ਬਾਲੀਵੁੱਡ ਅਦਾਕਾਰਾ ਦਿਸ਼ਾ ਪਟਾਨੀ ਦੇ ਪਿਤਾ ਨਾਲ 25 ਲੱਖ ਦੀ ਠੱਗੀ, ਜੂਨਾ ਅਖਾੜੇ ਦੇ ਅਚਾਰੀਆ ਨੇ ਹੀ ਠੱਗਿਆ
Saturday, Nov 16, 2024 - 05:57 AM (IST)
ਨੈਸ਼ਨਲ ਡੈਸਕ : ਬਾਲੀਵੁੱਡ ਅਦਾਕਾਰਾ ਦਿਸ਼ਾ ਪਟਾਨੀ ਦੇ ਪਿਤਾ ਅਤੇ ਸੇਵਾਮੁਕਤ ਡਿਪਟੀ ਸੁਪਰਡੈਂਟ ਆਫ ਪੁਲਸ (ਡੀਐੱਸਪੀ) ਜਗਦੀਸ਼ ਸਿੰਘ ਪਟਾਨੀ ਨਾਲ ਧੋਖਾਧੜੀ ਦੇ ਮਾਮਲੇ ਵਿਚ ਸ਼ੁੱਕਰਵਾਰ ਨੂੰ 5 ਲੋਕਾਂ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਮੁਤਾਬਕ ਸਰਕਾਰ ਵਿਚ ਉੱਚ ਅਹੁਦਾ ਤੇ ਕਮਿਸ਼ਨ ਵਿਚ ਪ੍ਰਧਾਨ ਅਤੇ ਉਪ-ਪ੍ਰਧਾਨ ਬਣਵਾਉਣ ਦੇ ਨਾਂ 'ਤੇ ਅਦਾਕਾਰਾ ਦੇ ਪਿਤਾ ਤੋਂ 25 ਲੱਖ ਰੁਪਏ ਦੀ ਠੱਗੀ ਕੀਤੀ ਗਈ।
ਬਰੇਲੀ ਕੋਤਵਾਲੀ ਦੇ ਇੰਸਪੈਕਟਰ (ਐੱਸ. ਐੱਚ. ਓ.) ਡੀ. ਕੇ. ਸ਼ਰਮਾ ਨੇ ਦੱਸਿਆ ਕਿ ਸ਼ੁੱਕਰਵਾਰ ਸ਼ਾਮ ਨੂੰ ਜਗਦੀਸ਼ ਸਿੰਘ ਪਟਾਨੀ ਦੀ ਤਰਫੋਂ ਸ਼ਵਿੰਦਰ ਪ੍ਰਤਾਪ ਸਿੰਘ, ਦਿਵਾਕਰ ਗਰਗ, ਜੂਨਾ ਅਖਾੜੇ ਦੇ ਅਚਾਰੀਆ ਜੈ ਪ੍ਰਕਾਸ਼, ਪ੍ਰੀਤੀ ਗਰਗ ਸਮੇਤ ਪੰਜ ਲੋਕਾਂ 'ਤੇ ਧੋਖਾਧੜੀ, ਜਾਅਲਸਾਜ਼ੀ ਅਤੇ ਰੁਪਏ ਠੱਗਣ ਦੇ ਦੋਸ਼ ਵਿਚ ਬਰੇਲੀ ਕੋਤਵਾਲੀ ਵਿਚ ਐੱਫਆਈਆਰ ਦਰਜ ਕੀਤੀ ਗਈ ਹੈ।
ਐੱਸਐੱਸਓ ਨੇ ਕਿਹਾ ਕਿ ਮੁਲਜ਼ਮਾਂ ਦੇ ਟਿਕਾਣਿਆਂ ਦੀ ਪਛਾਣ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਬਰੇਲੀ ਸਿਵਲ ਲਾਈਨ ਇਲਾਕੇ ਦੇ ਰਹਿਣ ਵਾਲੇ ਜਗਦੀਸ਼ ਸਿੰਘ ਪਟਾਨੀ ਨੇ ਦੋਸ਼ ਲਾਇਆ ਹੈ ਕਿ ਸ਼ਵਿੰਦਰ ਪ੍ਰਤਾਪ ਸਿੰਘ ਉਸ ਦਾ ਜਾਣਕਾਰ ਸੀ। ਸ਼ਵਿੰਦਰ ਨੇ ਉਸ ਨੂੰ ਜੂਨਾ ਅਖਾੜੇ ਦੇ ਦਿਵਾਕਰ ਗਰਗ ਅਤੇ ਅਚਾਰੀਆ ਜੈ ਪ੍ਰਕਾਸ਼ ਨਾਲ ਮਿਲਾਇਆ। ਇਨ੍ਹਾਂ ਲੋਕਾਂ ਨੇ ਵੱਡੇ ਸਿਆਸੀ ਸੰਪਰਕ ਹੋਣ ਦਾ ਦਾਅਵਾ ਕੀਤਾ ਅਤੇ ਉਨ੍ਹਾਂ ਨੂੰ ਸਰਕਾਰੀ ਕਮਿਸ਼ਨਾਂ ਵਿਚ ਚੇਅਰਮੈਨ, ਵਾਈਸ ਚੇਅਰਮੈਨ ਜਾਂ ਹੋਰ ਵੱਕਾਰੀ ਅਹੁਦੇ ਦਿਵਾਉਣ ਦਾ ਵਾਅਦਾ ਕੀਤਾ।
ਇਹ ਵੀ ਪੜ੍ਹੋ : ਦਿੱਲੀ ਦੀਆਂ ਸੜਕਾਂ 'ਤੇ ਇਨ੍ਹਾਂ 4 ਨਿਯਮਾਂ ਦੀ ਅਣਦੇਖੀ ਪਵੇਗੀ ਮਹਿੰਗੀ, 20 ਹਜ਼ਾਰ ਦਾ ਲੱਗੇਗਾ ਜੁਰਮਾਨਾ
ਸ਼ਰਮਾ ਨੇ ਦੱਸਿਆ ਕਿ ਭਰੋਸਾ ਜਿੱਤਣ ਤੋਂ ਬਾਅਦ ਮੁਲਜ਼ਮਾਂ ਨੇ ਪਟਾਨੀ ਤੋਂ ਕੁੱਲ 25 ਲੱਖ ਰੁਪਏ ਕਢਵਾ ਲਏ, ਜਿਨ੍ਹਾਂ ਵਿੱਚੋਂ 5 ਲੱਖ ਰੁਪਏ ਨਕਦ ਅਤੇ 20 ਲੱਖ ਰੁਪਏ ਤਿੰਨ ਵੱਖ-ਵੱਖ ਬੈਂਕ ਖਾਤਿਆਂ ਵਿਚ ਟਰਾਂਸਫਰ ਕੀਤੇ ਗਏ। ਜਗਦੀਸ਼ ਪਟਾਨੀ ਨੇ ਦੋਸ਼ ਲਾਇਆ ਕਿ ਜਦੋਂ ਤਿੰਨ ਮਹੀਨਿਆਂ ਵਿਚ ਕੋਈ ਕੰਮ ਨਾ ਹੋਇਆ ਤਾਂ ਮੁਲਜ਼ਮਾਂ ਨੇ ਵਿਆਜ ਸਮੇਤ ਪੈਸੇ ਵਾਪਸ ਕਰਨ ਦਾ ਵਾਅਦਾ ਕੀਤਾ ਪਰ ਜਦੋਂ ਉਸ ਨੇ ਆਪਣੇ ਪੈਸੇ ਵਾਪਸ ਮੰਗੇ ਤਾਂ ਉਨ੍ਹਾਂ ਨੇ ਉਸ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ।
ਪਹਿਲਾਂ ਤਾਂ ਮੁਲਜ਼ਮਾਂ ਨੇ ਦਾਅਵਾ ਕੀਤਾ ਕਿ ਕੰਮ ਚੱਲ ਰਿਹਾ ਹੈ ਅਤੇ ਝੂਠਾ ਵਿਸ਼ਵਾਸ ਦਿਵਾਉਣ ਲਈ ਉਨ੍ਹਾਂ ਨੇ ਇਕ ਵਿਅਕਤੀ ਨੂੰ ਸਪੈਸ਼ਲ ਡਿਊਟੀ 'ਤੇ ਅਫਸਰ ਵਜੋਂ ਪੇਸ਼ ਕੀਤਾ। ਪਰ ਮਹੀਨਾ ਬੀਤ ਜਾਣ ਦੇ ਬਾਵਜੂਦ ਵਾਅਦਾ ਪੂਰਾ ਨਹੀਂ ਕੀਤਾ ਗਿਆ। ਐੱਸਐੱਸਓ ਨੇ ਦੱਸਿਆ ਕਿ ਪਟਾਨੀ ਨੇ ਇਸ ਸਬੰਧੀ ਸੀਨੀਅਰ ਪੁਲਸ ਕਪਤਾਨ ਨੂੰ ਸ਼ਿਕਾਇਤ ਕੀਤੀ ਅਤੇ ਉਨ੍ਹਾਂ ਦੇ ਹੁਕਮਾਂ ’ਤੇ ਥਾਣਾ ਕੋਤਵਾਲੀ ਵਿਚ ਸ਼ਵਿੰਦਰ ਪ੍ਰਤਾਪ ਸਿੰਘ, ਦਿਵਾਕਰ ਗਰਗ, ਪ੍ਰੀਤੀ ਗਰਗ, ਅਚਾਰੀਆ ਜੈ ਪ੍ਰਕਾਸ਼ ਅਤੇ ਹਿਮਾਂਸ਼ੂ ਖ਼ਿਲਾਫ਼ ਧੋਖਾਧੜੀ, ਧਮਕਾਉਣ ਅਤੇ ਧੋਖਾਧੜੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8