ਇਕੋ ਪਰਿਵਾਰ ਦੇ 5 ਜੀਆਂ ਦੀਆਂ ਲਾਸ਼ਾਂ ਕਮਰੇ ’ਚੋਂ ਬਰਾਮਦ, ਇਲਾਕੇ ''ਚ ਫੈਲੀ ਸਨਸਨੀ
Wednesday, Feb 11, 2026 - 02:36 AM (IST)
ਮਥੁਰਾ - ਮਥੁਰਾ ’ਚ ਇਕ ਕਮਰੇ ’ਚੋਂ ਇਕੋ ਪਰਿਵਾਰ ਦੇ 5 ਜੀਆਂ ਦੀਆਂ ਲਾਸ਼ਾਂ ਮਿਲੀਆਂ। ਮ੍ਰਿਤਕਾਂ ’ਚ ਪਤੀ, ਪਤਨੀ ਅਤੇ 3 ਬੱਚੇ ਸ਼ਾਮਲ ਹਨ। ਕਮਰੇ ’ਚ ਬੈੱਡ ’ਤੇ ਮਾਂ, ਇਕ ਧੀ-ਪੁੱਤ ਮਿਲੇ। ਦੂਜੀ ਧੀ ਮੰਜੇ ’ਤੇ ਪਈ ਸੀ, ਜਦਕਿ ਪਤੀ ਦੀ ਲਾਸ਼ ਫਰਸ਼ ’ਤੇ ਮਿਲੀ। ਪੁਲਸ ਦੇ ਅਨੁਸਾਰ, ਪਤੀ ਨੇ ਪਹਿਲਾਂ ਪਤਨੀ ਦੀ ਹੱਤਿਆ ਕੀਤੀ, ਫਿਰ ਬੱਚਿਆਂ ਦੀ ਜਾਨ ਲਈ। ਬਾਅਦ ’ਚ ਖ਼ੁਦ ਕਰੰਟ ਲਗਾ ਕੇ ਖ਼ੁਦਕੁਸ਼ੀ ਕਰ ਲਈ।
ਐੱਸ. ਐੱਸ. ਪੀ. ਸ਼ਲੋਕ ਕੁਮਾਰ ਨੇ ਦੱਸਿਆ ਕਿ ਘਟਨਾ ਦਾ ਪਤਾ ਉਸ ਸਮੇਂ ਚੱਲਿਆ, ਜਦੋਂ ਸਵੇਰੇ ਬੱਚੇ ਦਿਖਾਈ ਨਹੀਂ ਦਿੱਤੇ। ਇਸ ’ਤੇ ਗੁਆਂਢ ’ਚ ਰਹਿਣ ਵਾਲੇ ਮਨੀਸ਼ ਦੇ ਭਰਾ ਜੈ ਕਿਸ਼ਨ ਮੌਕੇ ’ਤੇ ਪਹੁੰਚੇ। ਦਰਵਾਜ਼ਾ ਅੰਦਰੋਂ ਬੰਦ ਹੋਣ ਕਰ ਕੇ ਉਹ ਮੇਨ ਗੇਟ ਟੱਪ ਕੇ ਅੰਦਰ ਗਏ। ਫਿਰ ਕਮਰੇ ਦਾ ਦਰਵਾਜ਼ਾ ਤੋੜਿਆ। ਅੰਦਰ ਸਾਰੇ ਮ੍ਰਿਤਕ ਪਏ ਮਿਲੇ। ਇਸ ਤੋਂ ਬਾਅਦ ਉਨ੍ਹਾਂ ਨੇ ਪੁਲਸ ਨੂੰ ਸੂਚਨਾ ਦਿੱਤੀ।
ਪੁਲਸ ਨੂੰ 3 ਸਫਿਆਂ ਦਾ ਖ਼ੁਦਕੁਸ਼ੀ ਨੋਟ ਅਤੇ ਇਕ ਵੀਡੀਓ ਮਿਲੀ ਹੈ। ਪਹਿਲਾ ਨੋਟ- ਰਸੋਈ ਦੀ ਕੰਧ ’ਤੇ ਲਿਖਿਆ ਸੀ। ਇਸ ’ਚ ਕਿਹਾ ਗਿਆ ਸੀ- ਮੈਂ ਮਨੀਸ਼ ਅਤੇ ਸੀਮਾ ਆਪਣੀ ਮਰਜ਼ੀ ਨਾਲ ਮਰੇ ਹਾਂ। ਪੁਲਸ ਕਿਸੇ ਨੂੰ ਪ੍ਰੇਸ਼ਾਨ ਨਾ ਕਰੇ। ਦੂਜਾ ਨੋਟ ਕਾਗਜ਼ ’ਤੇ ਮਿਲਿਆ, ਉਸ ’ਚ ਵੀ ਇਹੋ ਗੱਲਾਂ ਲਿਖੀਆਂ ਸਨ। ਉੱਥੇ ਹੀ, ਖ਼ੁਦਕੁਸ਼ੀ ਤੋਂ ਪਹਿਲਾਂ ਦੀ ਇਕ ਵੀਡੀਓ ਵੀ ਸਾਹਮਣੇ ਆਈ ਹੈ। ਇਸ ’ਚ ਮਨੀਸ਼ ਨੇ ਦੁੱਖਾਂ ਤੋਂ ਪ੍ਰੇਸ਼ਾਨ ਹੋ ਕੇ ਜਾਨ ਦੇਣ ਦੀ ਗੱਲ ਕਹੀ ਹੈ।
