ਸੰਵਿਧਾਨ ਬਦਲਣ ਦਾ ਸੁਪਨਾ ਨਾ ਦੇਖੇ ਭਾਜਪਾ : ਰਾਹੁਲ

05/23/2024 8:32:06 PM

ਨਵੀਂ ਦਿੱਲੀ, (ਭਾਸ਼ਾ)- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਵੀਰਵਾਰ ਨੂੰ ਕਿਹਾ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ ਦੇਸ਼ ਦੇ ਸੰਵਿਧਾਨ ਅਤੇ ਰਾਖਵੇਂਕਰਨ ਨੂੰ ਖਤਮ ਕਰਨ ਦਾ ਸੁਪਨਾ ਲੈਣਾ ਬੰਦ ਕਰ ਦੇਣਾ ਚਾਹੀਦਾ ਹੈ ਕਿਉਂਕਿ ਉਨ੍ਹਾਂ ਦੀ ਪਾਰਟੀ ਅਤੇ ਦੇਸ਼ ਦੇ ਕਰੋੜਾਂ ਲੋਕ ਅਜਿਹਾ ਨਹੀਂ ਹੋਣ ਦੇਣਗੇ।

ਉਨ੍ਹਾਂ ਨੇ ਉੱਤਰ ਪੂਰਬੀ ਦਿੱਲੀ ਲੋਕ ਸਭਾ ਹਲਕੇ ਦੇ ਦਿਲਸ਼ਾਦ ਗਾਰਡਨ ਵਿਖੇ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਲੋਕਾਂ ਨੂੰ ਸੱਦਾ ਦਿੱਤਾ ਕਿ ਇਹ ਚੋਣ ਸੰਵਿਧਾਨ ਨੂੰ ਬਚਾਉਣ ਦੀ ਚੋਣ ਹੈ। ਰਾਹੁਲ ਗਾਂਧੀ ਨੇ ਇਹ ਵੀ ਕਿਹਾ ਕਿ ਜੇਕਰ ਕੇਂਦਰ ’ਚ ‘ਇੰਡੀਆ’ ਗੱਠਜੋੜ ਦੀ ਸਰਕਾਰ ਬਣੀ ਤਾਂ ਫੌਜ ਦੀ ਭਰਤੀ ਦੀ ‘ਅਗਨੀਵੀਰ’ ਯੋਜਨਾ ਨੂੰ ਰੱਦ ਕਰ ਦਿੱਤਾ ਜਾਵੇਗਾ ਕਿਉਂਕਿ ਇਹ ਫੌਜ ਦੇ ਖਿਲਾਫ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਅਸੀਂ ਅਗਨੀਵੀਰ ਯੋਜਨਾ ਨੂੰ ਕੂੜੇਦਾਨ ਵਿਚ ਸੁੱਟਣ ਵਾਲੇ ਹਾਂ ਕਿਉਂਕਿ ਇਹ ਫੌਜ ਦੇ ਖਿਲਾਫ ਹੈ, ਦੇਸ਼ ਭਗਤੀ ਦੇ ਖਿਲਾਫ ਹੈ। ਇਕ ਫੌਜੀ ਨੂੰ ਸ਼ਹੀਦ ਦਾ ਦਰਜਾ ਮਿਲੇਗਾ, ਪੈਨਸ਼ਨ ਮਿਲੇਗੀ, ਪਰ ‘ਅਗਨੀਵੀਰ’ ਨੂੰ ਨਾ ਤਾਂ ਸ਼ਹੀਦ ਦਾ ਦਰਜਾ ਮਿਲੇਗਾ, ਨਾ ਪੈਨਸ਼ਨ ਅਤੇ ਨਾ ਹੀ ਸਮਾਜਿਕ ਸੁਰੱਖਿਆ ਮਿਲੇਗੀ।

ਉਨ੍ਹਾਂ ਦਾਅਵਾ ਕੀਤਾ ਕਿ ਮੋਦੀ ਸਰਕਾਰ ਨੇ ਅਰਥਚਾਰੇ ਦਾ ਇੰਜਣ ਬੰਦ ਕਰ ਦਿੱਤਾ ਹੈ ਪਰ ਜਦੋਂ ‘ਇੰਡੀਆ’ ਗੱਠਜੋੜ ਦੀ ਸਰਕਾਰ ਬਣੇਗੀ ਤਾਂ ਗਰੀਬਾਂ ਤੇ ਨੌਜਵਾਨਾਂ ਨੂੰ ਆਰਥਿਕ ਮਦਦ ਦੇ ਕੇ ਇਸ ਇੰਜਣ ਨੂੰ ਮੁੜ ਚਾਲੂ ਕੀਤਾ ਜਾਵੇਗਾ। ਰਾਹੁਲ ਗਾਂਧੀ ਨੇ ਉੱਤਰ ਪੂਰਬੀ ਦਿੱਲੀ ਤੋਂ ਕਾਂਗਰਸ ਉਮੀਦਵਾਰ ਕਨ੍ਹਈਆ ਕੁਮਾਰ ਲਈ ਵੋਟਾਂ ਮੰਗਦੇ ਹੋਏ ਕਿਹਾ ਕਿ ਇਹ ਵਿਚਾਰਧਾਰਾ ਦੀ ਲੜਾਈ ਹੈ ਅਤੇ ਸੰਵਿਧਾਨ ਨੂੰ ਬਚਾਉਣ ਦੀ ਚੋਣ ਹੈ। ਉਨ੍ਹਾਂ ਦੋਸ਼ ਲਾਇਆ ਕਿ ਮੋਦੀ ਸਰਕਾਰ ਸੰਵਿਧਾਨ ਨੂੰ ਖਤਮ ਕਰਨਾ ਚਾਹੁੰਦੀ ਹੈ।


Rakesh

Content Editor

Related News