ਭਾਜਪਾ ਨੇਤਾ ਨੇ ਕਿਹਾ, ਕੋਰੋਨਾ ਪੀੜਤ ਹੋਇਆ ਤਾਂ ਮਮਤਾ ਬੈਨਰਜੀ ਨੂੰ ਲਗਾਵਾਂਗਾ ਗਲੇ
Monday, Sep 28, 2020 - 05:30 PM (IST)
ਬਰੂਈਪੁਰ/ਸਿਲੀਗੁੜੀ- ਭਾਜਪਾ ਦੇ ਨਵੇਂ ਚੁਣੇ ਰਾਸ਼ਟਰੀ ਸਕੱਤਰ ਅਨੁਪਮ ਹਾਜਰਾ ਨੇ ਕਿਹਾ ਹੈ ਕਿ ਜੇਕਰ ਉਹ ਕੋਰੋਨਾ ਵਾਇਰਸ ਨਾਲ ਪੀੜਤ ਹੋਏ ਤਾਂ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਗਲੇ ਲਗਾਉਣਗੇ ਤਾਂ ਕਿ ਕੋਵਿਡ-19 ਮਰੀਜ਼ਾਂ ਦੇ ਪਰਿਵਾਰਾਂ ਦਾ ਦਰਦ ਸਮਝ ਸਕੇ। ਦੱਖਣੀ 24 ਪਰਗਨਾ ਦੇ ਬਰੂਈਪੁਰ 'ਚ ਐਤਵਾਰ ਸ਼ਾਮ ਨੂੰ ਭਾਜਪਾ ਦੇ ਇਕ ਪ੍ਰੋਗਰਾਮ 'ਚ ਹਾਜਰਾ ਵਲੋਂ ਕੀਤੀ ਗਈ ਟਿੱਪਣੀ ਲਈ ਸਿਲੀਗੁੜੀ 'ਚ ਤ੍ਰਿਣਮੂਲ ਕਾਂਗਰਸ ਵਲੋਂ ਪੁਲਸ 'ਚ ਸ਼ਿਕਾਇਤ ਦਰਜ ਕਰਵਾਈ ਗਈ ਹੈ। ਹਾਜਰਾ ਨੇ ਕਿਹਾ,''ਸਾਡੇ ਵਰਕਰ ਕੋਰੋਨਾ ਵਾਇਰਸ ਤੋਂ ਵੀ ਵੱਡੇ ਦੁਸ਼ਮਣ ਨਾਲ ਲੜ ਰਹੇ ਹਨ। ਉਹ ਮਮਤਾ ਬੈਨਰਜੀ ਨਾਲ ਲੜ ਰਹੇ ਹਨ। ਜਦੋਂ ਉਹ (ਭਾਜਪਾ ਵਰਕਰ) ਬਿਨਾਂ ਮਾਸਕ ਦੇ ਮਮਤਾ ਬੈਨਰਜੀ ਦਾ ਮੁਕਾਬਲਾ ਕਰ ਸਕਦੇ ਹਨ ਤਾਂ ਉਹ ਸੋਚਦੇ ਹਨ ਕਿ ਉਹ ਮਾਸਕ ਲਗਾਏ ਬਿਨਾਂ ਕੋਵਿਡ-19 ਨਾਲ ਵੀ ਲੜ ਸਕਦੇ ਹਨ।'' ਉਨ੍ਹਾਂ ਨੇ ਕਿਹਾ,''ਮੈਂ ਫੈਸਲਾ ਕੀਤਾ ਹੈ ਕਿ ਜੇਕਰ ਮੈਂ ਕੋਰੋਨਾ ਵਾਇਰਸ ਨਾਲ ਪੀੜਤ ਹੁੰਦਾ ਹਾਂ ਤਾਂ ਮੈਂ ਜਾ ਕੇ ਮਮਤਾ ਬੈਨਰਜੀ ਨੂੰ ਗਲੇ ਲਗਾਵਾਂਗਾ।''
ਹਾਜਰਾ ਤ੍ਰਿਣਮੂਲ ਕਾਂਗਰਸ ਦੇ ਇਕ ਸਾਬਕਾ ਸੰਸਦ ਮੈਂਬਰ ਹਨ, ਜੋ ਪਿਛਲੇ ਸਾਲ ਭਾਜਪਾ 'ਚ ਸ਼ਾਮਲ ਹੋਏ ਸਨ। ਉਨ੍ਹਾਂ ਨੇ ਕਿਹਾ ਕਿ ਸੂਬੇ 'ਚ ਜਿਸ ਤਰ੍ਹਾਂ ਨਾਲ ਕੋਵਿਡ-19 ਮਰੀਜ਼ਾਂ ਦੀਆਂ ਲਾਸ਼ਾਂ ਦਾ ਅੰਤਿਮ ਸੰਸਕਾਰ ਕੀਤਾ ਜਾ ਰਿਹਾ ਹੈ, ਉਹ ਦੁਖਦ ਹੈ। ਉਨ੍ਹਾਂ ਨੇ ਕਿਹਾ,''ਬੈਨਰਜੀ ਨੇ ਬੀਮਾਰੀ ਦੇ ਪੀੜਤਾਂ ਨਾਲ ਸਹੀ ਤਰੀਕੇ ਨਾਲ ਵਤੀਰਾ ਨਹੀਂ ਕੀਤਾ। ਉਨ੍ਹਾਂ ਦੀਆਂ ਲਾਸ਼ਾਂ ਨੂੰ ਮਿੱਟੀ ਦਾ ਤੇਲ ਨਾਲ ਸਾੜਿਆ ਜਾ ਰਿਹਾ ਹੈ। ਕੋਵਿਡ-19 ਨਾਲ ਜਾਨ ਗਵਾਉਣ ਵਾਲਿਆਂ ਦੇ ਬੇਟਿਆਂ ਨੂੰ ਉਨ੍ਹਾਂ ਦੇ ਚਿਹਰੇ ਨਹੀਂ ਦੇਖਣ ਦਿੱਤੇ ਜਾ ਰਹੇ ਹਨ। ਅਸੀਂ ਇਸ ਤਰ੍ਹਾਂ ਦਾ ਵਤੀਰਾ ਤਾਂ ਮਰੇ ਹੋਏ ਬਿੱਲੀ ਅਤੇ ਕੁੱਤਿਆਂ ਨਾਲ ਵੀ ਨਹੀਂ ਕਰਦੇ।'' ਤ੍ਰਿਣਮੂਲ ਕਾਂਗਰਸ ਦੇ ਸੀਨੀਅਰ ਨੇਤਾ ਸੌਗਤ ਰਾਏ ਨੇ ਟਿੱਪਣੀ ਦੀ ਨਿੰਦਾ ਕੀਤੀ ਅਤੇ ਕਿਹਾ ਕਿ ਅਜਿਹੀ ਟਿੱਪਣੀ ਭਾਜਪਾ ਦੀ ਮਾਨਸਿਕਤਾ ਦਰਸਾਉਂਦੀ ਹੈ। ਤ੍ਰਿਣਮੂਲ ਕਾਂਗਰਸ ਦੀ ਸਿਲੀਗੁੜੀ ਇਕਾਈ ਨੇ ਹਾਜਰਾ ਵਿਰੁੱਧ ਇਕ ਰੈਲੀ ਕੀਤੀ ਅਤੇ ਉਨ੍ਹਾਂ ਵਿਰੁੱਧ ਪੁਲਸ 'ਚ ਇਕ ਸ਼ਿਕਾਇਤ ਦਰਜ ਕਰਵਾਈ।