ਜਿਸ ਨੇ ਭਾਰਤ ਨੂੰ ਵਿਸ਼ਵ ਵਿਚ ਸਭ ਤੋਂ ਵੱਡੇ ਪ੍ਰਭੂਸੱਤਾ ਸੰਪੰਨ ਲੋਕਤੰਤਰ ਦੇ ਤੌਰ 'ਤੇ ਸਥਾਪਿਤ ਕੀਤਾ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਨੇ ਆਉਣ ਵਾਲੇ ਮਹੀਨਿਆਂ ਵਿਚ ਭਾਰਤ ਫੇਰੀ 'ਤੇ ਆਉਣ ਦੀ ਵੀ ਗੱਲ ਦੁਹਰਾਈ। ਜਾਨਸਨ ਨੇ ਕਿਹਾ,''ਮੇਰੇ ਦੋਸਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਿਮਰਤਾ ਪੂਰਵਕ ਸੱਦੇ 'ਤੇ ਇਸ ਖਾਸ ਮੌਕੇ ਦਾ ਗਵਾਹ ਬਣਨ ਲਈ ਉਤਸ਼ਾਹਿਤ ਸੀ ਪਰ ਕੋਵਿਡ-19 ਕਾਰਨ ਪੈਦਾ ਹੋਈਆਂ ਸਮੱਸਿਆਵਾਂ ਕਾਰਨ ਮੈਨੂੰ ਲੰਡਨ ਵਿਚ ਹੀ ਰੁਕਣਾ ਪਿਆ।''
ਉਹਨਾਂ ਨੇ ਕਿਹਾ,''ਦੋਵੇਂ ਦੇਸ਼ ਮਿਲ ਕੇ ਟੀਕਾ ਵਿਕਸਿਤ ਕਰਨ, ਉਸ ਨੂੰ ਬਣਾਉਣ ਅਤੇ ਹੋਰ ਰਾਸ਼ਟਰਾਂ ਦੀਆਂ ਸੰਯੁਕਤ ਕੋਸ਼ਿਸ਼ਾਂ ਦੀ ਬਦੌਲਤ ਅਸੀਂ ਕੋਵਿਡ ਖ਼ਿਲਾਫ਼ ਜਿੱਤ ਦਰਜ ਕਰਨ ਦੀ ਦਿਸ਼ਾ ਵਿਚ ਵੱਧ ਰਹੇ ਹਾਂ। ਮੈਂ ਇਸ ਸਾਲ ਭਾਰਤ ਆਉਣ ਲਈ ਉਤਸੁਕ ਹਾਂ ਤਾਂ ਜੋ ਸਾਡੀ ਦੋਸਤੀ ਮਜ਼ਬੂਤ ਹੋ ਸਕੇ, ਰਿਸ਼ਤਿਆਂ ਨੂੰ ਅੱਗੇ ਵਧਾ ਸਕੀਏ, ਜਿਸ ਦਾ ਸੰਕਲਪ ਪ੍ਰਧਾਨ ਮੰਤਰੀ ਮੋਦੀ ਅਤੇ ਮੈਂ ਕੀਤਾ ਹੈ।'' ਬ੍ਰਿਟੇਨ ਵਿਚ ਪ੍ਰਵਾਸੀ ਭਾਰਤੀਆਂ ਨੂੰ ਸੰਬੋਧਿਤ ਕਰਦਿਆਂ ਉਹਨਾਂ ਨੇ ਕਿਹਾ,''ਦੁਨੀਆ ਭਰ ਵਿਚ ਇਹ ਵਾਇਰਸ ਲੋਕਾਂ ਨੂੰ ਦੂਰ ਰਹਿਣ ਲਈ ਮਜਬੂਰ ਕਰ ਰਿਹਾ ਹੈ, ਜਿਸ ਵਿਚ ਬ੍ਰਿਟੇਨ ਅਤੇ ਭਾਰਤ ਵਿਚ ਰਹਿਣ ਵਾਲੇ ਪਰਿਵਾਰ ਅਤੇ ਦੋਸਤ ਵੀ ਸ਼ਾਮਲ ਹਨ, ਜੋ ਪ੍ਰਧਾਨ ਮੰਤਰੀ ਮੋਦੀ ਦੇ ਮੁਤਾਬਕ ਸਾਡੇ ਵਿਚਾਲੇ ਜੀਵੰਤ ਪੁਲ ਹਨ। ਉਹਨਾਂ ਨੇ ਕਿਹਾ ਕਿ ਮੈਂ ਭਾਰਤ ਅਤੇ ਬ੍ਰਿਟੇਨ ਵਿਚ ਸਾਰੇ ਲੋਕਾਂ ਨੂੰ ਗਣਤੰਤਰ ਦਿਵਸ ਦੀਆਂ ਸ਼ੁੱਭਕਾਮਨਾਵਾਂ ਦਿੰਦਾ ਹਾਂ।
ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।