ਪਾਕਿਸਤਾਨ ''ਚ ਪੁਲਸ ਸਟੇਸ਼ਨ ''ਤੇ ਭਿਆਨਕ ਆਤਮਘਾਤੀ ਹਮਲਾ, ਇਕੋ ਪਰਿਵਾਰ ਦੇ 4 ਜੀਆਂ ਸਣੇ 5 ਦੀ ਮੌਤ

Friday, Apr 03, 2026 - 05:33 PM (IST)

ਪਾਕਿਸਤਾਨ ''ਚ ਪੁਲਸ ਸਟੇਸ਼ਨ ''ਤੇ ਭਿਆਨਕ ਆਤਮਘਾਤੀ ਹਮਲਾ, ਇਕੋ ਪਰਿਵਾਰ ਦੇ 4 ਜੀਆਂ ਸਣੇ 5 ਦੀ ਮੌਤ

ਪੇਸ਼ਾਵਰ: ਉੱਤਰ-ਪੱਛਮੀ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਵਿੱਚ ਵੀਰਵਾਰ ਦੇਰ ਰਾਤ ਇਕ ਪੁਲਸ ਸਟੇਸ਼ਨ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਆਤਮਘਾਤੀ ਕਾਰ ਬੰਬ ਧਮਾਕੇ 'ਚ ਪੰਜ ਲੋਕਾਂ ਦੀ ਮੌਤ ਹੋ ਗਈ ਤੇ 13 ਹੋਰ ਜ਼ਖਮੀ ਹੋ ਗਏ। ਪੁਲਸ ਅਨੁਸਾਰ, ਇਹ ਹਮਲਾ ਬੰਨੂ ਜ਼ਿਲ੍ਹੇ ਦੀ ਡੋਮੇਲ ਤਹਿਸੀਲ 'ਚ ਹੋਇਆ, ਜਿੱਥੇ ਇਕ ਆਤਮਘਾਤੀ ਹਮਲਾਵਰ ਨੇ ਵਿਸਫੋਟਕਾਂ ਨਾਲ ਭਰੀ ਆਪਣੀ ਗੱਡੀ ਪੁਲਸ ਸਟੇਸ਼ਨ ਦੇ ਪਿਛਲੇ ਹਿੱਸੇ ਵਿੱਚ ਟਕਰਾ ਦਿੱਤੀ।

ਇਕੋ ਪਰਿਵਾਰ ਦੇ ਚਾਰ ਮੈਂਬਰਾਂ ਦੀ ਮੌਤ
ਇਸ ਦਰਦਨਾਕ ਹਾਦਸੇ 'ਚ ਮਰਨ ਵਾਲੇ ਪੰਜ ਵਿਅਕਤੀਆਂ ਵਿੱਚੋਂ ਚਾਰ ਇਕੋ ਪਰਿਵਾਰ ਨਾਲ ਸਬੰਧਤ ਸਨ, ਜਿਨ੍ਹਾਂ ਵਿੱਚ ਪਤੀ, ਪਤਨੀ, ਧੀ ਅਤੇ ਪੁੱਤਰ ਸ਼ਾਮਲ ਹਨ। ਧਮਾਕੇ ਦੀ ਤੀਬਰਤਾ ਇੰਨੀ ਜ਼ਿਆਦਾ ਸੀ ਕਿ ਇਸ ਦੀ ਆਵਾਜ਼ ਕਈ ਮੀਲ ਦੂਰ ਤੱਕ ਸੁਣੀ ਗਈ ਅਤੇ ਨੇੜਲੇ ਕਈ ਘਰਾਂ ਨੂੰ ਵੀ ਭਾਰੀ ਨੁਕਸਾਨ ਪਹੁੰਚਿਆ। ਧਮਾਕੇ ਤੋਂ ਤੁਰੰਤ ਬਾਅਦ ਇਲਾਕੇ ਵਿੱਚ ਗੋਲੀਬਾਰੀ ਵੀ ਸ਼ੁਰੂ ਹੋ ਗਈ, ਜਿਸ ਕਾਰਨ ਸਥਾਨਕ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ।

ਪੁਲਸ ਮੁਲਾਜ਼ਮ ਵੀ ਹੋਏ ਜ਼ਖਮੀ
ਜ਼ਖਮੀਆਂ ਵਿੱਚ ਘੱਟੋ-ਘੱਟ ਚਾਰ ਪੁਲਸ ਮੁਲਾਜ਼ਮ ਸ਼ਾਮਲ ਹਨ। ਰਾਹਤ ਅਤੇ ਬਚਾਅ ਟੀਮਾਂ ਵੱਲੋਂ ਮੌਕੇ 'ਤੇ ਕਾਰਵਾਈ ਜਾਰੀ ਹੈ ਅਤੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ। ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਇਸ ਹਮਲੇ ਦੀ ਸਖ਼ਤ ਨਿਖੇਧੀ ਕਰਦਿਆਂ ਕੀਮਤੀ ਜਾਨਾਂ ਦੇ ਨੁਕਸਾਨ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

ਫਿਲਹਾਲ ਕਿਸੇ ਵੀ ਸੰਗਠਨ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਹਾਲਾਂਕਿ, ਪਾਬੰਦੀਸ਼ੁਦਾ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (TTP) ਨੇ ਇਸ ਧਮਾਕੇ 'ਚ ਸ਼ਾਮਲ ਹੋਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। TTP ਦੇ ਬੁਲਾਰੇ ਮੁਹੰਮਦ ਖੁਰਾਸਾਨੀ ਨੇ ਇਕ ਬਿਆਨ ਜਾਰੀ ਕਰਦਿਆਂ ਦੋਸ਼ ਲਾਇਆ ਕਿ ਇਹ ਘਟਨਾ ਸਰਕਾਰੀ ਸੰਸਥਾਵਾਂ ਦੀ ਇਕ ਸਾਜ਼ਿਸ਼ ਹੈ ਤਾਂ ਜੋ ਜਨਤਾ ਨੂੰ ਖਾੜਕੂਆਂ ਦੇ ਖਿਲਾਫ ਕੀਤਾ ਜਾ ਸਕੇ। ਫੌਜੀ ਜਾਂ ਸਰਕਾਰੀ ਅਧਿਕਾਰੀਆਂ ਵੱਲੋਂ ਇਨ੍ਹਾਂ ਦੋਸ਼ਾਂ 'ਤੇ ਅਜੇ ਤੱਕ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਗਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

Baljit Singh

Content Editor

Related News