ਭਾਜਪਾ ਬਨਾਮ ਭਾਜਪਾ : ਰੂਡੀ ਦੇ ਕਿਲੇ ਵਿਚ ਸੰਨ੍ਹ, ਬਾਲਿਆਨ ਨੇ ਬਣਾਈ ਅੰਦਰੂਨੀ ਤਖਤਾਪਲਟ ਦੀ ਯੋਜਨਾ
Thursday, Aug 07, 2025 - 09:33 PM (IST)

ਨੈਸ਼ਨਲ ਡੈਸਕ- 25 ਸਾਲਾਂ ਤੋਂ ਵੱਧ ਸਮੇਂ ਤੱਕ ਸੱਤਾ ’ਤੇ ਕਾਬਜ਼ ਰਹਿਣ ਤੋਂ ਬਾਅਦ ਭਾਜਪਾ ਸੰਸਦ ਮੈਂਬਰ ਰਾਜੀਵ ਪ੍ਰਤਾਪ ਰੂਡੀ ਨੂੰ ਕਾਂਸਟੀਟਿਊਸ਼ਨ ਕਲੱਬ ’ਚ ਆਪਣੇ ਲੰਬੇ ਸਮੇਂ ਤੋਂ ਚੱਲੇ ਆ ਰਹੇ ਸਕੱਤਰ (ਪ੍ਰਸ਼ਾਸਨ) ਦੇ ਅਹੁਦੇ ’ਤੇ ਖ਼ਤਰਾ ਮੰਡਰਾਉਂਦਾ ਨਜ਼ਰ ਆ ਰਿਹਾ ਹੈ ਅਤੇ ਉਹ ਵੀ ਵਿਰੋਧੀ ਧਿਰ ਤੋਂ ਨਹੀਂ, ਸਗੋਂ ਉਨ੍ਹਾਂ ਦੀ ਆਪਣੀ ਪਾਰਟੀ ਦੇ ਮੈਂਬਰ ਸੰਜੀਵ ਬਾਲਿਆਨ ਤੋਂ। ਆਉਣ ਵਾਲੀ 12 ਅਗਸਤ ਦੀ ਚੋਣ ਭਾਜਪਾ ਬਨਾਮ ਭਾਜਪਾ ਵਿਚਾਲੋ ਚੋਣ ਜੰਗ ਵਿਚ ਬਦਲ ਗਈ ਹੈ। ਜਿਸ ਖੇਤਰ ਨੂੰ ਕਦੇ ਰੂਡੀ ਦਾ ਨਿਰਵਿਵਾਦ ਖੇਤਰ ਮੰਨਿਆ ਜਾਂਦਾ ਸੀ, ਉਹ ਹੁਣ ਰਾਜਨੀਤਿਕ ਉਥਲ-ਪੁਥਲ ਦਾ ਮੈਦਾਨ ਬਣ ਗਿਆ ਹੈ।
ਮੁਜ਼ੱਫਰਨਗਰ ਤੋਂ ਸਾਬਕਾ ਸੰਸਦ ਮੈਂਬਰ ਬਾਲਿਆਨ ਨੇ ਚੋਣ ਮੈਦਾਨ ਵਿਚ ਕੁੱਦ ਕੇ ਲੋਕਾਂ ਅਤੇ ਭਾਜਪਾ ਦੀ ਉੱਚ ਲੀਡਰਸ਼ਿਪ ਤੋਂ ਖੁੱਲ੍ਹਾ ਸਮਰਥਨ ਪ੍ਰਾਪਤ ਕਰ ਕੇ ਰੂਡੀ ਕੈਂਪ ਨੂੰ ਹੈਰਾਨ ਕਰ ਦਿੱਤਾ ਹੈ। ਮੰਤਰੀ ਅਤੇ ਸੰਸਦ ਮੈਂਬਰ ਉਨ੍ਹਾਂ ਲਈ ਸਰਗਰਮੀ ਨਾਲ ਪ੍ਰਚਾਰ ਕਰ ਰਹੇ ਹਨ, ਜੋ ਕਿ ਇਸ ਗੱਲ ਦਾ ਸਪੱਸ਼ਟ ਸੰਕੇਤ ਹੈ ਕਿ ਸੱਤਾਧਾਰੀ ਪਾਰਟੀ ਰਾਜੀਵ ਪ੍ਰਤਾਪ ਰੂਡੀ ਨੂੰ ਸੱਤਾ ਤੋਂ ਬਾਹਰ ਕਰਨਾ ਚਾਹੁੰਦੀ ਹੈ।
ਭਾਵੇਂ ਰੂਡੀ ਨੂੰ ਕਲੱਬ ਨੂੰ ‘ਫਾਈਵ ਸਟਾਰ ਹੈਂਗਆਉਟ’ ਵਿਚ ਬਦਲਣ ਦਾ ਸਿਹਰਾ ਜਾਂਦਾ ਹੈ ਜਿਸ ਵਿਚ ਇਕ ਜਿੰਮ, ਸਪਾ, ਲਾਉਂਜ ਅਤੇ ਇਕ ਵੱਡੀ ਲਾਇਬ੍ਰੇਰੀ ਦੀ ਸਹੂਲਤ ਹੈ, ਪਰ ਹੁਣ ਉਸਦੀ ਪਕੜ ਢਿੱਲੀ ਹੁੰਦੀ ਜਾਪ ਰਹੀ ਹੈ। ਸੰਜੀਵ ਬਾਲਿਆਨ ਨੂੰ ਚੋਣ ਮੈਦਾਨ ਤੋਂ ਦੂਰ ਰੱਖਣ ਦੀਆਂ ਰੂਡੀ ਦੇ ਸਮਰਥਕਾਂ ਦੀਆਂ ਕੋਸ਼ਿਸ਼ਾਂ ਅਸਫਲ ਰਹੀਆਂ ਹਨ। 1200 ਤੋਂ ਵੱਧ ਯੋਗ ਵੋਟਰਾਂ ਵਾਲੀ ਇਕ ਵੱਕਾਰੀ ਸੰਸਥਾ ਕਾਂਸਟੀਟਿਊਸ਼ਨ ਕਲੱਬ ਵਿਚ ਮੋਦੀ, ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਖੜਗੇ ਵਰਗੇ ਮੈਂਬਰ ਸ਼ਾਮਲ ਹਨ। ਫਿਰ ਵੀ, ਇਹ ਭਾਜਪਾ ਦਾ ਅੰਦਰੂਨੀ ਝਗੜਾ ਹੈ ਜਿਸਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ।
ਰੂਡੀ, ਜਿਸਨੂੰ ਕਦੇ ਅਡਿੱਗ ਮੰਨਿਆ ਜਾਂਦਾ ਸੀ, ਹੁਣ ਸਾਰਥਕਤਾ ਬਣਾਈ ਰੱਖਣ ਲਈ ਇਕ ਔਖੀ ਲੜਾਈ ਦਾ ਸਾਹਮਣਾ ਕਰ ਰਹੇ ਹਨ। ਲਗਜ਼ਰੀ ਸਪਾ ਅਜੇ ਵੀ ਰਾਜਨੀਤਿਕ ਗੱਪਾਂ ਅਤੇ ਮਾਲਿਸ਼ਾਂ ਨਾਲ ਗੁਲਜ਼ਾਰ ਹੋ ਸਕਦਾ ਹੈ ਪਰ ਸ਼ਾਂਤੀ ਦੇ ਹੇਠਾਂ ਇਕ ਤੂਫਾਨ ਉੱਠ ਰਿਹਾ ਹੈ ਅਤੇ ਇਹ ਭਾਜਪਾ ਦੇ ਅੰਦਰੋਂ ਹੀ ਆ ਰਿਹਾ ਹੈ। ਰੂਡੀ ਦਾ ਕਿਲਾ ਢਹਿ ਰਿਹਾ ਹੈ।