ਬਾੜਮੇਰ ''ਚ ਆਸਮਾਨ ਤੋਂ ਕੁਝ ਡਿੱਗਿਆ ਅਤੇ ਹੋਏ 2 ਧਮਾਕੇ, ਡਰ ''ਚ ਲੋਕ
Thursday, Feb 28, 2019 - 10:53 AM (IST)

ਬਾੜਮੇਰ— ਭਾਰਤ ਅਤੇ ਪਾਕਿਸਤਾਨ ਦਰਮਿਆਨ ਚੱਲ ਰਹੇ ਤਣਾਅ ਦਰਮਿਆਨ ਰਾਜਸਥਾਨ ਦੇ ਬਾੜਮੇਰ ਜ਼ਿਲੇ 'ਚ ਪਾਕਿਸਤਾਨ ਸਰਹੱਦ ਨਾਲ ਲੱਗਦੇ 2 ਪਿੰਡਾਂ 'ਚ ਧਮਾਕੇ ਦੀ ਖਬਰ ਹੈ। ਦੱਸਿਆ ਜਾ ਰਿਹਾ ਹੈ ਕਿ ਬੁੱਧਵਾਰ ਦੇਰ ਸ਼ਾਮ ਪੋਸ਼ਾਲ ਅਤੇ ਰਤਾਸਰ ਪਿੰਡ 'ਚ ਧਮਾਕੇ ਨਾਲ ਧਾਤੂ ਦੇ ਟੁੱਕੜੇ ਡਿੱਗੇ। ਹਾਲਾਂਕਿ ਹੁਣ ਤੱਕ ਪੁਸ਼ਟੀ ਨਹੀਂ ਹੋ ਸਕੀ ਹੈ ਕਿ ਇਹ ਬੰਬ ਹੈ ਜਾਂ ਫਿਰ ਕਿਸੇ ਜਹਾਜ਼ ਦੇ ਟੁੱਕੜੇ। ਇਕ ਨਿਊਜ਼ ਏਜੰਸੀ ਅਨੁਸਾਰ,''ਬੀਂਜਰਾੜ ਪੁਲਸ ਥਾਣਾ ਖੇਤਰ 'ਚ ਆਉਣ ਵਾਲੇ ਪੋਸ਼ਾਲ ਅਤੇ ਰਤਾਸਰ ਪਿੰਡ 'ਚ ਲੋਕਾਂ ਨੇ 2 ਜ਼ੋਰਦਾਰ ਧਮਾਕੇ ਸੁਣੇ। ਇਸ ਤੋਂ ਬਾਅਦ ਜਦੋਂ ਲੋਕ ਹਾਦਸੇ ਵਾਲੀ ਜਗ੍ਹਾ 'ਤੇ ਪੁੱਜੇ ਤਾਂ ਉਨ੍ਹਾਂ ਨੂੰ ਧਾਤੂ ਦੇ ਟੁੱਕੜੇ ਮਿਲੇ। ਸ਼ੁਰੂਆਤੀ ਜਾਂਚ 'ਚ ਇਹ ਸਾਹਮਣੇ ਆ ਰਿਹਾ ਹੈ ਕਿ ਇਹ ਜਹਾਜ਼ ਦੇ ਟੁੱਕੜੇ ਹਨ।
ਇਸ ਬਾਰੇ ਪੁਲਸ ਕਮਿਸ਼ਨਰ ਰਾਸ਼ੀ ਡੋਗਰਾ ਡੁਡੀ ਨੇ ਦੱਸਿਆ ਕਿ ਉਨ੍ਹਾਂ ਨੂੰ ਦੇਰ ਸ਼ਾਮ ਘਟਨਾ ਦੀ ਜਾਣਕਾਰੀ ਮਿਲੀ। ਇਸ ਤੋਂ ਬਾਅਦ ਪੁਲਸ ਅਧਿਕਾਰੀਆਂ ਨੂੰ ਮੌਕੇ 'ਤੇ ਭੇਜਿਆ ਗਿਆ। ਹਾਦਸੇ ਵਾਲੀ ਜਗ੍ਹਾ 'ਤੇ ਧਾਤੂ ਦੇ ਕੁਝ ਟੁੱਕੜੇ ਮਿਲੇ ਹਨ। ਉਨ੍ਹਾਂ ਨੇ ਕਿਹਾ ਕਿ ਚਸ਼ਮਦੀਦਾਂ ਅਨੁਸਾਰ ਇਹ ਆਸਮਾਨ ਤੋਂ ਲੰਘਣ ਵਾਲੇ ਕਿਸੇ ਜਹਾਜ਼ ਤੋਂ ਡਿੱਗੀ ਹੈ।
ਪਾਕਿਸਤਾਨੀ ਜਹਾਜ਼ਾਂ ਦੀ ਭਾਰਤੀ ਸਰਹੱਦ 'ਚ ਘੁਸਪੈਠ ਤੋਂ ਬਾਅਦ ਲੋਕਾਂ 'ਚ ਸਨਸਨੀ ਫੈਲ ਗਈ ਹੈ। ਯੁੱਧ ਦੇ ਡਰ ਕਾਰਨ ਲੋਕ ਆਪਣੇ ਰਿਸ਼ਤੇਦਾਰਾਂ ਦੇ ਘਰ ਜਾ ਰਹੇ ਹਨ। ਫਿਲਹਾਲ ਸੁਰੱਖਿਆ ਏਜੰਸੀਆਂ ਨਾਲ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਬਾੜਮੇਰ ਜ਼ਿਲਾ ਕਲੈਕਟਰ ਹਿਮਾਂਸ਼ੂ ਗੁਪਤਾ ਦਾ ਕਹਿਣਾ ਹੈ ਕਿ ਪਾਕਿਸਤਾਨ ਦੀ ਕਾਰਵਾਈ ਤੋਂ ਬਾਅਦ ਹਵਾਈ ਫੌਜ ਜਾਂ ਕਿਸੇ ਵੀ ਏਜੰਸੀ ਤੋਂ ਕੋਈ ਜਾਣਕਾਰੀ ਨਹੀਂ ਮਿਲੀ ਹੈ। ਇਸ ਲਈ ਅਧਿਕਾਰਤ ਤੌਰ 'ਤੇ ਕੁਝ ਵੀ ਕਿਹਾ ਨਹੀਂ ਜਾ ਸਕਦਾ।