WhatsApp ਨੂੰ ਟੱਕਰ ਦੇਵੇਗਾ YOUTUBE! ਹੁਣ ਐਪ ਰਾਹੀਂ ਭੇਜ ਸਕੋਗੇ ਵੀਡੀਓਜ਼ ਤੇ ਹੋਵੇਗੀ ਚੈਟਿੰਗ
Saturday, Mar 07, 2026 - 02:56 PM (IST)
ਗੈਜੇਟ ਡੈਸਕ - ਦੁਨੀਆ ਦੇ ਸਭ ਤੋਂ ਵੱਡੇ ਵੀਡੀਓ ਪਲੇਟਫਾਰਮ YouTube ਨੇ ਆਪਣੇ ਉਪਭੋਗਤਾਵਾਂ ਲਈ ਇਕ ਬਹੁਤ ਹੀ ਖਾਸ ਫੀਚਰ ਮੁੜ ਤੋਂ ਪੇਸ਼ ਕੀਤਾ ਹੈ। ਯੂਟਿਊਬ ਨੇ ਆਪਣਾ 'ਇਨ-ਐਪ ਡਾਇਰੈਕਟ ਮੈਸੇਜਿੰਗ' ਫੀਚਰ ਲਾਂਚ ਕਰ ਦਿੱਤਾ ਹੈ, ਜਿਸ ਨਾਲ ਹੁਣ ਇਹ ਵੀਡੀਓ ਪਲੇਟਫਾਰਮ ਦੇ ਨਾਲ-ਨਾਲ ਇਕ ਸੋਸ਼ਲ ਮੀਡੀਆ ਮੈਸੇਜਿੰਗ ਐਪ ਵਜੋਂ ਵੀ ਕੰਮ ਕਰੇਗਾ। ਇਸ ਕਦਮ ਨਾਲ ਯੂਟਿਊਬ ਹੁਣ WhatsApp ਅਤੇ Instagram ਵਰਗੀਆਂ ਦਿੱਗਜ ਐਪਸ ਨੂੰ ਸਿੱਧੀ ਟੱਕਰ ਦੇਣ ਜਾ ਰਿਹਾ ਹੈ।
ਕੀ ਹੈ ਇਸ ਫੀਚਰ ਦੀ ਖਾਸੀਅਤ?
ਹੁਣ ਯੂਜ਼ਰਸ ਨੂੰ ਕਿਸੇ ਵੀਡੀਓ ਨੂੰ ਦੋਸਤਾਂ ਨਾਲ ਸਾਂਝਾ ਕਰਨ ਲਈ ਲਿੰਕ ਕਾਪੀ ਕਰਕੇ ਕਿਸੇ ਦੂਜੀ ਐਪ (ਜਿਵੇਂ ਵਟਸਐਪ) 'ਤੇ ਜਾਣ ਦੀ ਲੋੜ ਨਹੀਂ ਪਵੇਗੀ। ਯੂਜ਼ਰਸ ਸਿੱਧੇ ਯੂਟਿਊਬ ਐਪ ਦੇ ਅੰਦਰ ਹੀ ਆਪਣੇ ਮਨਪਸੰਦ ਵੀਡੀਓ, ਸ਼ਾਰਟਸ ਅਤੇ ਲਾਈਵ ਸਟ੍ਰੀਮ ਦੋਸਤਾਂ ਨੂੰ ਭੇਜ ਸਕਣਗੇ ਅਤੇ ਉੱਥੇ ਹੀ ਚੈਟਿੰਗ ਰਾਹੀਂ ਉਨ੍ਹਾਂ 'ਤੇ ਚਰਚਾ ਕਰ ਸਕਣਗੇ। ਇਸ 'ਚ ਵਨ-ਟੂ-ਵਨ ਅਤੇ ਗਰੁੱਪ ਚੈਟ ਦੀ ਸਹੂਲਤ ਵੀ ਦਿੱਤੀ ਗਈ ਹੈ, ਜਿੱਥੇ ਇਮੋਜੀ ਅਤੇ ਵੀਡੀਓ ਰਾਹੀਂ ਰਿਪਲਾਈ ਕੀਤਾ ਜਾ ਸਕਦਾ ਹੈ।
ਇਨ੍ਹਾਂ ਸ਼ਰਤਾਂ ਦਾ ਰੱਖਣਾ ਪਵੇਗਾ ਧਿਆਨ
ਯੂਟਿਊਬ ਨੇ ਇਸ ਫੀਚਰ ਦੀ ਵਰਤੋਂ ਲਈ ਕੁਝ ਨਿਯਮ ਤੈਅ ਕੀਤੇ ਹਨ:
ਉਮਰ ਦੀ ਸੀਮਾ
- ਇਹ ਫੀਚਰ ਸਿਰਫ 18 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਯੂਜ਼ਰਸ ਲਈ ਉਪਲਬਧ ਹੋਵੇਗਾ, ਜਿਨ੍ਹਾਂ ਨੇ ਗੂਗਲ ਅਕਾਊਂਟ 'ਚ ਆਪਣੀ ਉਮਰ ਵੈਰੀਫਾਈ ਕੀਤੀ ਹੋਵੇਗੀ।
ਇਨਵਾਈਟ ਲਿੰਕ
- ਕਿਸੇ ਨਾਲ ਚੈਟ ਸ਼ੁਰੂ ਕਰਨ ਲਈ ਪਹਿਲਾਂ 'ਇਨਵਾਈਟ ਲਿੰਕ' ਭੇਜਣਾ ਹੋਵੇਗਾ। ਜੇਕਰ ਸਾਹਮਣੇ ਵਾਲਾ ਵਿਅਕਤੀ 7 ਦਿਨਾਂ ਦੇ ਅੰਦਰ ਇਸ ਨੂੰ ਸਵੀਕਾਰ ਕਰ ਲੈਂਦਾ ਹੈ, ਤਾਂ ਹੀ ਚੈਟਿੰਗ ਸ਼ੁਰੂ ਹੋ ਸਕੇਗੀ।
ਲੌਗ-ਇਨ ਅਤੇ ਚੈਨਲ
- ਯੂਜ਼ਰ ਦਾ ਯੂਟਿਊਬ 'ਤੇ ਲੌਗ-ਇਨ ਹੋਣਾ ਅਤੇ ਆਪਣਾ ਚੈਨਲ ਹੋਣਾ ਜ਼ਰੂਰੀ ਹੈ।
2019 'ਚ ਬੰਦ ਹੋਇਆ ਸੀ ਫੀਚਰ
ਦੱਸਣਯੋਗ ਹੈ ਕਿ ਯੂਟਿਊਬ ਨੇ 2019 'ਚ ਇਸ ਤਰ੍ਹਾਂ ਦੇ ਮੈਸੇਜਿੰਗ ਫੀਚਰ ਨੂੰ ਬੰਦ ਕਰ ਦਿੱਤਾ ਸੀ। ਪਰ ਯੂਜ਼ਰਸ ਦੀ ਭਾਰੀ ਮੰਗ ਅਤੇ ਇੰਸਟਾਗ੍ਰਾਮ-ਟਿਕਟਾਕ ਵਰਗੇ ਵਿਰੋਧੀਆਂ ਨੂੰ ਟੱਕਰ ਦੇਣ ਲਈ ਇਸ ਨੂੰ ਇਕ ਨਵੇਂ ਅਤੇ ਸੁਰੱਖਿਅਤ ਰੂਪ 'ਚ ਵਾਪਸ ਲਿਆਂਦਾ ਗਿਆ ਹੈ। ਇਸ ਨਾਲ ਯੂਜ਼ਰਸ ਦਾ ਡੇਟਾ ਵੀ ਬਚੇਗਾ ਕਿਉਂਕਿ ਉਨ੍ਹਾਂ ਨੂੰ ਵਾਰ-ਵਾਰ ਵੱਖ-ਵੱਖ ਐਪਸ 'ਚ ਸਵਿੱਚ ਨਹੀਂ ਕਰਨਾ ਪਵੇਗਾ।
ਭਾਰਤ 'ਚ ਕਦੋਂ ਹੋਵੇਗਾ ਲਾਂਚ?
ਫਿਲਹਾਲ ਇਹ ਸੇਵਾ ਯੂਰਪ ਦੇ 31 ਦੇਸ਼ਾਂ (ਜਿਵੇਂ ਕਿ ਜਰਮਨੀ, ਫਰਾਂਸ, ਇਟਲੀ, ਸਪੇਨ ਆਦਿ) 'ਚ ਲਾਂਚ ਕੀਤੀ ਗਈ ਹੈ। ਉਮੀਦ ਜਤਾਈ ਜਾ ਰਹੀ ਹੈ ਕਿ ਭਾਰਤ ਅਤੇ ਅਮਰੀਕਾ ਵਰਗੇ ਵੱਡੇ ਬਾਜ਼ਾਰਾਂ 'ਚ ਇਹ ਫੀਚਰ ਜਲਦੀ ਹੀ ਉਪਲਬਧ ਹੋਵੇਗਾ।
