ਜਹਾਜ਼ਾਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਦੇ ਮਾਮਲੇ ’ਚ ਸਰਕਾਰ ਨੇ X ਤੇ META ਨੂੰ ਘੇਰਿਆ, ਚੁੱਕੇ ਵੱਡੇ ਸਵਾਲ
Thursday, Oct 24, 2024 - 12:40 AM (IST)

ਨਵੀਂ ਦਿੱਲੀ- ਜਹਾਜ਼ਾਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਵਿਚਾਲੇ ਬੁੱਧਵਾਰ ਨੂੰ ਆਈ. ਟੀ. ਮਨਿਸਟਰੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ, ਮੇਟਾ ਅਤੇ ਏਅਰਲਾਈਨ ਕੰਪਨੀਆਂ ਨਾਲ ਵਰਚੂਅਲ ਮੀਟਿੰਗ ਕੀਤੀ। ਸਰਕਾਰ ਨੇ ਪੁੱਛਿਆ ਕਿ ਤੁਸੀਂ ਇਨ੍ਹਾਂ ਖਤਰਨਾਕ ਅਫਵਾਹਾਂ ਨੂੰ ਫੈਲਣ ਤੋਂ ਰੋਕਣ ਲਈ ਕੀ ਕੀਤਾ? ਜੋ ਹਾਲਾਤ ਹਨ, ਉਨ੍ਹਾਂ ਤੋਂ ਸਪੱਸ਼ਟ ਹੁੰਦਾ ਹੈ ਕਿ ਤੁਸੀਂ ਅਪਰਾਧ ਨੂੰ ਉਤਸ਼ਾਹ ਦੇ ਰਹੇ ਸਨ।
ਮੀਡੀਆ ਰਿਪੋਰਟਾਂ ਵਿਚ ਸੂਤਰਾਂ ਦੇ ਹਵਾਲੇ ਤੋਂ ਇਸ ਮੀਟਿੰਗ ਬਾਰੇ ਜਾਣਕਾਰੀ ਦਿੱਤੀ ਗਈ ਹੈ। ਪਿਛਲੇ 9 ਦਿਨਾਂ ’ਚ ਹੀ 170 ਤੋਂ ਜ਼ਿਆਦਾ ਜਹਾਜ਼ਾਂ ਨੂੰ ਧਮਕੀਆਂ ਦਿੱਤੀ ਗਈ ਹਨ। ਰਿਪੋਰਟਾਂ ਮੁਤਾਬਕ, ਧਮਕੀਆਂ ਕਾਰਨ ਹਵਾਬਾਜ਼ੀ ਸੈਕਟਰ ਨੂੰ ਲੱਗਭਗ 600 ਕਰੋੜ ਰੁਪਏ ਦਾ ਨੁਕਸਾਨ ਪੁੱਜਾ ਹੈ। ਦੇਸ਼ ’ਚ ਯਾਤਰੀ ਜਹਾਜ਼ਾਂ ਨੂੰ ਮਿਲ ਰਹੀਆਂ ਧਮਕੀਆਂ ਦਾ ਸਿਲਸਿਲਾ ਜਾਰੀ ਹੈ। ਮੰਗਲਵਾਰ ਨੂੰ ਵੀ 50 ਤੋਂ ਜ਼ਿਆਦਾ ਫਲਾਈਟਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਸੀ। ਇਨ੍ਹਾਂ ਵਿਚ ਏਅਰ ਇੰਡੀਆ ਅਤੇ ਇੰਡੀਗੋ ਦੀਆਂ 13-13 ਉਡਾਣਾਂ, ਅਕਾਸਾ ਏਅਰ ਦੀਆਂ 12 ਤੋਂ ਜ਼ਿਆਦਾ ਉਡਾਣਾਂ ਅਤੇ ਵਿਸਤਾਰਾ ਦੀਆਂ 11 ਉਡਾਣਾਂ ਨੂੰ ਧਮਕੀ ਮਿਲੀ ਸੀ।