ਹਿਰਾਸਤ ’ਚ ਮੌਤ ਸੱਭਿਅਕ ਸਮਾਜ ਦੇ ਸਭ ਤੋਂ ਬਦਤਰ ਅਪਰਾਧਾਂ ’ਚੋਂ ਇਕ : ਬਾਂਬੇ ਹਾਈ ਕੋਰਟ
Saturday, Jan 21, 2023 - 12:58 PM (IST)
ਮੁੰਬਈ, (ਭਾਸ਼ਾ)– ਬਾਂਬੇ ਹਾਈ ਕੋਰਟ ਨੇ ਮਹਾਰਾਸ਼ਟਰ ਸਰਕਾਰ ਨੂੰ ਕਥਿਤ ਤੌਰ ’ਤੇ ਪੁਲਸ ਹਿਰਾਸਤ ’ਚ ਮਾਰੇ ਗਏ ਇਕ ਵਿਅਕਤੀ ਦੀ ਮਾਂ ਨੂੰ ਮੁਆਵਜ਼ੇ ਦੇ ਰੂਪ ’ਚ 15,29,600 ਰੁਪਏ ਦਾ ਭੁਗਤਾਨ ਕਰਨ ਦਾ ਹੁਕਮ ਦਿੰਦੇ ਹੋਏ ਕਿਹਾ ਹੈ ਕਿ ਹਿਰਾਸਤ ’ਚ ਮੌਤ ਸੱਭਿਅਕ ਸਮਾਜ ’ਚ ਸਭ ਤੋਂ ਬਦਤਰ ਅਪਰਾਧਾਂ ਵਿਚੋਂ ਇਕ ਹੈ ਅਤੇ ਪੁਲਸ ਅਧਿਕਾਰਾਂ ਦੀ ਆੜ ’ਚ ਨਾਗਰਿਕਾਂ ’ਤੇ ਅਣਮਨੁੱਖੀ ਢੰਗ ਨਾਲ ਤਸ਼ੱਦਦ ਨਹੀਂ ਕਰ ਸਕਦੀ।
ਜਸਟਿਸ ਵਿਭਾ ਕੰਕਨਵਾੜੀ ਤੇ ਅਭੈ ਵਾਘਵਾਸੇ ਦੀ ਔਰੰਗਾਬਾਦ ਬੈਂਚ ਨੇ ਬੁੱਧਵਾਰ ਨੂੰ ਸੁਨੀਤਾ ਕੁਟੇ ਨਾਂ ਦੀ ਔਰਤ ਵੱਲੋਂ ਦਾਖਲ ਪਟੀਸ਼ਨ ’ਤੇ ਆਪਣਾ ਫੈਸਲਾ ਸੁਣਾਇਆ, ਜਿਸ ਵਿਚ ਦੋਸ਼ ਲਾਇਆ ਗਿਆ ਸੀ ਕਿ ਉਸ ਦੇ 23 ਸਾਲਾ ਬੇਟੇ ਪ੍ਰਦੀਪ ਦੀ ਮੌਤ ਸੋਲਾਪੁਰ ਨਾਲ ਸਬੰਧਤ 2 ਪੁਲਸ ਮੁਲਾਜ਼ਮਾਂ ਵੱਲੋਂ ਤਸ਼ੱਦਦ ਅਤੇ ਕੁੱਟਮਾਰ ਕਰਨ ਤੋਂ ਬਾਅਦ ਹੋਈ ਸੀ। ਸੁਨੀਤਾ ਨੇ ਪੁਲਸ ਕੋਲ 40 ਲੱਖ ਰੁਪਏ ਦੇ ਮੁਆਵਜ਼ੇ ਅਤੇ ਦੋਸ਼ੀ ਪੁਲਸ ਮੁਲਾਜ਼ਮਾਂ ਖਿਲਾਫ ਅਨੁਸ਼ਾਸਨੀ ਕਾਰਵਾਈ ਦੀ ਮੰਗ ਕੀਤੀ ਸੀ।