ਭਾਜਪਾ ਨੇ ਕ੍ਰਾਸ ਵੋਟਿੰਗ ਕਰਨ ਵਾਲੀ ਵਿਧਾਇਕ ਸ਼ੋਭਾਰਾਣੀ ਨੂੰ ਪਾਰਟੀ ’ਚੋਂ ਕੱਢਿਆ
Thursday, Jun 16, 2022 - 11:35 AM (IST)
ਜੈਪੁਰ– ਰਾਜਸਥਾਨ ਵਿੱਚ ਰਾਜ ਸਭਾ ਦੀਆਂ ਚੋਣਾਂ ਵਿੱਚ ‘ਕ੍ਰਾਸ ਵੋਟਿੰਗ’ ਕਰਨ ਲਈ ਭਾਰਤੀ ਜਨਤਾ ਪਾਰਟੀ ਨੇ ਆਪਣੀ ਵਿਧਾਇਕ ਸ਼ੋਭਾਰਾਣੀ ਕੁਸ਼ਵਾਹਾ ਨੂੰ ਪਾਰਟੀ ਵਿੱਚੋਂ ਕੱਢ ਦਿੱਤਾ ਹੈ। ਪਾਰਟੀ ਦੀ ਕੇਂਦਰੀ ਅਨੁਸ਼ਾਸਨੀ ਕਮੇਟੀ ਦੇ ਸਕੱਤਰ ਓਮ ਪਾਠਕ ਨੇ ਵਿਧਾਇਕ ਨੂੰ ਚਿੱਠੀ ਭੇਜ ਕੇ ਇਹ ਜਾਣਕਾਰੀ ਦਿੱਤੀ ਹੈ।
ਚਿੱਠੀ ਵਿੱਚ ਵਿਧਾਇਕ ਨੂੰ ਕਿਹਾ ਗਿਆ ਹੈ ਕਿ ਤੁਹਾਨੂੰ ਤੁਰੰਤ ਪਾਰਟੀ ਵਿੱਚੋਂ ਕੱਢ ਦਿੱਤਾ ਜਾਂਦਾ ਹੈ । ਪਾਰਟੀ ਵੱਲੋਂ ਦਿੱਤੀਆਂ ਗਈਆਂ ਹੋਰ ਜ਼ਿੰਮੇਵਾਰੀਆਂ ਤੋਂ ਵੀ ਤੁਹਾਨੂੰ ਮੁਕਤ ਕੀਤਾ ਜਾਂਦਾ ਹੈ। ਜ਼ਿਕਰਯੋਗ ਹੈ ਕਿ 10 ਜੂਨ ਨੂੰ ਹੋਈਆਂ ਰਾਜ ਸਭਾ ਚੋਣਾਂ ’ਚ ਕੁਸ਼ਵਾਹਾ ਨੇ ਪਾਰਟੀ ਵ੍ਹਿਪ ਦੀ ਉਲੰਘਣਾ ਕਰਦੇ ਹੋਏ ਕਾਂਗਰਸੀ ਉਮੀਦਵਾਰ ਪ੍ਰਮੋਦ ਤਿਵਾੜੀ ਦੇ ਹੱਕ ’ਚ ਕਰਾਸ ਵੋਟਿੰਗ ਕੀਤੀ ਸੀ। ਭਾਜਪਾ ਨੇ ਉਸੇ ਦਿਨ ਕੁਸ਼ਵਾਹ ਨੂੰ ਪਾਰਟੀ ’ਚੋਂ ਮੁਅੱਤਲ ਕਰਦੇ ਹੋਏ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਸੀ।
ਵਿਧਾਇਕ ਨੇ ਇਸਦਾ ਜਵਾਬ 19 ਜੂਨ ਤਕ ਦੇਣਾ ਸੀ ਪਰ ਇਸਤੋਂ ਪਹਿਾਲੰ ਹੀ ਉਨ੍ਹਆੰ ਮੀਡੀਆ ’ਚ ਇਕ ਬਿਆਨ ਜਾਰੀ ਕਰਕੇ ਪਾਰਟੀ ’ਤੇ ਨਿਸ਼ਾਨਾ ਵਿੰਨ੍ਹਿਆ। ਵਿਧਾਇਕ ਨੇ ਕਿਹਾ ਕਿ ਪਾਰਟੀ ਨੇ ਉਨ੍ਹਾਂ ਨੂੰ ਰਾਜ ਸਭਾ ਚੋਣਾਂ 'ਚ ਅਜਿਹੇ ਆਜ਼ਾਦ ਉਮੀਦਵਾਰ ਨੂੰ ਵੋਟ ਪਾਉਣ ਲਈ ਕਿਹਾ ਜੋ 'ਕਰਾਸ ਵੋਟਿੰਗ' ਦੀ ਖੁੱਲ੍ਹ ਕੇ ਚਰਚਾ ਕਰ ਰਹੇ ਸਨ।
ਦੂਜੀ ਵਾਰ ਵਿਧਾਇਕ ਬਣੀ ਕੁਸ਼ਵਾਹ, ਬਸਪਾ ਦੇ ਸਾਬਕਾ ਵਿਧਾਇਕ ਬੀ.ਐੱਲ. ਕੁਸ਼ਵਾਹ ਦੀ ਪਤਨੀ ਹੈ। ਉਨ੍ਹਾਂ ਦੇ ਪਤੀ ਨੂੰ ਕਤਲ ਦੇ ਇਕ ਮਾਮਲੇ ’ਚ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਦਸੰਬਰ 2016 ’ਚ ਵਿਧਾਇਕ ਦੇ ਰੂਪ ’ਚ ਅਯੋਗ ਘੋਸ਼ਿਤ ਕਰ ਦਿੱਤਾ ਗਿਆ ਸੀ। 2017 ’ਚ ਹੋਈਆਂ ਉਪ ਚੋਣਾਂ ’ਚ ਭਾਜਪਾ ਨੇ ਸ਼ੋਭਾਰਾਣੀ ਨੂੰ ਟਿਕਟ ਦਿੱਤੀ ਅਤੇ ਉਹ ਜਿੱਤ ਗਈ। ਇਸ ਜਿੱਤ ਨੂੰ ਉਨ੍ਹਾਂ 2018 ਦੀਆਂ ਵਿਧਾਨ ਸਭਾ ਚੋਣਾਂ ’ਚ ਵੀ ਬਰਕਰਾਰ ਰੱਖਿਆ।