CM ਸੋਰੇਨ ਦਾ ਭਾਜਪਾ ''ਤੇ ਤਿੱਖਾ ਹਮਲਾ, ਕਿਹਾ- ਸੂਬੇ ਨੂੰ ਨਿੰਬੂ ਵਾਂਗ ਨਿਚੋੜਿਆ
Saturday, Nov 09, 2024 - 01:06 PM (IST)
ਰਾਂਚੀ- ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਨੇ ਸ਼ਨੀਵਾਰ ਨੂੰ ਭਾਜਪਾ 'ਤੇ ਤਿੱਖਾ ਹਮਲਾ ਬੋਲਿਆ ਅਤੇ ਦੋਸ਼ ਲਾਇਆ ਕਿ ਭਾਜਪਾ ਨੇ ਕਰੀਬ ਦੋ ਦਹਾਕਿਆਂ ਤੱਕ 'ਸੂਬੇ ਨੂੰ ਨਿੰਬੂ ਵਾਂਗ ਨਿਚੋੜਿਆ' ਅਤੇ ਗਰੀਬ ਸੂਬਿਆਂ ਦਾ ਲੱਕ ਤੋੜ ਦਿੱਤਾ ਹੈ। ਸੋਰੇਨ ਨੇ ਦੋਸ਼ ਲਾਇਆ ਕਿ ਭਾਜਪਾ ਅਗਵਾਈ ਕੇਂਦਰ ਸਰਕਾਰ ਵਿਧਾਇਕਾਂ, ਸੰਸਦ ਮੈਂਬਰਾਂ ਦੀ ਖਰੀਦੋ-ਫਰੋਖਤ ਕਰ ਕੇ ਅਤੇ ਸਰਕਾਰਾਂ ਨੂੰ ਡਿੱਗਾ ਕੇ ਡਬਲ ਇੰਜਣ ਵਾਲੀਆਂ ਸਰਕਾਰਾਂ ਬਣਾਉਂਦੀ ਹੈ ਅਤੇ ਦੇਸ਼ ਦੇ ਸੰਘੀ ਢਾਂਚੇ ਨੂੰ ਨਸ਼ਟ ਕਰ ਰਹੀ ਹੈ।
ਇਕ ਨਿਊਜ਼ ਏਜੰਸੀ ਨਾਲ ਵਿਸ਼ੇਸ਼ ਇੰਟਰਵਿਊ 'ਚ ਦਾਅਵਾ ਕੀਤਾ ਕਿ ਭਾਜਪਾ ਨੇ ਪਿਛਲੇ 20 ਸਾਲਾਂ 'ਚ ਝਾਰਖੰਡ ਨੂੰ ਨਿੰਬੂ ਵਾਂਗ ਨਿਚੋੜਿਆ ਹੈ ਪਰ ਹੁਣ ਇਸ ਨੂੰ ਰੋਕਣਾ ਪਵੇਗਾ। ਅਸੀਂ ਗਾਂ ਨੂੰ ਖੁਆਉਂਦੇ ਹਾਂ ਅਤੇ ਉਹ ਦੁੱਧ ਲੈ ਜਾਂਦੇ ਹਨ। ਇਸ ਦੀ ਹੁਣ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਉਨ੍ਹਾਂ ਨੇ ਝਾਰਖੰਡ ਦੀ ਦੌਲਤ ਲੁੱਟੀ। ਇਹ ਵਿਡੰਬਨਾ ਹੈ ਕਿ ਖਣਿਜ ਸਰੋਤਾਂ ਨਾਲ ਭਰਪੂਰ ਝਾਰਖੰਡ ਸਭ ਤੋਂ ਗਰੀਬ ਰਾਜਾਂ 'ਚੋਂ ਇਕ ਬਣ ਗਿਆ ਹੈ।
ਸੋਰੇਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵਾਰ-ਵਾਰ ਚਿੱਠੀ ਲਿਖਣ ਦੇ ਬਾਵਜੂਦ ਸੂਬੇ ਨੂੰ 1.36 ਲੱਖ ਕਰੋੜ ਰੁਪਏ ਦੇ ਕੋਲੇ ਦੇ ਬਕਾਏ ਦਾ ਅਜੇ ਤੱਕ ਭੁਗਤਾਨ ਨਹੀਂ ਕੀਤਾ ਗਿਆ ਹੈ। ਉਨ੍ਹਾਂ ਨੇ ਭਾਜਪਾ 'ਤੇ ਸੱਤਾ 'ਤੇ ਕਾਬਜ਼ ਹੋਣ ਲਈ ਵੰਡਵਾਦੀ ਰਾਜਨੀਤੀ, ਹਿੰਦੂ-ਮੁਸਲਿਮ ਧਰੁਵੀਕਰਨ ਅਤੇ ਫਿਰਕੂ ਨਫ਼ਰਤ ਦੇ ਤੈਅ ਏਜੰਡੇ 'ਤੇ ਕੰਮ ਕਰਨ ਦਾ ਦੋਸ਼ ਲਗਾਇਆ ਅਤੇ ਦਾਅਵਾ ਕੀਤਾ ਕਿ ਇਹ ਦੇਸ਼ ਦੀ ਬਦਕਿਸਮਤੀ ਹੈ ਕਿ ਸਿਹਤਮੰਦ ਸਿਆਸੀ ਮੁਕਾਬਲਾ ਖਤਮ ਹੋ ਰਿਹਾ ਹੈ।