ਕੀੜੇ-ਮਕੌੜੇ ਬਣਨਗੇ ਹਥਿਆਰ! ਜਰਮਨੀ ਦੀ ਇਸ ਹੈਰਾਨੀਜਨਕ ਤਕਨੀਕ ਨੇ ਦੁਨੀਆ ਭਰ ਦੀਆਂ ਫੌਜਾਂ ਦੇ ਉਡਾਏ ਹੋਸ਼
Friday, Mar 13, 2026 - 02:04 PM (IST)
ਵੈੱਬ ਡੈਸਕ - ਤਕਨਾਲੋਜੀ ਦੀ ਦੁਨੀਆ 'ਚ ਇਕ ਅਜਿਹਾ ਬਦਲਾਅ ਆ ਰਿਹਾ ਹੈ ਜੋ ਕਿਸੇ ਵਿਗਿਆਨਕ ਕਲਪਨਾ ਫ਼ਿਲਮ ਵਰਗਾ ਲੱਗਦਾ ਹੈ। ਜਰਮਨੀ ਦੀ ਇਕ ਸਟਾਰਟਅੱਪ ਕੰਪਨੀ SWARM Biotactics ਨੇ ਅਜਿਹੇ ਰੋਬੋਟਿਕ ਕਾਕਰੋਚ ਤਿਆਰ ਕੀਤੇ ਹਨ, ਜੋ ਜਾਸੂਸੀ ਦੇ ਨਾਲ-ਨਾਲ ਜੰਗ ਦੇ ਮੈਦਾਨ 'ਚ ਵੀ ਅਹਿਮ ਭੂਮਿਕਾ ਨਿਭਾ ਸਕਦੇ ਹਨ। ਵਿਗਿਆਨੀਆਂ ਅਨੁਸਾਰ ਹੁਣ ਡਰੋਨ ਪੁਰਾਣੇ ਹੋ ਗਏ ਹਨ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਦੀ ਮਦਦ ਨਾਲ ਇਹ ਛੋਟੇ ਜੀਵ ਜਾਸੂਸੀ ਦਾ ਨਵਾਂ ਜ਼ਰੀਆ ਬਣਨਗੇ।
ਕਿਵੇਂ ਕੰਮ ਕਰਦੀ ਹੈ ਇਹ ਤਕਨੀਕ?
ਇਸ ਤਕਨੀਕ 'ਚ ਅਸਲੀ ਕਾਕਰੋਚਾਂ ਦੇ ਉੱਪਰ ਛੋਟੇ-ਛੋਟੇ ਇਲੈਕਟ੍ਰਾਨਿਕ ਬੈਕਪੈਕ ਲਗਾਏ ਜਾਂਦੇ ਹਨ। ਇਨ੍ਹਾਂ ਬੈਕਪੈਕਾਂ 'ਚ ਸੈਂਸਰ, ਕੈਮਰੇ ਅਤੇ ਕਮਿਊਨੀਕੇਸ਼ਨ ਸਿਸਟਮ ਹੁੰਦੇ ਹਨ। ਇਹ ਸਿਸਟਮ ਰੀਅਲ-ਟਾਈਮ ਡੇਟਾ ਭੇਜਣ ਦੇ ਸਮਰੱਥ ਹੈ। ਖਾਸ ਗੱਲ ਇਹ ਹੈ ਕਿ ਇਨ੍ਹਾਂ ਕਾਕਰੋਚਾਂ ਦੀ ਮੂਵਮੈਂਟ ਨੂੰ ਕੰਟਰੋਲ ਕਰਨ ਲਈ ਹਲਕੇ ਬਿਜਲਈ ਸੰਕੇਤਾਂ (Electrical Signals) ਦੀ ਵਰਤੋਂ ਕੀਤੀ ਜਾਂਦੀ ਹੈ, ਜਿਸ ਨਾਲ ਆਪਰੇਟਰ ਦੂਰ ਬੈਠ ਕੇ ਵੀ ਇਨ੍ਹਾਂ ਦੀ ਦਿਸ਼ਾ ਨਿਰਧਾਰਿਤ ਕਰ ਸਕਦਾ ਹੈ।
ਜੰਗ ਹੀ ਨਹੀਂ, ਬਚਾਅ ਕਾਰਜਾਂ 'ਚ ਵੀ ਮਦਦਗਾਰ
ਇਹ 'ਕਾਕਰੋਚ ਸਾਈਬੋਰਗ' ਉਨ੍ਹਾਂ ਥਾਵਾਂ 'ਤੇ ਪਹੁੰਚ ਸਕਦੇ ਹਨ ਜਿੱਥੇ ਇਨਸਾਨ, ਡਰੋਨ ਜਾਂ ਰਵਾਇਤੀ ਰੋਬੋਟ ਨਹੀਂ ਪਹੁੰਚ ਸਕਦੇ, ਜਿਵੇਂ ਕਿ ਤੰਗ ਸੁਰੰਗਾਂ ਜਾਂ ਜੰਗ ਦੌਰਾਨ ਢਹਿ-ਢੇਰੀ ਹੋਈਆਂ ਇਮਾਰਤਾਂ। ਜਾਸੂਸੀ ਤੋਂ ਇਲਾਵਾ, ਇਨ੍ਹਾਂ ਦੀ ਵਰਤੋਂ ਰੇਸਕਿਊ ਮਿਸ਼ਨਾਂ 'ਚ ਵੀ ਕੀਤੀ ਜਾ ਸਕਦੀ ਹੈ। ਉਦਾਹਰਣ ਵਜੋਂ, ਭੂਚਾਲ ਤੋਂ ਬਾਅਦ ਮਲਬੇ ਹੇਠ ਫਸੇ ਲੋਕਾਂ ਦੀ ਭਾਲ ਕਰਨ ਲਈ ਇਹ ਬੇਹੱਦ ਸਹਾਈ ਸਿੱਧ ਹੋ ਸਕਦੇ ਹਨ।
ਕਾਕਰੋਚਾਂ ਨੂੰ ਹੀ ਕਿਉਂ ਚੁਣਿਆ ਗਿਆ?
ਵਿਗਿਆਨੀਆਂ ਦਾ ਮੰਨਣਾ ਹੈ ਕਿ ਕਾਕਰੋਚ ਕੁਦਰਤ ਦੇ ਸਭ ਤੋਂ ਮਜ਼ਬੂਤ ਅਤੇ ਟਿਕਾਊ ਜੀਵਾਂ 'ਚੋਂ ਇਕ ਹਨ। ਉਹ ਬਹੁਤ ਹੀ ਸਖ਼ਤ ਹਾਲਾਤ 'ਚ ਜ਼ਿੰਦਾ ਰਹਿ ਸਕਦੇ ਹਨ ਅਤੇ ਬੇਹੱਦ ਤੰਗ ਥਾਵਾਂ 'ਚ ਵੜਨ ਦੀ ਸਮਰੱਥਾ ਰੱਖਦੇ ਹਨ। ਇਹ ਜੀਵ ਆਪਣੇ ਸਰੀਰ 'ਤੇ ਲਗਭਗ 10 ਤੋਂ 15 ਗ੍ਰਾਮ ਤੱਕ ਦਾ ਭਾਰ (ਮਾਈਕ੍ਰੋ ਬੈਕਪੈਕ) ਆਸਾਨੀ ਨਾਲ ਚੁੱਕ ਕੇ ਚੱਲ ਸਕਦੇ ਹਨ।
AI ਅਤੇ ਬਾਇਓ-ਰੋਬੋਟਿਕਸ ਦਾ ਸੁਮੇਲ
ਇਹ ਰੋਬੋਟਿਕ ਕਾਕਰੋਚ AI ਦੀ ਮਦਦ ਨਾਲ ਇਕ ਸਮੂਹ (SWARM) ਵਜੋਂ ਵੀ ਕੰਮ ਕਰ ਸਕਦੇ ਹਨ, ਜਿਸ ਨਾਲ ਇਕ ਵੱਡੇ ਇਲਾਕੇ ਦੀ ਨਿਗਰਾਨੀ ਕਰਨਾ ਆਸਾਨ ਹੋ ਜਾਂਦਾ ਹੈ। ਦੁਨੀਆ ਭਰ 'ਚ ਜੰਗ ਦੀਆਂ ਰਣਨੀਤੀਆਂ ਤੇਜ਼ੀ ਨਾਲ ਬਦਲ ਰਹੀਆਂ ਹਨ ਅਤੇ ਅਜਿਹੇ 'ਚ ਬਾਇਓ-ਰੋਬੋਟਿਕਸ ਨੂੰ ਅਗਲਾ ਵੱਡਾ ਕਦਮ ਮੰਨਿਆ ਜਾ ਰਿਹਾ ਹੈ।
