ਸਵੱਛਤਾ : ਕਾਠਮਾਂਡੂ ਬਨਾਮ ਦਿੱਲੀ!

Monday, Mar 02, 2026 - 04:09 PM (IST)

ਸਵੱਛਤਾ : ਕਾਠਮਾਂਡੂ ਬਨਾਮ ਦਿੱਲੀ!

ਕਾਠਮਾਂਡੂ ਉਸ ਦੇਸ਼ ਦੀ ਰਾਜਧਾਨੀ ਹੈ ਜੋ ਆਰਥਿਕ ਤਰੱਕੀ ’ਚ ਭਾਰਤ ਨਾਲੋਂ ਕਿਤੇ ਪਿੱਛੇ ਹੈ, ਪਰ ਹਰ ਪੱਖੋਂ ਭਾਰਤ ਦੀ ਰਾਜਧਾਨੀ ਦਿੱਲੀ ਨਾਲੋਂ ਕਿਤੇ ਅੱਗੇ ਹੈ। ਸਾਰੇ ਸ਼ਹਿਰ ਦੀਆਂ ਸੜਕਾਂ ਅਤੇ ਫੁੱਟਪਾਥ ਬਿਲਕੁਲ ਸਾਫ਼ ਹਨ, ਜਿੱਥੇ ਹਰ ਵੇਲੇ ਸਫ਼ਾਈ ਕਰਮਚਾਰੀ ਮੁਸਤੈਦੀ ਨਾਲ ਡਟੇ ਰਹਿੰਦੇ ਹਨ। ਅਜਿਹਾ ਲੱਗਦਾ ਹੈ ਕਿ ਮੋਦੀ ਜੀ ਦਾ ‘ਸਵੱਛ ਭਾਰਤ ਅਭਿਆਨ’ ਭਾਰਤ ਲਈ ਨਹੀਂ ਸਗੋਂ ਨੇਪਾਲ ਲਈ ਸੀ, ਕਿਉਂਕਿ ਭਾਰਤ ਦੀ ਰਾਜਧਾਨੀ ਦਿੱਲੀ ’ਚ ਤਾਂ ਜਿੱਥੇ ਨਜ਼ਰ ਮਾਰੋ ਉੱਥੇ ਹੀ ਕੂੜੇ ਦੇ ਢੇਰ ਲੱਗੇ ਹੋਏ ਹਨ।

ਇਹੀ ਹਾਲ ਕਾਠਮਾਂਡੂ ਸ਼ਹਿਰ ਦੇ ਜਨਤਕ ਪਖਾਨਿਆਂ ਦਾ ਵੀ ਹੈ। ਉਹ ਇੰਨੇ ਸਾਫ਼ ਰਹਿੰਦੇ ਹਨ ਕਿ ਹੈਰਾਨੀ ਹੁੰਦੀ ਹੈ, ਜਿਵੇਂ ਕਿਸੇ ਵਪਾਰਕ ਅਦਾਰੇ ਦੇ ਪਖਾਨੇ ਹੋਣ। ਦੂਜੇ ਪਾਸੇ ਦਿੱਲੀ ਦੇ ਜ਼ਿਆਦਾਤਰ ਜਨਤਕ ਪਖਾਨਿਆਂ ਦੀ ਹਾਲਤ ਇੰਨੀ ਖ਼ਰਾਬ ਹੈ ਕਿ ਆਸਾਨੀ ਨਾਲ ਅੰਦਰ ਜਾਣ ਦੀ ਹਿੰਮਤ ਨਹੀਂ ਪੈਂਦੀ। ਕਾਠਮਾਂਡੂ ਦੀ ਇਕ ਹੋਰ ਖ਼ਾਸੀਅਤ ਨੇ ਪਿਛਲੇ ਤਿੰਨ ਦਿਨਾਂ ’ਚ ਮੇਰਾ ਧਿਆਨ ਖਿੱਚਿਆ ਹੈ, ਉਹ ਹੈ ਇੱਥੋਂ ਦੀ ਟ੍ਰੈਫਿਕ ਵਿਵਸਥਾ। ਸਾਰੀਆਂ ਰੁਝੇਵੇਂ ਵਾਲੀਆਂ ਸੜਕਾਂ ’ਤੇ ਮਹਿਲਾ ਅਤੇ ਪੁਰਸ਼ ਪੁਲਸ ਕਰਮਚਾਰੀ ਸੁਚੇਤ ਅਤੇ ਸਰਗਰਮ ਰਹਿ ਕੇ ਟ੍ਰੈਫਿਕ ਨੂੰ ਕੰਟਰੋਲ ਕਰਦੇ ਹਨ। ਇੰਨਾ ਹੀ ਨਹੀਂ, ਇੱਥੋਂ ਦੇ ਨਾਗਰਿਕ ਵੀ ਟ੍ਰੈਫਿਕ ਨਿਯਮਾਂ ਦੀ ਜ਼ਿੰਮੇਵਾਰੀ ਨਾਲ ਪਾਲਣਾ ਕਰਦੇ ਹਨ। ਸਭ ਤੋਂ ਵੱਧ ਪ੍ਰਭਾਵਿਤ ਕਰਨ ਵਾਲੀ ਗੱਲ ਇਹ ਸੀ ਕਿ ਕਾਠਮਾਂਡੂ ਦੀਆਂ ਸੜਕਾਂ ’ਤੇ ਗੱਡੀਆਂ ਦੇ ਹਾਰਨ ਦਾ ਸ਼ੋਰ ਬਿਲਕੁਲ ਵੀ ਸੁਣਾਈ ਨਹੀਂ ਦਿੰਦਾ। ਇੱਥੋਂ ਦੇ ਟ੍ਰੈਫਿਕ ਨਿਯਮਾਂ ਅਨੁਸਾਰ ਐਮਰਜੈਂਸੀ ਸਥਿਤੀ ਨੂੰ ਛੱਡ ਕੇ, ਆਮ ਸਥਿਤੀ ’ਚ ਹਾਰਨ ਵਜਾਉਣਾ ਮਨ੍ਹਾ ਹੈ ਅਤੇ ਇਸ ਨਿਯਮ ਦੀ ਉਲੰਘਣਾ ਕਰਨ ’ਤੇ ਜੁਰਮਾਨਾ ਕੀਤਾ ਜਾਂਦਾ ਹੈ। ਇਸ ਕਾਰਨ ਕਾਠਮਾਂਡੂ ’ਚ ਸ਼ੋਰ ਪ੍ਰਦੂਸ਼ਣ ਦੀ ਕੋਈ ਸਮੱਸਿਆ ਨਹੀਂ ਹੈ।

ਇਸ ਦੇ ਨਾਲ ਹੀ ਹਵਾ ਪ੍ਰਦੂਸ਼ਣ ਦੀ ਤਾਂ ਇੱਥੇ ਕੋਈ ਸਮੱਸਿਆ ਹੀ ਨਹੀਂ ਹੈ। ਜਿੱਥੇ ਦਿੱਲੀ ’ਚ ਏ. ਕਿਊ. ਆਈ. ਦੀ ਮਾਤਰਾ 400 ਤੱਕ ਪਹੁੰਚ ਜਾਂਦੀ ਹੈ, ਉੱਥੇ ਕਾਠਮਾਂਡੂ ਦਾ ਏ. ਕਿਊ. ਆਈ. ਨਾਮਾਤਰ ਹੈ। ਹਾਲਾਂਕਿ ਇਸ ਦੇ ਕਈ ਕਾਰਨ ਹਨ; ਇਕ ਤਾਂ ਕਾਠਮਾਂਡੂ ਇਕ ਘਾਟੀ ’ਚ ਵਸਿਆ ਹੈ ਅਤੇ ਚਾਰੋਂ ਪਾਸਿਓਂ ਪਹਾੜਾਂ ਨਾਲ ਘਿਰਿਆ ਹੋਇਆ ਹੈ। ਦੂਜਾ, ਇੱਥੋਂ ਦੀ ਆਬਾਦੀ ਬਹੁਤ ਘੱਟ ਹੈ ਅਤੇ ਕਾਰਖਾਨਿਆਂ ਦੀ ਗਿਣਤੀ ਵੀ ਓਨੀ ਜ਼ਿਆਦਾ ਨਹੀਂ ਹੈ। ਇਸ ਲਈ ਹਵਾ ਪ੍ਰਦੂਸ਼ਣ ਦੀ ਦਿੱਲੀ ਨਾਲ ਤੁਲਨਾ ਨੂੰ ਛੱਡਿਆ ਵੀ ਜਾ ਸਕਦਾ ਹੈ।

ਪਰ ਅਜਿਹੇ ਕਈ ਹੋਰ ਕਾਰਨ ਵੀ ਹਨ ਜੋ ਕਾਠਮਾਂਡੂ ਨੂੰ ਦਿੱਲੀ ਨਾਲੋਂ ਬਿਹਤਰ ਬਣਾਉਂਦੇ ਹਨ। ਮਿਸਾਲ ਵਜੋਂ, ਇੱਥੇ ਕਾਨੂੰਨ ਵਿਵਸਥਾ ਦਿੱਲੀ ਦੇ ਮੁਕਾਬਲੇ ਕਾਫ਼ੀ ਵਿਵਸਥਿਤ ਹੈ। ਇੱਥੋਂ ਦੇ ਨਾਗਰਿਕ ਦੱਸਦੇ ਹਨ ਕਿ ਅੱਧੀ ਰਾਤ ਨੂੰ ਵੀ ਇੱਥੇ ਔਰਤਾਂ ਬਿਨਾਂ ਕਿਸੇ ਡਰ ਦੇ ਇਕੱਲੀਆਂ ਨਿਕਲ ਸਕਦੀਆਂ ਹਨ। ਕਿਸੇ ਵੀ ਤਰ੍ਹਾਂ ਦੀ ਲੁੱਟਖੋਹ ਨਹੀਂ ਹੁੰਦੀ ਅਤੇ ਨਾ ਹੀ ਔਰਤਾਂ ਨਾਲ ਕਿਸੇ ਕਿਸਮ ਦੀ ਛੇੜਛਾੜ ਹੁੰਦੀ ਹੈ। ਕਾਠਮਾਂਡੂ ਅਤੇ ਨੇਪਾਲ ’ਚ ਕਈ ਵਿਸ਼ਵ ਪ੍ਰਸਿੱਧ ਮੰਦਰ ਅਤੇ ਸੈਰ-ਸਪਾਟੇ ਵਾਲੀਆਂ ਥਾਵਾਂ ਵੀ ਹਨ। ਉੱਥੇ ਜਾਣ ’ਤੇ ਵੀ ਸੈਲਾਨੀਆਂ ਅਤੇ ਸ਼ਰਧਾਲੂਆਂ ਨਾਲ ਕਿਸੇ ਵੀ ਤਰ੍ਹਾਂ ਦੀ ਧੋਖਾਧੜੀ ਜਾਂ ਨਾਜਾਇਜ਼ ਉਗਰਾਹੀ ਨਹੀਂ ਕੀਤੀ ਜਾਂਦੀ। ਪ੍ਰਸ਼ਾਸਨ ਵੱਲੋਂ ਤਾਇਨਾਤ ਕੀਤੇ ਗਏ ਕਰਮਚਾਰੀ ਸੈਲਾਨੀਆਂ ਦੀ ਹਰ ਸੰਭਵ ਸਹਾਇਤਾ ਕਰਦੇ ਦਿਖਾਈ ਦਿੰਦੇ ਹਨ।

‘ਸਵੱਛ ਭਾਰਤ ਅਭਿਆਨ’ ਹੋਵੇ ਜਾਂ ਕੋਈ ਹੋਰ ਅਭਿਆਨ, ਕਿਸੇ ਵੀ ਮੁਹਿੰਮ ਦਾ ਪ੍ਰਚਾਰ ਕਰਨਾ ਸੌਖਾ ਹੁੰਦਾ ਹੈ, ਜੋ ਕਿ ਅਖ਼ਬਾਰਾਂ ਅਤੇ ਟੀ. ਵੀ. ਇਸ਼ਤਿਹਾਰਾਂ ਰਾਹੀਂ ਕੀਤਾ ਜਾ ਸਕਦਾ ਹੈ ਪਰ ਉਸ ਅਭਿਆਨ ਦੀ ਸਫਲਤਾ ਇਸ ਗੱਲ ’ਤੇ ਨਿਰਭਰ ਕਰਦੀ ਹੈ ਕਿ ਦੇਸ਼ ਦੀ ਜਨਤਾ ਨੇ ਉਸ ਨੂੰ ਕਿਸ ਹੱਦ ਤੱਕ ਅਪਣਾਇਆ ਹੈ। ਹੁਣ ਮੋਦੀ ਜੀ ਦੇ ‘ਸਵੱਛ ਭਾਰਤ ਅਭਿਆਨ’ ਨੂੰ ਹੀ ਲੈ ਲਓ। ਜਿੰਨਾ ਇਸ ਅਭਿਆਨ ਦਾ ਰੌਲਾ ਪਿਆ ਅਤੇ ਪ੍ਰਚਾਰ ਹੋਇਆ, ਉਸ ਦਾ 5 ਫੀਸਦੀ ਵੀ ਜ਼ਮੀਨੀ ਪੱਧਰ ’ਤੇ ਨਹੀਂ ਉਤਰਿਆ। ਭਾਰਤ ਦੇ ਕਿਸੇ ਵੀ ਛੋਟੇ-ਵੱਡੇ ਸ਼ਹਿਰ, ਪਿੰਡ ਜਾਂ ਕਸਬੇ ’ਚ ਚਲੇ ਜਾਓ, ਤੁਹਾਨੂੰ ਗੰਦਗੀ ਦੇ ਢੇਰ ਪਏ ਦਿਖਾਈ ਦੇਣਗੇ। ਇਸ ਲਈ ਇਸ ਅਭਿਆਨ ਦਾ ਨੇੜ ਭਵਿੱਖ ’ਚ ਵੀ ਸਫਲ ਹੋਣਾ ਸੰਭਵ ਨਹੀਂ ਲੱਗਦਾ, ਕਿਉਂਕਿ ਜ਼ਮੀਨੀ ਚੁਣੌਤੀਆਂ ਜਿਉਂ ਦੀਆਂ ਤਿਉਂ ਬਣੀਆਂ ਹੋਈਆਂ ਹਨ। ਸਵਦੇਸ਼ੀ ਅਭਿਆਨ ਦੀ ਸਫਲਤਾ ਵੀ ਜਨ-ਜਾਗਰੂਕਤਾ, ਲਗਾਤਾਰ ਨਿਗਰਾਨੀ ਅਤੇ ਵਿਵਹਾਰ ’ਚ ਤਬਦੀਲੀ ’ਤੇ ਨਿਰਭਰ ਕਰਦੀ ਹੈ। ਜੇਕਰ ਆਮ ਨਾਗਰਿਕ ਇਸ ’ਚ ਸਰਗਰਮ ਭੂਮਿਕਾ ਨਿਭਾਉਣਗੇ, ਤਾਂ ਹੀ ਇਹ ਅੰਦੋਲਨ ਸਫਲ ਹੋਵੇਗਾ।

ਬਿਨਾਂ ਸ਼ੱਕ ‘ਸਵੱਛ ਭਾਰਤ ਅਭਿਆਨ’ ਮੋਦੀ ਜੀ ਦੀ ਇਕ ਸ਼ਲਾਘਾਯੋਗ ਪਹਿਲ ਸੀ। ਪਹਿਲੀ ਵਾਰ ਕਿਸੇ ਪ੍ਰਧਾਨ ਮੰਤਰੀ ਨੇ ਸਾਡੇ ਆਲੇ-ਦੁਆਲੇ ਦਿਨੋਂ-ਦਿਨ ਜਮ੍ਹਾ ਹੋ ਰਹੇ ਕੂੜੇ ਦੇ ਢੇਰਾਂ ਦੀ ਵਧਦੀ ਸਮੱਸਿਆ ਦੇ ਹੱਲ ਲਈ ਦੇਸ਼ਵਿਆਪੀ ਮੁਹਿੰਮ ਛੇੜੀ ਸੀ। ਉਸ ਸਮੇਂ ਬਹੁਤ ਸਾਰੇ ਨੇਤਾਵਾਂ, ਫਿਲਮੀ ਸਿਤਾਰਿਆਂ, ਮਸ਼ਹੂਰ ਖਿਡਾਰੀਆਂ ਅਤੇ ਉਦਯੋਗਪਤੀਆਂ ਤੱਕ ਨੇ ਹੱਥ ’ਚ ਝਾੜੂ ਫੜ ਕੇ ਫੋਟੋਆਂ ਖਿਚਵਾ ਕੇ ਇਸ ਅਭਿਆਨ ਦਾ ਆਗਾਜ਼ ਕੀਤਾ ਸੀ ਪਰ ਸੋਚੋ ਅੱਜ ਅਸੀਂ ਕਿੱਥੇ ਖੜ੍ਹੇ ਹਾਂ?

ਸ਼ਹਿਰੀ ਅਤੇ ਪੇਂਡੂ ਖੇਤਰਾਂ ’ਚ ਸਥਾਈ ਸਫਾਈ ਵਿਵਸਥਾ ਬਣਾਉਣਾ ਅਜੇ ਵੀ ਇਕ ਵੱਡੀ ਚੁਣੌਤੀ ਹੈ। ਕੂੜੇ ਨੂੰ ਵੱਖ-ਵੱਖ ਕਰਨ, ਮੁੜ ਵਰਤੋਂ ਅਤੇ ਰੀਸਾਈਕਲਿੰਗ ਦੀ ਜਾਗਰੂਕਤਾ ’ਚ ਕਮੀ ਦਿਖਾਈ ਦਿੰਦੀ ਹੈ। ਕੁਝ ਥਾਵਾਂ ’ਤੇ ਪਖਾਨਿਆਂ ਦੀ ਸਾਂਭ-ਸੰਭਾਲ, ਪਾਣੀ ਦੀ ਸਪਲਾਈ ਅਤੇ ਲੋਕਾਂ ਦੇ ਵਤੀਰੇ ਨੂੰ ਲੈ ਕੇ ਸਮੱਸਿਆਵਾਂ ਬਣੀਆਂ ਹੋਈਆਂ ਹਨ। ਇਸ ਲਈ ਅਭਿਆਨ ਦੇ ਉਦੇਸ਼ ਅਤੇ ਜ਼ਮੀਨੀ ਸੱਚਾਈ ’ਚ ਫਰਕ ਬਣਿਆ ਹੋਇਆ ਹੈ ਅਤੇ ਅਨੇਕ ਥਾਵਾਂ ’ਤੇ ਪੁਰਾਣੇ ਤਰੀਕਿਆਂ ਦੀ ਪਾਲਣਾ ਅਜੇ ਵੀ ਹੋ ਰਹੀ ਹੈ।

ਦਿੱਲੀ ਹੋਵੇ ਜਾਂ ਦੇਸ਼ ਦਾ ਕੋਈ ਹੋਰ ਸ਼ਹਿਰ, ਜੇਕਰ ਕਿਤੇ ਵੀ ਅਚਨਚੇਤ ਨਿਰੀਖਣ ਕੀਤਾ ਜਾਵੇ ਤਾਂ ਸਵੱਛ ਭਾਰਤ ਅਭਿਆਨ ਦੀ ਸਫਲਤਾ ਦਾ ਪਤਾ ਲੱਗ ਜਾਵੇਗਾ। ਜੇਕਰ ਇੰਨੇ ਵੱਡੇ ਪੱਧਰ ’ਤੇ ਸ਼ੁਰੂ ਕੀਤੇ ਗਏ ਅਭਿਆਨ ਦੀ ਸਫਲਤਾ ਬਹੁਤ ਘੱਟ ਪਾਈ ਜਾਂਦੀ ਹੈ, ਤਾਂ ਇਸ ਲਈ ਕੌਣ ਜ਼ਿੰਮੇਵਾਰ ਹੈ? ਬਿਨਾਂ ਸ਼ੱਕ ਲੋਕਲ ਬਾਡੀਜ਼ ਜ਼ਿੰਮੇਵਾਰ ਹਨ, ਪਰ ਅਸੀਂ ਸਾਰੇ ਨਾਗਰਿਕ ਵੀ ਘੱਟ ਜ਼ਿੰਮੇਵਾਰ ਨਹੀਂ ਹਾਂ। ਜ਼ਿਕਰਯੋਗ ਹੈ ਕਿ ਜੇਕਰ ਅਸੀਂ ਨਾਗਰਿਕ ਕਿਸੇ ਸਾਫ਼-ਸੁਥਰੇ ਮਾਲ ਜਾਂ ਹੋਰ ਥਾਂ ’ਤੇ ਜਾਂਦੇ ਹਾਂ ਤਾਂ ਸਾਰੇ ਨਿਯਮਾਂ ਦੀ ਪਾਲਣਾ ਕਰਦੇ ਹਾਂ; ਕੂੜਾ ਸਿਰਫ਼ ਕੂੜੇਦਾਨ ’ਚ ਹੀ ਪਾਉਂਦੇ ਹਾਂ। ਇਸ ਤਰ੍ਹਾਂ ਅਸੀਂ ਇਕ ਸਾਫ-ਸੁਥਰੀ ਜਗ੍ਹਾ ਨੂੰ ਸਾਫ ਰੱਖਣ ’ਚ ਸਹਿਯੋਗ ਜ਼ਰੂਰ ਿਦੰਦੇ ਹਨ ਪਰ ਅਜਿਹਾ ਕੀ ਕਾਰਨ ਹੈ ਕਿ ਜਿੱਥੇ ਕੋਈ ਨਿਯਮ ਸਖ਼ਤੀ ਨਾਲ ਲਾਗੂ ਕੀਤਾ ਜਾਂਦਾ ਹੈ, ਉੱਥੇ ਅਸੀਂ ਪੂਰਾ ਸਹਿਯੋਗ ਦਿੰਦੇ ਹਾਂ, ਪਰ ਜਿੱਥੇ ਵੀ ਏਜੰਸੀਆਂ ਢਿੱਲ ਵਰਤਦੀਆਂ ਹਨ, ਉੱਥੇ ਆਮ ਨਾਗਰਿਕ ਵੀ ਉਸ ਨੂੰ ਹਲਕੇ ’ਚ ਲੈ ਲੈਂਦਾ ਹੈ। ਭਾਜਪਾ ਜਾਂ ਹੋਰ ਪਾਰਟੀਆਂ ਦੇ ਨੇਤਾਵਾਂ, ਵਰਕਰਾਂ ਅਤੇ ਅਸੀਂ ਸਾਰੇ ਆਮ ਨਾਗਰਿਕਾਂ ਨੂੰ ਭਾਰਤ ਨੂੰ ਕੂੜਾ ਮੁਕਤ ਬਣਾਉਣ ਲਈ ਹੁਣ ਕਮਰ ਕੱਸਣੀ ਪਵੇਗੀ, ਕਿਉਂਕਿ ਇਹ ਕੰਮ ਸਿਰਫ਼ ਨਾਅਰਿਆਂ ਅਤੇ ਇਸ਼ਤਿਹਾਰਾਂ ਨਾਲ ਨਹੀਂ ਹੋ ਸਕੇਗਾ।

ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਕੂੜੇ ਦੇ ਢੇਰਾਂ ਦਾ ਵਧਣਾ ਸਾਡੇ ਅਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੀ ਸਿਹਤ ਲਈ ਕਿੰਨਾ ਖ਼ਤਰਨਾਕ ਹੈ, ਫਿਰ ਵੀ ਅਸੀਂ ਗੈਰ-ਸਰਗਰਮ ਬੈਠੇ ਹਾਂ। ਸਾਨੂੰ ਜਾਗਣਾ ਹੋਵੇਗਾ। ਇਸ ਲਈ ਨਾਅਰੇ ਚਾਹੇ ‘ਸਵੱਛਤਾ’ ਦੇ ਲੱਗਣ ਜਾਂ ‘ਸਵਦੇਸ਼ੀ’ ਦੇ, ਜਨਤਾ ਦੀ ਹਿੱਸੇਦਾਰੀ ਤੋਂ ਬਿਨਾਂ ਨਾਅਰੇ ਸਿਰਫ਼ ਨਾਅਰੇ ਹੀ ਰਹਿਣਗੇ।

ਵਿਨੀਤ ਨਾਰਾਇਣ


author

Rakesh

Content Editor

Related News