ਹਾਮਿਦ ਅੰਸਾਰੀ ਨੇ ਤੋੜੀ ਚੁੱਪੀ, ਕਿਹਾ- BJPਨੇ ਮੇਰੇ ਖ਼ਿਲਾਫ਼ ‘ਇਕ ਤੋਂ ਬਾਅਦ ਇਕ ਝੂਠ’ ਫੈਲਾਇਆ

07/14/2022 10:53:06 AM

ਨਵੀਂ ਦਿੱਲੀ– ਸਾਬਕਾ ਉਪ ਰਾਸ਼ਟਰਪਤੀ ਹਾਮਿਦ ਅੰਸਾਰੀ ਨੇ ਬੁੱਧਵਾਰ ਨੂੰ ਇਸ ਦੋਸ਼ ਦਾ ਖੰਡਨ ਕੀਤਾ ਕਿ ਉਨ੍ਹਾਂ ਇਕ ਪਾਕਿਸਤਾਨੀ ਪੱਤਰਕਾਰ ਨੂੰ ਭਾਰਤ ਵਿਚ ਸੱਦਿਆ ਸੀ, ਜਿਸ ਨੇ ਆਈ. ਐੱਸ. ਆਈ. ਲਈ ਜਾਸੂਸੀ ਕਰਨ ਦਾ ਦਾਅਵਾ ਕੀਤਾ ਹੈ। ਅੰਸਾਰੀ ਨੇ ਕਿਹਾ ਕਿ ਉਨ੍ਹਾਂ ਖ਼ਿਲਾਫ਼ ਮੀਡੀਆ ਦੇ ਇਕ ਤਬਕੇ ਅਤੇ ਭਾਜਪਾ ਦੇ ਇਕ ਬੁਲਾਰੇ ਵਲੋਂ ‘ਇਕ ਤੋਂ ਬਾਅਦ ਇਕ ਝੂਠ’ ਫੈਲਾਇਆ ਜਾਂਦਾ ਰਿਹਾ ਹੈ। ਉਨ੍ਹਾਂ ਇਕ ਬਿਆਨ ਜਾਰੀ ਕਰ ਕੇ ਭਾਜਪਾ ਵਲੋਂ ਰਾਅ ਦੇ ਇਕ ਸਾਬਕਾ ਅਧਿਕਾਰੀ ਦੀਆਂ ਟਿੱਪਣੀਆਂ ਦੇ ਹਵਾਲੇ ਨਾਲ ਲਾਏ ਗਏ ਇਨ੍ਹਾਂ ਦੋਸ਼ਾਂ ਨੂੰ ਵੀ ਖਾਰਜ ਕੀਤਾ ਕਿ ਉਨ੍ਹਾਂ ਈਰਾਨ ਵਿਚ ਭਾਰਤ ਦੇ ਰਾਜਦੂਤ ਦੇ ਰੂਪ ਵਿਚ ਰਾਸ਼ਟਰੀ ਹਿੱਤਾਂ ਨਾਲ ਸਮਝੌਤਾ ਕੀਤਾ ਸੀ।

ਇਸ ਤੋਂ ਪਹਿਲਾਂ ਭਾਜਪਾ ਬੁਲਾਰੇ ਗੌਰਵ ਭਾਟੀਆ ਨੇ ਪਾਕਿਸਤਾਨੀ ਪੱਤਰਕਾਰ ਨੁਸਰਤ ਮਿਰਜ਼ਾ ਦੇ ਉਸ ਦਾਅਵੇ ਨੂੰ ਲੈ ਕੇ ਅੰਸਾਰੀ ਅਤੇ ਕਾਂਗਰਸ ਤੋਂ ਸਪੱਸ਼ਟੀਕਰਨ ਮੰਗਿਆ, ਜਿਸ ਵਿਚ ਉਸ ਨੇ ਕਿਹਾ ਹੈ ਕਿ ਉਸ ਨੇ ਯੂ. ਪੀ. ਏ. ਸਰਕਾਰ ਦੇ ਕਾਰਜਕਾਲ ਵਿਚ 5 ਵਾਰ ਭਾਰਤ ਦੀ ਯਾਤਰਾ ਕੀਤੀ ਅਤੇ ਇਥੋਂ ਇਕੱਠੀਆਂ ਕੀਤੀਆਂ ਸੰਵੇਦਨਸ਼ੀਲ ਸੂਚਨਾਵਾਂ ਅਾਪਣੇ ਦੇਸ਼ ਦੀ ਖ਼ੁਫੀਆ ਏਜੰਸੀ ਆਈ. ਐਸ. ਆਈ. ਨੂੰ ਮੁਹੱਈਆ ਕਰਵਾਈਆਂ। ਭਾਟੀਆ ਨੇ ਪਾਕਿਸਤਾਨੀ ਪੱਤਰਕਾਰ ਦੀ ਉਸ ਕਥਿਤ ਟਿੱਪਣੀ ਦਾ ਵੀ ਜ਼ਿਕਰ ਕੀਤਾ ਕਿ ਉਸ ਨੇ ਅੰਸਾਰੀ ਦੇ ਸੱਦੇ ’ਤੇ ਭਾਰਤ ਦੀ ਯਾਤਰਾ ਕੀਤੀ ਸੀ ਅਤੇ ਉਨ੍ਹਾਂ ਨਾਲ ਮੁਲਾਕਾਤ ਵੀ ਕੀਤੀ ਸੀ। ਅੰਸਾਰੀ ਨੇ ਇਨ੍ਹਾਂ ਦਾਅਵਿਆਂ ਨੂੰ ਖਾਰਜ ਕੀਤਾ।


Tanu

Content Editor

Related News