ਮਮਤਾ ਨੇ ਕਿਹਾ- ਕੇਂਦਰੀ ਬਲਾਂ ਦੀ ਗੋਲੀ ਨਾਲ ਮਰੇ 4 ਲੋਕਾਂ ਦੀਆਂ ਲਾਸ਼ਾਂ ਨਾਲ ਰੈਲੀਆਂ ਕਰੋ
Saturday, Apr 17, 2021 - 02:45 AM (IST)
ਕੋਲਕਾਤਾ - ਭਾਜਪਾ ਨੇ ਸ਼ੁੱਕਰਵਾਰ ਨੂੰ ਇਕ ਹੋਰ ਆਡੀਓ ਕਲਿੱਪ ਜਾਰੀ ਕਰ ਕੇ ਬੰਗਾਲ ਦੀ ਰਾਜਨੀਤੀ ਫਿਰ ਭਖਾ ਦਿੱਤੀ ਹੈ। ਆਡੀਓ ਕਲਿੱਪ ’ਚ ਮੁੱਖ ਮੰਤਰੀ ਮਮਤਾ ਬੈਨਰਜੀ ਸੀਤਲਕੂਚੀ ਤੋਂ ਤ੍ਰਿਣਮੂਲ ਕਾਂਗਰਸ ਦੇ ਉਮੀਦਵਾਰ ਨੂੰ ਇਹ ਕਹਿੰਦੀ ਸੁਣਾਈ ਦੇ ਰਹੀ ਹੈ ਕਿ ਉਹ ਸੀ. ਆਈ. ਐੱਸ. ਐੱਫ. (ਕੇਂਦਰੀ ਉਦਯੋਗਿਕ ਸੁਰੱਖਿਆ ਬਲ) ਦੀ ਗੋਲੀ ਨਾਲ ਮਾਰੇ ਗਏ 4 ਲੋਕਾਂ ਦੀਆਂ ਲਾਸ਼ਾਂ ਨਾਲ ਰੈਲੀਆਂ ਕਰਨ।
ਬੈਨਰਜੀ ਅਤੇ ਸੀਤਲਕੂਚੀ ਵਿਧਾਨ ਸਭਾ ਸੀਟ ਤੋਂ ਤ੍ਰਿਣਮੂਲ ਕਾਂਗਰਸ ਦੇ ਉਮੀਦਵਾਰ ਪਾਰਥ ਪ੍ਰਤੀਮ ਰਾਏ ਵਿਚਾਲੇ ਟੈਲੀਫੋਨ ’ਤੇ ਹੋਈ ਗੱਲਬਾਤ ਦੇ ਅੰਸ਼ ਜਾਰੀ ਕਰਦਿਆਂ ਭਾਜਪਾ ਦੇ ਆਈ. ਟੀ. ਸੈੱਲ ਦੇ ਪ੍ਰਮੁੱਖ ਅਮਿਤ ਮਾਲਵੀ ਨੇ ਦਾਅਵਾ ਕੀਤਾ ਕਿ ਮਮਤਾ ਬੈਨਰਜੀ ਆਪਣੀ ਪਾਰਟੀ ਦੇ ਨੇਤਾਵਾਂ ਨੂੰ ਲਾਸ਼ਾਂ ਨਾਲ ਰੈਲੀਆਂ ਕਰਨ ਦੀ ਗੱਲ ਕਹਿ ਕੇ ਦੰਗੇ ਭੜਕਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਆਡੀਓ ’ਚ ਬੈਨਰਜੀ ਰਾਏ ਨੂੰ ਇਹ ਕਹਿੰਦੀ ਸੁਣਾਈ ਦਿੰਦੀ ਹੈ, ‘ਘਬਰਾਓ ਨਾ, ਤੁਸੀਂ ਅਗਲੇ ਦਿਨ ਲਾਸ਼ਾਂ ਨਾਲ ਰੈਲੀ ਕਰਨ ਦੇ ਇੰਤਜ਼ਾਮ ਕਰੋ ਅਤੇ ਵਕੀਲ ਨਾਲ ਗੱਲ ਕਰੋ ਅਤੇ ਪੁਲਸ ’ਚ ਸ਼ਿਕਾਇਤ ਦਰਜ ਕਰਵਾਓ, ਜਿਸ ਨਾਲ ਨਾ ਤਾਂ ਐੱਸ. ਪੀ. ਬਚ ਸਕੇ ਅਤੇ ਨਾ ਹੀ ਆਈ. ਸੀ.।’ ਮਾਲਵੀ ਨੇ ਕਿਹਾ ਕਿ ਮਮਤਾ ਆਪਣੀ ਪਾਰਟੀ ਦੇ ਉਮੀਦਵਾਰ ਨੂੰ ਕਹਿ ਰਹੀ ਹਨ ਕਿ ਮਾਮਲਾ ਇਸ ਤਰ੍ਹਾਂ ਦਾ ਬਣਾਇਆ ਜਾਵੇ ਕਿ ਪੁਲਸ ਸੁਪਰਡੈਂਟ (ਕੂਚਬਿਹਾਰ) ਅਤੇ ਕੇਂਦਰੀ ਬਲਾਂ ਦੇ ਕਰਮਚਾਰੀਆਂ ਦੋਵਾਂ ਨੂੰ ਫਸਾਇਆ ਜਾ ਸਕੇ। ਕੀ ਕਿਸੇ ਮੁੱਖ ਮੰਤਰੀ ਵੱਲੋਂ ਅਜਿਹੀ ਉਮੀਦ ਕੀਤੀ ਜਾਂਦੀ ਹੈ? ਉਹ ਕੇਵਲ ਘੱਟ ਗਿਣਤੀਆਂ ਦੇ ਵੋਟ ਹਾਸਲ ਕਰਨ ਲਈ ਡਰ ਦਾ ਮਾਹੌਲ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਭਾਜਪਾ ਦੇ ਸੂਤਰਾਂ ਨੇ ਕਿਹਾ ਕਿ ਪਾਰਟੀ ਆਡੀਓ ਕਲਿੱਪ ਦੇ ਮੁੱਦੇ ’ਤੇ ਚੋਣ ਕਮਿਸ਼ਨ ਕੋਲ ਜਾਵੇਗੀ। ਤ੍ਰਿਣਮੂਲ ਕਾਂਗਰਸ ਨੇ ਆਡੀਓ ਕਲਿਪ ਨੂੰ ਫਰਜ਼ੀ ਕਰਾਰ ਦਿੱਤਾ ਅਤੇ ਕਿਹਾ ਕਿ ਇਸ ਤਰ੍ਹਾਂ ਦੀ ਕਦੇ ਕੋਈ ਗੱਲ ਨਹੀਂ ਹੋਈ। ਭਾਜਪਾ 5ਵੇਂ ਦੌਰ ਦੀਆਂ ਵੋਟਾਂ ਤੋਂ ਪਹਿਲਾਂ ਲੋਕਾਂ ਨੂੰ ਕੇਵਲ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।