ਛੋਟੀਆਂ ਪਾਰਟੀਆਂ ਨੂੰ ''NDA'' ''ਚ ਲਿਆਉਣ ਲਈ ਜੁਟੀ ਭਾਜਪਾ

Sunday, Apr 02, 2023 - 10:41 AM (IST)

ਪਟਨਾ- ਬਿਹਾਰ ਵਿਚ ਭਾਜਪਾ ਨੇ ਆਪਣੀਆਂ ਸਰਗਰਮੀਆਂ ਵਧਾ ਦਿੱਤੀਆਂ ਹਨ। ਕਿਸੇ ਵੀ ਹਾਲਤ ਵਿਚ ਭਾਜਪਾ 2019 ਦੇ ਨਤੀਜੇ 2024 'ਚ ਵੀ ਹਾਸਲ ਕਰਨਾ ਚਾਹੁੰਦੀ ਹੈ। ਇਹੀ ਕਾਰਨ ਹੈ ਕਿ ਨਿਤੀਸ਼ ਕੁਮਾਰ ਦਾ ਸਾਥ ਛੱਡ ਕੇ ਉਹ ਛੋਟੀਆਂ ਪਾਰਟੀਆਂ ਨੂੰ ਨੈਸ਼ਨਲ ਡੈਮੋਕਰੇਟਿਕ ਅਲਾਇੰਸ (NDA) ਵਿਚ ਲਿਆਉਣ ਦੀ ਕੋਸ਼ਿਸ਼ ਕਰ ਰਹੀ ਹੈ। ਭਾਜਪਾ ਦੀਆਂ ਸਰਗਰਮੀਆਂ ਦਾ ਇਹ ਹਾਲ ਹੈ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ 6 ਮਹੀਨਿਆਂ 'ਚ 5ਵੀਂ ਵਾਰ ਬਿਹਾਰ ਆ ਰਹੇ ਹਨ। ਭਾਜਪਾ ਦੀ ਬਿਹਾਰ ਵਿਚ ਜਿੱਤ ਯਕੀਨੀ ਬਣਾਉਣ ਦੀ ਬੇਚੈਨੀ ਇਸ ਲਈ ਵੀ ਹੈ ਕਿਉਂਕਿ ਇਸ ਬਹਾਨੇ ਉਹ ਗੁਆਂਢੀ ਸੂਬਿਆਂ ਝਾਰਖੰਡ ਅਤੇ ਪੱਛਮੀ ਬੰਗਾਲ ਉੱਤੇ ਜਿੱਤ ਪ੍ਰਾਪਤ ਕਰਨਾ ਚਾਹੁੰਦੀ ਹੈ। ਬਿਹਾਰ ਦੀ ਕਾਮਯਾਬੀ ਦਾ ਸੁਨੇਹਾ ਗੁਆਂਢੀ ਸੂਬਿਆਂ ਵਿਚ ਵੀ ਸਾਫ਼ ਸੁਣਾਈ ਦੇਵੇਗਾ।

ਅਗਲੇ ਸਾਲ ਲੋਕ ਸਭਾ ਦੀਆਂ ਚੋਣਾਂ ਤੋਂ ਕੁਝ ਮਹੀਨੇ ਬਾਅਦ ਝਾਰਖੰਡ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਉਸ ਤੋਂ ਦੋ ਸਾਲ ਬਾਅਦ 2026 'ਚ ਪੱਛਮੀ ਬੰਗਾਲ 'ਚ ਵੀ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਝਾਰਖੰਡ ਵਿਚ ਮਜ਼ਬੂਤ ​​ਆਧਾਰ ਅਤੇ 5 ਸਾਲਾਂ ਤੱਕ ਸਰਕਾਰ ਚਲਾਉਣ ਦੇ ਬਾਵਜੂਦ ਭਾਜਪਾ ਮੁੜ ਸੱਤਾ ਵਿਚ ਵਾਪਸੀ ਤੋਂ ਖੁੰਝ ਗਈ ਸੀ। ਇਸ ਵਾਰ ਉਹ ਕੋਈ ਮੌਕਾ ਨਹੀਂ ਗੁਆਉਣਾ ਚਾਹੁੰਦੀ। ਭਾਜਪਾ ਝਾਰਖੰਡ ਮੁਕਤੀ ਮੋਰਚਾ (ਜੇ. ਐੱਮ. ਐੱਮ.) ਦੀ ਅਗਵਾਈ ਵਾਲੀ ਸਰਕਾਰ ਭ੍ਰਿਸ਼ਟਾਚਾਰ ਦੇ ਦੋਸ਼ਾਂ ਨਾਲ ਘਿਰੀ ਹੋਈ ਹੈ ਅਤੇ ਆਪਣੀਆਂ ਨੀਤੀਆਂ ਨੂੰ ਲਾਗੂ ਕਰਨ ਵਿਚ ਉਹ ਅਸਫਲ ਹੈ। ਇਸ ਕਾਰਨ ਭਾਜਪਾ ਉਤਸ਼ਾਹਿਤ ਹੈ। ਲੋਕ ਸਭਾ ਦੀਆਂ ਚੋਣਾਂ ਸੂਬਾ ਸਰਕਾਰ ਦੀਆਂ ਨਾਕਾਮੀਆਂ ਦਾ ਲਾਭ ਉਠਾਉਣ ਦਾ ਵੱਡਾ ਮੌਕਾ ਹੈ।

ਬੰਗਾਲ 'ਚ ਅਜੇ ਵੀ ਹੈ ਸੱਤਾ ਦੀ ਉਮੀਦ

ਪੱਛਮੀ ਬੰਗਾਲ ਵਿੱਚ 2021 ਵਿਚ ਹੋਈਆਂ ਵਿਧਾਨ ਸਭਾ ਚੋਣਾਂ 'ਚ ਭਾਵੇਂ ਭਾਜਪਾ ਸੱਤਾ ਹਾਸਲ ਨਹੀਂ ਕਰ ਸਕੀ ਪਰ ਈਮਾਨਦਾਰੀ ਨਾਲ ਕਹੀਏ ਤਾਂ ਉਸ ਨੂੰ ਹਾਰ ਵੀ ਨਹੀਂ ਮਿਲੀ। 2019 ਦੀਆਂ ਲੋਕ ਸਭਾ ਚੋਣਾਂ ਵਿਚ ਭਾਜਪਾ ਨੂੰ ਮਿਲੀਆਂ ਵੋਟਾਂ ਨਾਲੋਂ ਵਿਧਾਨ ਸਭਾ ਚੋਣਾਂ ਵਿਚ ਡੇਢ ਫੀਸਦੀ ਵੋਟਾਂ ਹੀ ਘਟ ਆਈਆਂ। ਜੇ ਭਾਜਪਾ ਨੂੰ ਲੋਕ ਸਭਾ ਵਿਚ ਵੋਟਾਂ ਦੀ ਸਹੀ ਗਿਣਤੀ ਮਿਲ ਜਾਂਦੀ ਤਾਂ ਉਸ ਦੇ ਵਿਧਾਇਕਾਂ ਦੀ ਗਿਣਤੀ 77 ਦੀ ਬਜਾਏ 121 ਹੋਣੀ ਸੀ। ਭਾਜਪਾ ਨੂੰ ਭਰੋਸਾ ਹੈ ਕਿ ਬੰਗਾਲ 'ਚ ਪਿਛਲੀਆਂ ਲੋਕ ਸਭਾ ਚੋਣਾਂ ਦੌਰਾਨ ਉਸ ਨੂੰ ਮਿਲੀਆਂ 40.30 ਵੋਟਾਂ ਦਾ ਆਧਾਰ ਅਜੇ ਵੀ ਬਰਕਰਾਰ ਹੈ। ਵਿਧਾਨ ਸਭਾ ਚੋਣਾਂ 'ਚ ਭਾਵੇਂ ਉਸ ਨੂੰ ਸਿਰਫ਼ 38.1 ਫ਼ੀਸਦੀ ਵੋਟਾਂ ਮਿਲੀਆਂ ਪਰ ਇਸ ਤੋਂ ਪਹਿਲਾਂ ਹੋਈਆਂ ਲੋਕ ਸਭਾ ਦੀਆਂ ਚੋਣਾਂ 'ਚ ਉਸ ਨੇ 40.30 ਫ਼ੀਸਦੀ ਦਾ ਆਧਾਰ ਤਾਂ ਬਣਾ ਲਿਆ ਸੀ।

ਬਿਹਾਰ ਦੇ ਸੀਮਾਂਚਲ ਤੋਂ ਬੰਗਾਲ ਜਿੱਤੇਗੀ ਭਾਜਪਾ

ਬਿਹਾਰ ਦੇ ਸੀਮਾਂਚਲ 'ਚ ਜਦੋਂ ਭਾਜਪਾ ਦੀ ਸਰਗਰਮੀ ਵਧੀ ਤਾਂ ਮਹਾਗਠਜੋੜ ਦੀਆਂ ਪਾਰਟੀਆਂ ਵੀ ਬੇਚੈਨ ਹੋ ਗਈਆਂ। ਅਮਿਤ ਸ਼ਾਹ ਨੇ ਸੀਮਾਂਚਲ ਤੋਂ ਹੀ ਬਿਹਾਰ ਵਿਚ ਲੋਕ ਸਭਾ ਚੋਣਾਂ ਦੀ ਸ਼ੁਰੂਆਤ ਕੀਤੀ। ਇਸ ਦੇ ਜਵਾਬ ਵਿੱਚ ਸੱਤ ਪਾਰਟੀਆਂ ਦੇ ਮਹਾਗਠਜੋੜ ਨੇ ਪੂਰਨੀਆ 'ਚ ਰੈਲੀ ਕੀਤੀ। ਸੀਮਾਂਚਲ ’ਚ ਲੋਕ ਸਭਾ ਦੀਆਂ 4 ਸੀਟਾਂ ਹਨ। 2019 ਦੀਆਂ ਚੋਣਾਂ ’ਚ ਪੂਰਨੀਆ ਨੂੰ ਛੱਡ ਕੇ ਇਨ੍ਹਾਂ 3 ਸੀਟਾਂ ’ਤੇ ਭਾਜਪਾ ਜਿੱਤੀ ਸੀ। ਉਦੋਂ ਜੇ. ਡੀ. ਯੂ. ਐਨ. ਡੀ. ਏ. ਦਾ ਹਿੱਸਾ ਸੀ। ਇਸ ਸਮੇਂ ਉਹ ਆਰ.ਜੇ. ਡੀ. ਵਾਲੇ ਮਹਾਗਠਜੋੜ ਦਾ ਹਿੱਸਾ ਹੈ। ਭਾਜਪਾ ਦਾ ਮੰਨਣਾ ਹੈ ਕਿ ਜਿਸ ਤਰ੍ਹਾਂ ਵਿਧਾਨ ਸਭਾ ਚੋਣਾਂ ’ਚ ਨਿਤੀਸ਼ ਦੀ ਪਾਰਟੀ 43 ਸੀਟਾਂ ’ਤੇ ਸਿਮਟ ਗਈ ਸੀ, ਉਸ ਤੋਂ ਸਾਫ ਹੈ ਕਿ ਨਿਤੀਸ਼ ਕੁਮਾਰ ਦਾ ਲੋਕ-ਆਧਾਰ ਘੱਟ ਰਿਹਾ ਹੈ। ਲੋਕ ਸਭਾ ਦੀਆਂ ਚੋਣਾਂ ਵਿੱਚ ਜੇ. ਡੀ. ਯੂ ਨੇ ਜੇ 16 ਸੀਟਾਂ ਜਿੱਤੀਆਂ ਸਨ ਤਾਂ ਇਸ ਦੇ ਪਿੱਛੇ ਭਾਜਪਾ ਦਾ ਸਮਰਥਨ ਅਤੇ ਨਰਿੰਦਰ ਮੋਦੀ ਦਾ ਚਿਹਰਾ ਸੀ। ਜੇ ਸੀਮਾਂਚਲ ’ਚ ਭਾਜਪਾ ਦੀ ਰਣਨੀਤੀ ਸਫਲ ਹੁੰਦੀ ਹੈ ਤਾਂ ਇਸ ਦਾ ਸਿੱਧਾ ਅਸਰ ਬੰਗਾਲ ’ਤੇ ਪਵੇਗਾ।


Tanu

Content Editor

Related News