ਲਾਪਤਾ 2 ਬੱਚਿਆਂ ਦੀਆਂ ਲਾਸ਼ਾਂ ਪਾਣੀ ਦੇ ਟੈਂਕ ''ਚ ਮਿਲੀਆਂ, ਪਰਿਵਾਰ ਨੇ ਜਤਾਇਆ ਕਤਲ ਦਾ ਖ਼ਦਸ਼ਾ
Sunday, Oct 06, 2024 - 01:13 PM (IST)
ਜੈਸਲਮੇਰ (ਭਾਸ਼ਾ)- ਰਾਜਸਥਾਨ 'ਚ ਜੈਸਲਮੇਰ ਜ਼ਿਲ੍ਹੇ ਦੇ ਕੋਤਵਾਲੀ ਥਾਣਾ ਖੇਤਰ 'ਚ ਲਾਪਤਾ ਹੋਏ 2 ਬੱਚਿਆਂ ਦੀਆਂ ਲਾਸ਼ਾਂ ਉਨ੍ਹਾਂ ਦੇ ਘਰ ਕੋਲ ਖ਼ਾਲੀ ਪਏ ਇਕ ਮਕਾਨ ਦੇ ਪਾਣੀ ਦੇ ਟੈਂਕ 'ਚੋਂ ਮਿਲੀਆਂ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਬੱਚਿਆਂ ਦੇ ਪਰਿਵਾਰ ਨੇ ਕਤਲ ਦਾ ਖ਼ਦਸ਼ਾ ਜਤਾਉਂਦੇ ਹੋਏ ਦੋਸ਼ੀਆਂ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ ਹੈ। ਥਾਣਾ ਅਧਿਕਾਰੀ ਸਵਾਈ ਸਿੰਘ ਨੇ ਦੱਸਿਆ ਕਿ ਬਬਰ ਮਗਰਾ ਇਲਾਕਾ ਵਾਸੀ ਆਦਿਲ (6) ਅਤੇ ਹਸਨੇਨ (7) ਦੇ ਪਰਿਵਾਰ ਵਾਲਿਆਂ ਨੇ ਸ਼ਨੀਵਾਰ ਸ਼ਾਮ ਦੋਹਾਂ ਬੱਚਿਆਂ ਦੇ ਗੁੰਮਸ਼ੁਦਾ ਹੋਣ ਦੀ ਸ਼ਿਕਾਇਤ ਦਰਜ ਕਰਵਾਈ ਸੀ।
ਉਨ੍ਹਾਂ ਦੱਸਿਆ ਕਿ ਤਲਾਸ਼ ਮੁਹਿੰਮ ਦੌਰਾਨ ਬੱਚਿਆਂ ਦੀਆਂ ਲਾਸ਼ਾਂ ਸ਼ਨੀਵਾਰ ਰਾਤ ਇਕ ਖ਼ਾਲੀ ਮਕਾਨ ਦੇ ਪਾਣੀ ਦੇ ਟੈਂਕ 'ਚ ਮਿਲੀਆਂ। ਉਨ੍ਹਾਂ ਦੱਸਿਆ ਕਿ ਲਾਸ਼ਾਂ ਨੂੰ ਪੋਸਟਮਾਰਟਮ ਲਈ ਹਸਪਤਾਲ ਦੇ ਮੁਰਦਾਘਰ 'ਚ ਰੱਖਿਆ ਗਿਆ ਹੈ। ਪੁਲਸ ਨੇ ਦੱਸਿਆ ਕਿ ਪਰਿਵਾਰ ਨੇ ਬੱਚਿਆਂ ਦੇ ਕਤਲ ਦਾ ਖ਼ਦਸ਼ਾ ਜਤਾਇਆ ਹੈ। ਪਰਿਵਾਰ ਵਾਲਿਆਂ ਅਨੁਸਾਰ, ਦੋਵੇਂ ਬੱਚਿਆਂ ਦੇ ਸਰੀਰ 'ਤੇ ਸੱਟ ਦੇ ਨਿਸ਼ਾਨ ਹਨ। ਪੁਲਸ ਨੇ ਦੱਸਿਆ ਕਿ ਪਰਿਵਾਰ ਵਾਲੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਹਸਪਤਾਲ 'ਚ ਮੁਰਦਾਘਰ ਦੇ ਬਾਹਰ ਧਰਨੇ 'ਤੇ ਬੈਠੇ ਹਨ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8