ਸਪਾ ਵਿਧਾਇਕ ਦੇ ਘਰ ਫਾਹੇ ਨਾਲ ਲਟਕੀ ਮਿਲੀ ਘਰੇਲੂ ਸਹਾਇਕ ਦੀ ਲਾਸ਼

Monday, Sep 09, 2024 - 04:45 PM (IST)

ਸਪਾ ਵਿਧਾਇਕ ਦੇ ਘਰ ਫਾਹੇ ਨਾਲ ਲਟਕੀ ਮਿਲੀ ਘਰੇਲੂ ਸਹਾਇਕ ਦੀ ਲਾਸ਼

ਭਦੋਹੀ (ਭਾਸ਼ਾ)- ਉੱਤਰ ਪ੍ਰਦੇਸ਼ ਦੇ ਭਦੋਹੀ ਜ਼ਿਲ੍ਹੇ 'ਚ ਸਮਾਜਵਾਦੀ ਪਾਰਟੀ (ਸਪਾ) ਦੇ ਵਿਧਾਇਕ ਜ਼ਾਹਿਦ ਜਮਾਲ ਬੇਗ ਦੇ ਘਰ 'ਚ ਕੰਮ ਕਰਨ ਵਾਲੀ 18 ਸਾਲਾ ਘਰੇਲੂ ਸਹਾਇਕਾ ਦੀ ਲਾਸ਼ ਫਾਹੇ ਨਾਲ ਲਟਕੀ ਮਿਲੀ। ਪੁਲਸ ਖੇਤਰ ਅਧਿਕਾਰੀ ਅਜੇ ਕੁਮਾਰ ਚੌਹਾਨ ਨੇ ਦੱਸਿਆ ਕਿ ਸ਼ਹਿਰ ਕੋਤਵਾਲੀ ਇਲਾਕੇ ਦੇ ਮਾਲਕਾਨਾ ਮੁਹੱਲਾ ਵਾਸੀ ਭਦੋਹੀ ਸਦਰ ਸੀਟ ਤੋਂ ਸਮਾਜਵਾਦੀ ਪਾਰਟੀ ਦੇ ਵਿਧਾਇਕ ਜ਼ਾਹਿਦ ਜਮਾਲ ਬੇਗ ਦੇ ਘਰ 'ਚ ਨਾਜ਼ੀਆ (18) ਨਾਮੀ ਕੁੜੀ ਪਿਛਲੇ ਕਈ ਸਾਲਾਂ ਤੋਂ ਘਰੇਲੂ ਸਹਾਇਕਾ ਵਜੋਂ ਕੰਮ ਕਰਦੀ ਸੀ। ਚੌਹਾਨ ਨੇ ਦੱਸਿਆ ਕਿ ਉਹ ਵਿਧਾਇਕ ਦੇ ਘਰ 'ਚ ਸਭ ਤੋਂ ਉੱਪਰ ਬਣੇ ਕਮਰੇ 'ਚ ਰਹਿੰਦੀ ਸੀ ਅਤੇ ਉਸ ਦਾ ਪਰਿਵਾਰ ਸ਼ਹਿਰ ਦੇ ਮਾਮਦੇਵ ਪੁਰ ਸਥਿਤ ਕਾਂਸ਼ੀਰਾਮ ਰਿਹਾਇਸ਼ 'ਚ ਰਹਿੰਦਾ ਹੈ।

ਚੌਹਾਨ ਨੇ ਦੱਸਿਆ ਕਿ ਸੋਮਵਾਰ ਸਵੇਰੇ ਜਦੋਂ ਨਾਜ਼ੀਆ ਕਾਫ਼ੀ ਦੇਰ ਤੱਕ ਨਹੀਂ ਜਾਗੀ ਤਾਂ ਵਿਧਾਇਕ ਦੇ ਪਰਿਵਾਰ ਨੇ ਅੰਦਰ ਝਾਂਕ ਕੇ ਦੇਖਿਆ ਤਾਂ ਦਰਵਾਜ਼ਾ ਅੰਦਰੋਂ ਬੰਦ ਸੀ ਅਤੇ ਨਾਜ਼ੀਆ ਦੀ ਲਾਸ਼ ਫਾਹੇ ਨਾਲ ਲਟਕ ਰਹੀ ਸੀ। ਉਨ੍ਹਾਂ ਦੱਸਿਆ ਕਿ ਸੂਚਨਾ ਮਿਲਣ 'ਤੇ ਮੌਕੇ 'ਤੇ ਪਹੁੰਚੀ ਪੁਲਸ ਨੇ ਦਰਵਾਜ਼ਾ ਤੁੜਵਾਇਆ ਅਤੇ ਲਾਸ਼ ਨੂੰ ਕੱਢ ਕੇ ਪੋਸਟਮਾਰਟਮ ਲਈ ਭੇਜ ਦਿੱਤਾ। ਹਰ ਪਹਿਲੂ ਦੀ ਜਾਂਚ ਲਈ ਫੋਰੈਂਸਿਕ ਟੀਮ ਵੀ ਕੰਮ ਕਰ ਰਹੀ ਹੈ। ਦੋ ਡਾਕਟਰਾਂ ਦੇ ਪੈਨਲ ਵੱਲੋਂ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ ਅਤੇ ਇਸ ਦੀ ਵੀਡੀਓਗ੍ਰਾਫੀ ਵੀ ਕੀਤੀ ਜਾਵੇਗੀ। ਵਿਧਾਇਕ ਜ਼ਾਹਿਦ ਬੇਗ ਨੇ ਦੱਸਿਆ ਕਿ ਨਾਜ਼ੀਆ ਪਿਛਲੇ 8 ਸਾਲਾਂ ਤੋਂ ਉਨ੍ਹਾਂ ਦੇ ਘਰ ਕੰਮ ਕਰ ਰਹੀ ਸੀ, ਉਸ ਨੂੰ ਘਰ ਦੇ ਉੱਪਰ ਬਣੇ ਸਟੋਰ ਰੂਮ ਵਿਚ ਰਹਿਣ ਲਈ ਜਗ੍ਹਾ ਦਿੱਤੀ ਗਈ ਸੀ। ਅੱਜ ਸਵੇਰੇ ਜਦੋਂ ਦੂਜਾ ਸਹਾਇਕ ਨਾਜ਼ੀਆ ਨੂੰ ਜਗਾਉਣ ਗਿਆ ਤਾਂ ਅੰਦਰੋਂ ਕੋਈ ਆਵਾਜ਼ ਨਹੀਂ ਆਈ। ਉਸ ਨੇ ਇਸ ਦੀ ਸੂਚਨਾ ਘਰ ਦੇ ਬਾਕੀ ਲੋਕਾਂ ਨੂੰ ਦਿੱਤੀ, ਜਿਨ੍ਹਾਂ ਨੇ ਪੁਲਸ ਨੂੰ ਸੂਚਨਾ ਦਿੱਤੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News