6.5 ਕਰੋੜ ਗੁਜਰਾਤੀਆਂ ’ਚੋਂ ਭਾਜਪਾ ਨੂੰ ਨਹੀਂ ਮਿਲਿਆ ਸਮਰੱਥ ਪ੍ਰਧਾਨ : ਕੇਜਰੀਵਾਲ
Tuesday, May 03, 2022 - 04:56 PM (IST)
ਅਹਿਮਦਾਬਾਦ (ਵਿਸ਼ੇਸ਼)- ਦਿੱਲੀ ਦੇ ਮੁੱਖ ਮੰਤਰੀ ਦੇ ਭਰੂਚ ਦੌਰੇ ਦੌਰਾਨ ਗੁਜਰਾਤ ਭਾਜਪਾ ਦੇ ਪ੍ਰਧਾਨ ਸੀ. ਆਰ. ਪਾਟਿਲ ਤੇ ਅਰਵਿੰਦ ਕੇਜਰੀਵਾਲ ਦਰਮਿਆਨ ਜ਼ੁਬਾਨੀ ਜੰਗ ਛਿੜ ਗਈ ਹੈ। ਭਰੂਚ ’ਚ ਆਦਿਵਾਸੀ ਮਹਾਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਕੇਜਰੀਵਾਲ ਨੇ ਕਿਹਾ ਕਿ ਗੁਜਰਾਤ ਭਾਜਪਾ ਦੇ ਪ੍ਰਧਾਨ ਸੀ. ਆਰ. ਪਾਟਿਲ ਮਹਾਰਾਸ਼ਟਰ ਦੇ ਵਾਸੀ ਹਨ। ਕੀ ਭਾਜਪਾ ਨੂੰ 6.5 ਕਰੋੜ ਗੁਜਰਾਤੀਆਂ ਵਿਚੋਂ ਇਕ ਸਮਰੱਥ ਪ੍ਰਧਾਨ ਨਹੀਂ ਮਿਲਿਆ? ਕੀ ਉਹ ਮਹਾਰਾਸ਼ਟਰ ਦੇ ਇਕ ਵਿਅਕਤੀ ਦੀ ਮਦਦ ਨਾਲ ਗੁਜਰਾਤ ਚਲਾਉਣਗੇ? ਗੁਜਰਾਤ ਦੇ ਲੋਕ ਇੰਨਾ ਵੱਡਾ ਅਪਮਾਨ ਬਰਦਾਸ਼ਤ ਨਹੀਂ ਕਰਨਗੇ।
ਜਲਦ ਚੋਣਾਂ ਕਰਵਾਉਣ ਦਾ ਦੋਸ਼
ਕੇਜਰੀਵਾਲ ਨੇ ਆਪਣੇ ਇਸ ਦੋਸ਼ ਨੂੰ ਵੀ ਦੁਹਰਾਇਆ ਕਿ ਭਾਜਪਾ ਗੁਜਰਾਤ ਵਿਚ ਜਲਦ ਚੋਣਾਂ ਕਰਵਾਉਣ ’ਤੇ ਵਿਚਾਰ ਕਰ ਰਹੀ ਹੈ। ਉਨ੍ਹਾਂ ਕਿਹਾ,‘‘ਮੈਂ ਸੁਣਿਆ ਹੈ ਕਿ ਗੁਜਰਾਤ ’ਚ ਜਲਦੀ ਹੀ ਚੋਣਾਂ ਹੋਣੀਆਂ ਹਨ। ਉਹ ਆਮ ਆਦਮੀ ਪਾਰਟੀ ਤੋਂ ਡਰੇ ਹੋਏ ਹਨ। ਪਹਿਲਾਂ ਅਸੀਂ ਦਿੱਲੀ ਵਿਚ ਸਰਕਾਰ ਬਣਾਈ, ਫਿਰ ਪੰਜਾਬ ’ਚ ਅਤੇ ਹੁਣ ਗੁਜਰਾਤ ਦੀ ਵਾਰੀ ਹੈ। ਇਸ ਲਈ ਭਾਜਪਾ ਵਾਲੇ ਕਹਿ ਰਹੇ ਹਨ ਕਿ ‘ਆਪ’ ਨੂੰ ਸਮਾਂ ਨਾ ਦਿਓ। ਜੇ ‘ਆਪ’ ਨੂੰ ਦਸੰਬਰ ਤਕ ਦਾ ਸਮਾਂ ਮਿਲ ਜਾਵੇ ਤਾਂ ਗੁਜਰਾਤ ਵਿਚ ਝਾੜੂ ਫੇਰ ਦਿੱਤਾ ਜਾਵੇਗਾ।’’
ਸੰਭਾਵਤ ਗਠਜੋੜ ਦੀ ਭਾਲ
ਕੇਜਰੀਵਾਲ ਭਾਰਤੀ ਟ੍ਰਾਈਬਲ ਪਾਰਟੀ (ਬੀ. ਟੀ. ਪੀ.) ਦੇ ਮੁਖੀ ਛੋਟੂਭਾਈ ਵਸਾਵਾ ਨੂੰ ਮਿਲਣ ਅਤੇ ਸੂਬੇ ਵਿਚ ਆ ਰਹੀਆਂ ਵਿਧਾਨ ਸਭਾ ਚੋਣਾਂ ਲਈ ਸੰਭਾਵਤ ਗਠਜੋੜ ’ਤੇ ਚਰਚਾ ਕਰਨ ਲਈ ਭਰੂਚ ’ਚ ਸਨ। ‘ਆਪ’ ਸੰਭਾਵਤ ਗਠਜੋੜ ਲਈ ਬੀ. ਟੀ. ਪੀ. ਨਾਲ ਚਰਚਾ ਕਰ ਰਹੀ ਹੈ ਪਰ ਅਜੇ ਤਕ ਕੋਈ ਰਸਮੀ ਐਲਾਨ ਨਹੀਂ ਕੀਤਾ ਗਿਆ। ਸ਼ਨੀਵਾਰ ਕੇਜਰੀਵਾਲ ਨੇ ਕਾਂਗਰਸ ਦੇ ਚੰਗੇ ਨੇਤਾਵਾਂ ਨੂੰ ਗੁਜਰਾਤ ’ਚ ਤਬਦੀਲੀ ਲਿਆਉਣ ਲਈ ‘ਆਪ’ ’ਚ ਸ਼ਾਮਲ ਹੋਣ ਦੀ ਵੀ ਅਪੀਲ ਕੀਤੀ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ