JP ਨੱਡਾ ਦੇ ਮੰਤਰੀ ਬਣਨ ਤੋਂ ਬਾਅਦ ਭਾਜਪਾ ਨੂੰ ਮਿਲੇਗਾ ਨਵਾਂ ਪ੍ਰਧਾਨ, ਕਈ ਨਾਂ ਚਰਚਾ ’ਚ

06/11/2024 12:44:45 PM

ਨੈਸ਼ਨਲ ਡੈਸਕ- ਭਾਜਪਾ ਦੇ 63 ਸਾਲਾ ਕੌਮੀ ਪ੍ਰਧਾਨ ਜਗਤ ਪ੍ਰਕਾਸ਼ ਨੱਡਾ ਦੇ ਮੰਤਰੀ ਮੰਡਲ ’ਚ ਸ਼ਾਮਲ ਹੋਣ ਨਾਲ ਇਹ ਤਸਵੀਰ ਸਾਫ਼ ਹੋ ਗਈ ਹੈ ਕਿ ਹੁਣ ਪਾਰਟੀ ਨੂੰ ਨਵਾਂ ਪ੍ਰਧਾਨ ਮਿਲੇਗਾ ਅਤੇ ਸੰਗਠਨ ’ਚ ਵੱਡਾ ਫੇਰਬਦਲ ਹੋਵੇਗਾ। ਨੱਡਾ ਨੇ 2019 ਦੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਪਾਰਟੀ ਪ੍ਰਧਾਨ ਦਾ ਅਹੁਦਾ ਸੰਭਾਲਣ ਤੋਂ ਪਹਿਲਾਂ ਮੋਦੀ ਸਰਕਾਰ ’ਚ 2014-19 ਤੱਕ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਵਜੋਂ ਸੇਵਾ ਨਿਭਾਈ ਸੀ। ਪਹਿਲਾਂ ਉਹ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਸਨ ਅਤੇ ਫਿਰ ਜਨਵਰੀ 2020 ਤੋਂ ਪ੍ਰਧਾਨ ਵਜੋਂ ਕੰਮ ਕਰ ਰਹੇ ਹਨ। ਪਾਰਟੀ ਪ੍ਰਧਾਨ ਦੇ ਤੌਰ ’ਤੇ ਜੇ. ਪੀ. ਨੱਡਾ ਦਾ ਕਾਰਜਕਾਲ ਇਸ ਸਾਲ ਜਨਵਰੀ ’ਚ ਹੀ ਖਤਮ ਹੋ ਗਿਆ ਸੀ ਪਰ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਉਨ੍ਹਾਂ ਦਾ ਕਾਰਜਕਾਲ 6 ਮਹੀਨੇ ਵਧਾ ਦਿੱਤਾ ਗਿਆ ਸੀ। ਹੁਣ ਉਨ੍ਹਾਂ ਦਾ ਕਾਰਜਕਾਲ ਜੂਨ ’ਚ ਖਤਮ ਹੋਵੇਗਾ।

ਇਕ ਮੀਡੀਆ ਰਿਪੋਰਟ ਮੁਤਾਬਕ ਪ੍ਰਧਾਨ ਦੇ ਅਹੁਦੇ ਲਈ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ, ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟੜ, ਧਰਮਿੰਦਰ ਪ੍ਰਧਾਨ ਅਤੇ ਭੂਪੇਂਦਰ ਯਾਦਵ ਦਾ ਨਾਂ ਲਿਆ ਜਾ ਰਿਹਾ ਸੀ ਪਰ ਇਨ੍ਹਾਂ ਸਾਰਿਆਂ ਨੂੰ ਮੋਦੀ ਸਰਕਾਰ ਦੀ ਕੈਬਨਿਟ ’ਚ ਸ਼ਾਮਲ ਕਰ ਲਿਆ ਗਿਆ। ਇਸ ਲਈ ਹੁਣ ਅਜਿਹੀਆਂ ਅਟਕਲਾਂ ’ਤੇ ਰੋਕ ਲੱਗ ਗਈ ਹੈ।

ਵਿਨੋਦ ਤਾਵੜੇ ਅਤੇ ਸੁਨੀਲ ਬਾਂਸਲ ਦਾ ਨਾਂ ਚਰਚਾ ’ਚ

ਰਿਪੋਰਟ ’ਚ ਕਿਹਾ ਗਿਆ ਹੈ ਕਿ ਪਾਰਟੀ ਦੇ ਜਨਰਲ ਸਕੱਤਰ ਵਿਨੋਦ ਤਾਵੜੇ ਅਤੇ ਸੁਨੀਲ ਬਾਂਸਲ ਨੂੰ ਪ੍ਰਧਾਨ ਦੇ ਅਹੁਦੇ ਲਈ ਸਭ ਤੋਂ ਮਜ਼ਬੂਤ ​​ਦਾਅਵੇਦਾਰ ਮੰਨਿਆ ਜਾ ਰਿਹਾ ਹੈ। ਮਹਾਰਾਸ਼ਟਰ ਦੇ ਰਹਿਣ ਵਾਲੇ ਵਿਨੋਦ ਤਾਵੜੇ ਪਹਿਲਾਂ ਮੋਦੀ ਸਰਕਾਰ ਵਿਚ ਰਾਜ ਮੰਤਰੀ ਸਨ ਬਾਅਦ ਵਿਚ ਉਨ੍ਹਾਂ ਨੂੰ ਸੰਗਠਨ ਦੀ ਜ਼ਿੰਮੇਵਾਰੀ ਦਿੱਤੀ ਗਈ। ਉਹ ਬਿਹਾਰ ਦੇ ਇੰਚਾਰਜ ਰਹਿ ਚੁੱਕੇ ਹਨ ਅਤੇ ਕਈ ਹੋਰ ਭੂਮਿਕਾਵਾਂ ਵਿਚ ਕੰਮ ਕਰ ਚੁੱਕੇ ਹਨ, ਜਦਕਿ ਸੁਨੀਲ ਬਾਂਸਲ ਯੂ. ਪੀ. ’ਚ ਭਾਜਪਾ ਦੇ ਇੰਚਾਰਜ ਰਹੇ ਹਨ।

ਦੱਸਿਆ ਜਾਂਦਾ ਹੈ ਕਿ ਯੂ. ਪੀ. ’ਚ ਟਿਕਟਾਂ ਦੀ ਵੰਡ ਤੋਂ ਲੈ ਕੇ ਪਰਦੇ ਦੇ ਪਿੱਛੇ ਤੱਕ ਦੇ ਸਾਰੇ ਕੰਮਾਂ ’ਚ ਉਨ੍ਹਾਂ ਦਾ ਹੱਥ ਹੁੰਦਾ ਸੀ। ਉਨ੍ਹਾਂ ਨੂੰ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਖਾਸ ਤੌਰ ’ਤੇ ਯੂ. ਪੀ. ਲੈ ਕੇ ਆਏ ਸਨ। ਇਸ ਤੋਂ ਬਾਅਦ ਉਨ੍ਹਾਂ ਨੂੰ ਬੰਗਾਲ ਅਤੇ ਹੋਰ ਸੂਬਿਆਂ ਦੀ ਜ਼ਿੰਮੇਵਾਰੀ ਦਿੱਤੀ ਗਈ। ਉਹ ਜਿੱਥੇ ਸੰਗਠਨ ਦੇ ਕੰਮਾਂ ’ਚ ਮਾਹਿਰ ਹਨ, ਸਗੋਂ ਉਨ੍ਹਾਂ ਕੋਲ ਸੰਗਠਨ ਨੂੰ ਚੰਗੀ ਤਰ੍ਹਾਂ ਸੰਭਾਲਣ ਦਾ ਤਜਰਬਾ ਵੀ ਹੈ। ਹਾਲਾਂਕਿ ਯੂ. ਪੀ. ’ਚ ਉਨ੍ਹਾਂ ਦਾ ਰਹਿਣਾ ਪਾਰਟੀ ’ਚ ਕਈ ਸੀਨੀਅਰ ਨੇਤਾਵਾਂ ਨੂੰ ਪ੍ਰੇਸ਼ਾਨ ਕਰ ਰਿਹਾ ਹੈ।

ਸੁਨੀਲ ਬਾਂਸਲ ਜੋ ਪਾਰਟੀ ਦੇ ਸੂਬਾ ਜਨਰਲ ਸਕੱਤਰ (ਸੰਗਠਨ) ਵਜੋਂ ਯੂ. ਪੀ. ’ਚ ਅਹਿਮ ਭੂਮਿਕਾ ਨਿਭਾਉਣ ਤੋਂ ਬਾਅਦ ਸੁਰਖੀਆਂ ’ਚ ਆਏ ਸਨ। ਯੂ. ਪੀ. ਤੋਂ ਬਾਅਦ ਬਾਂਸਲ ਨੂੰ ਪੱਛਮੀ ਬੰਗਾਲ, ਓਡਿਸ਼ਾ, ਤੇਲੰਗਾਨਾ ਦੇ ਜਨਰਲ ਸਕੱਤਰ ਇੰਚਾਰਜ ਵਜੋਂ ਰਾਸ਼ਟਰੀ ਕਾਰਜ ਸੌਂਪਿਆ ਗਿਆ ਸੀ। ਲੋਕ ਸਭਾ ਚੋਣ ਮੁਹਿੰਮ ਦੌਰਾਨ ਬਾਂਸਲ ਨੇ ਦੇਸ਼ ਭਰ ਦੇ ਕਾਲ ਸੈਂਟਰਾਂ ਨੂੰ ਵੀ ਸੰਭਾਲਿਆ, ਫੀਡਬੈਕ ਇਕੱਠੀ ਕੀਤੀ ਅਤੇ ਹੇਠਲੇ ਪੱਧਰ ’ਤੇ ਪਾਰਟੀ ਵਰਕਰਾਂ ਨੂੰ ਪ੍ਰੇਰਿਤ ਕੀਤਾ। ਬਾਂਸਲ ਨੇ ਭਾਜਪਾ ਦੀ ਚੋਟੀ ਦੀ ਲੀਡਰਸ਼ਿਪ ਦਾ ਵਿਸ਼ਵਾਸ ਜਿੱਤ ਲਿਆ ਹੈ।

ਅਨੁਰਾਗ ਠਾਕੁਰ ਵੀ ਜਾ ਸਕਦੇ ਹਨ ਸੰਗਠਨ ’ਚ

ਭਾਜਪਾ ਦੇ ਇਕ ਹੋਰ ਮਜ਼ਬੂਤ ਨੇਤਾ ਅਨੁਰਾਗ ਠਾਕੁਰ ਨੂੰ ਵੀ ਮੰਤਰੀ ਮੰਡਲ ਵਿਚ ਸ਼ਾਮਲ ਨਹੀਂ ਕੀਤਾ ਗਿਆ ਹੈ। ਅਨੁਰਾਗ ਪਿਛਲੇ ਕਾਰਜਕਾਲ ਵਿਚ ਪਹਿਲਾਂ ਰਾਜ ਮੰਤਰੀ ਅਤੇ ਫਿਰ ਸੂਚਨਾ ਅਤੇ ਪ੍ਰਸਾਰਣ ਮੰਤਰੀ ਦੇ ਨਾਲ ਖੇਡ ਮੰਤਰੀ ਰਹੇ ਹਨ। ਉਹ ਮੋਦੀ ਦੇ ਕਰੀਬੀ ਹਨ, ਇਸ ਲਈ ਜੇਕਰ ਉਨ੍ਹਾਂ ਨੂੰ ਮੰਤਰੀ ਮੰਡਲ ’ਚੋਂ ਬਾਹਰ ਰੱਖਿਆ ਜਾਂਦਾ ਹੈ ਤਾਂ ਸੰਭਾਵਨਾ ਹੈ ਕਿ ਉਹ ਪਾਰਟੀ ਸੰਗਠਨ ’ਚ ਅਹਿਮ ਅਹੁਦੇ ’ਤੇ ਬਿਰਾਜਮਾਨ ਹੋ ਸਕਦੇ ਹਨ। ਉਹ ਪੰਜ ਵਾਰ ਲੋਕ ਸਭਾ ਲਈ ਚੁਣੇ ਗਏ ਹਨ। ਉਨ੍ਹਾਂ ਕੋਲ ਸੰਸਦੀ ਅਤੇ ਸਿਆਸੀ ਤਜਰਬਾ ਵੀ ਬਹੁਤ ਹੈ।

ਸੰਘ ਦੀ ਮਨਜ਼ੂਰੀ ਤੋਂ ਬਾਅਦ ਹੀ ਬਣੇਗਾ ਪ੍ਰਧਾਨ

ਲੋਕ ਸਭਾ ਚੋਣਾਂ ’ਚ ਭਾਜਪਾ ਨੇ 370 ਸੀਟਾਂ ਜਿੱਤਣ ਦਾ ਟੀਚਾ ਰੱਖਿਆ ਸੀ ਪਰ ਉਹ 272 ਦੇ ਨੰਬਰ ਤੱਕ ਵੀ ਨਹੀਂ ਪਹੁੰਚ ਸਕੀ। ਇਸ ਤੋਂ ਬਾਅਦ ਇਹ ਮੰਨਿਆ ਜਾ ਰਿਹਾ ਹੈ ਕਿ ਹੁਣ ਰਾਸ਼ਟਰੀ ਸਵੈਮ ਸੇਵਕ ਸੰਘ ਵੀ ਸੰਗਠਨ ’ਤੇ ਜ਼ਿਆਦਾ ਧਿਆਨ ਦੇਵੇਗਾ ਅਤੇ ਜੋ ਵੀ ਨਵਾਂ ਪ੍ਰਧਾਨ ਬਣੇਗਾ, ਉਹ ਆਪਣੀ ਪੂਰੀ ਸਹਿਮਤੀ ਨਾਲ ਹੀ ਬਣੇਗਾ। ਕੇਂਦਰ ਸਰਕਾਰ ’ਚ ਮੰਤਰੀ ਰਹਿ ਚੁੱਕੇ ਕਈ ਲੋਕਾਂ ਨੂੰ ਇਸ ਵਾਰ ਸਰਕਾਰ ’ਚ ਥਾਂ ਨਹੀਂ ਮਿਲੀ।

ਮੰਨਿਆ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਸੰਗਠਨ ਦੀ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ। ਪਿਛਲੀ ਸਰਕਾਰ ’ਚ ਸੂਚਨਾ ਅਤੇ ਪ੍ਰਸਾਰਣ ਮੰਤਰੀ ਰਹੇ ਅਨੁਰਾਗ ਠਾਕੁਰ ਨੂੰ ਇਸ ਵਾਰ ਮੰਤਰੀ ਮੰਡਲ ’ਚ ਸ਼ਾਮਲ ਨਹੀਂ ਕੀਤਾ ਗਿਆ ਹੈ। ਉਨ੍ਹਾਂ ਨੂੰ ਸੰਘਠਨ ’ਚ ਜਗ੍ਹਾ ਦਿੱਤੀ ਜਾ ਸਕਦੀ ਹੈ। ਉਹ ਪਹਿਲਾਂ ਹੀ ਭਾਜਪਾ ਯੁਵਾ ਮੋਰਚਾ ਦੇ ਪ੍ਰਧਾਨ ਰਹਿ ਚੁੱਕੇ ਹਨ। ਇਸੇ ਤਰ੍ਹਾਂ ਸਮ੍ਰਿਤੀ ਇਰਾਨੀ ਸਮੇਤ ਕਈ ਨੇਤਾ ਹੁਣ ਸੰਗਠਨ ’ਚ ਕੰਮ ਕਰਦੇ ਦੇਖੇ ਜਾ ਸਕਦੇ ਹਨ।


Tanu

Content Editor

Related News