ਭਾਜਪਾ ਵਫ਼ਦ ਅਯੁੱਧਿਆ ਸਮੂਹਿਕ ਜਬਰ-ਜ਼ਿਨਾਹ ਦੀ ਸ਼ਿਕਾਰ ਪੀੜਤਾ ਦੇ ਪਰਿਵਾਰ ਨੂੰ ਮਿਲਿਆ

Sunday, Aug 04, 2024 - 03:01 PM (IST)

ਭਾਜਪਾ ਵਫ਼ਦ ਅਯੁੱਧਿਆ ਸਮੂਹਿਕ ਜਬਰ-ਜ਼ਿਨਾਹ ਦੀ ਸ਼ਿਕਾਰ ਪੀੜਤਾ ਦੇ ਪਰਿਵਾਰ ਨੂੰ ਮਿਲਿਆ

ਅਯੁੱਧਿਆ- ਸਮੂਹਿਕ ਜਬਰ-ਜ਼ਿਨਾਹ ਦੀ ਸ਼ਿਕਾਰ ਨਾਬਾਲਗ ਕੁੜੀ ਦੇ ਪਰਿਵਾਰਕ ਮੈਂਬਰਾਂ ਨੂੰ ਮਿਲਣ ਲਈ ਭਾਜਪਾ ਪਾਰਟੀ ਦਾ ਇਕ ਵਫ਼ਦ ਐਤਵਾਰ ਨੂੰ ਅਯੁੱਧਿਆ ਪਹੁੰਚਿਆ। ਅਯੁੱਧਿਆ ਦੇ ਸਾਬਕਾ ਮੇਅਰ ਰਿਸ਼ੀਕੇਸ਼ ਉਪਾਧਿਆਏ ਨੇ ਦੱਸਿਆ ਕਿ ਭਾਜਪਾ ਵਫ਼ਦ ਨੇ ਸਮੂਹਿਕ ਜਬਰ-ਜ਼ਿਨਾਹ ਦੀ ਸ਼ਿਕਾਰ ਨਾਬਾਲਗ ਕੁੜੀ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ। ਵਫ਼ਦ ਵਿਚ ਉੱਤਰ ਪ੍ਰਦੇਸ਼ ਦੇ ਮੰਤਰੀ ਨਰਿੰਦਰ ਕਸ਼ਯਪ, ਪਾਰਟੀ ਦੇ ਸੀਨੀਅਰ ਨੇਤਾ ਬਾਬੂਰਾਮ ਨਿਸ਼ਾਦ ਅਤੇ ਸਥਾਨਕ ਭਾਜਪਾ ਨੇਤਾ ਸ਼ਾਮਲ ਸਨ। ਪੁਲਸ ਨੇ ਨਾਬਾਲਗ ਤੋਂ ਸਮੂਹਿਕ ਜਬਰ-ਜ਼ਿਨਾਹ ਦੇ ਮਾਮਲੇ ਵਿਚ ਅਯੁੱਧਿਆ ਜ਼ਿਲ੍ਹੇ ਦੇ ਭਦਰਸਾ ਵਿਚ ਬੇਕਰੀ ਚਲਾਉਣ ਵਾਲੇ ਮੋਇਦ ਖਾਨ ਅਤੇ ਉਸ ਦੇ ਕਰਮੀ ਰਾਜੂ ਖਾਨ ਨੂੰ 30 ਜੁਲਾਈ ਨੂੰ ਗ੍ਰਿਫ਼ਤਾਰ ਕੀਤਾ ਸੀ।

ਸਾਂਸਦ ਬਾਬੂਰਾਮ ਨਿਸ਼ਾਦ ਦਾ ਕਹਿਣਾ ਹੈ ਕਿ ਅਸੀਂ ਪੀੜਤਾ ਦੀ ਮਾਂ ਨਾਲ ਗੱਲ ਕੀਤੀ ਹੈ ਅਤੇ ਅਸੀਂ ਪੂਰੀ ਰਿਪੋਰਟ ਰਾਸ਼ਟਰੀ ਲੀਡਰਸ਼ਿਪ ਨੂੰ ਸੌਂਪਾਂਗੇ। ਸਾਡੀ ਉੱਤਰ ਪ੍ਰਦੇਸ਼ ਸਰਕਾਰ ਇਸ ਅਪਰਾਧ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਨੂੰ ਨਹੀਂ ਬਖਸ਼ੇਗੀ। ਅਖਿਲੇਸ਼ ਯਾਦਵ ਨੇ DNA ਟੈਸਟਿੰਗ ਦੀ ਗੱਲ ਕੀਤੀ ਹੈ। ਸਰਕਾਰ ਮੁਲਜ਼ਮਾਂ ਖਿਲਾਫ ਅਜਿਹੀ ਕਾਰਵਾਈ ਕਰੇਗੀ ਕਿ ਕਈ ਪੀੜ੍ਹੀਆਂ ਇਸ ਨੂੰ ਯਾਦ ਰੱਖਣਗੀਆਂ। ਮੈਂ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੂੰ ਅਪੀਲ ਕਰਦਾ ਹਾਂ ਕਿ 5 ਲੱਖ ਰੁਪਏ ਦੀ ਆਰਥਿਕ ਰਾਸ਼ੀ ਨੂੰ ਵਧਾ ਕੇ 25 ਲੱਖ ਰੁਪਏ ਕੀਤੀ ਜਾਵੇ।

 

ਪੁਲਸ ਮੁਤਾਬਕ ਮੋਇਦ ਖਾਨ ਅਤੇ ਰਾਜੂ ਖਾਨ ਨੇ ਦੋ ਮਹੀਨੇ ਪਹਿਲਾਂ ਕੁੜੀ ਨਾਲ ਜਬਰ-ਜ਼ਿਨਾਹ ਕੀਤਾ ਸੀ ਅਤੇ ਇਸ ਦਰਿੰਦਗੀ ਨੂੰ ਰਿਕਾਰਡ ਵੀ ਕੀਤਾ ਸੀ। ਮੈਡੀਕਲ ਜਾਂਚ ਵਿਚ ਕੁੜੀ ਦੇ ਗਰਭਵਤੀ ਹੋਣ ਦੀ ਗੱਲ ਸਾਹਮਣੇ ਆਉਣ ਮਗਰੋਂ ਘਟਨਾ ਦਾ ਖ਼ੁਲਾਸਾ ਹੋਇਆ। ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਦੋਸ਼ ਲਾਇਆ ਕਿ ਮੋਇਦ ਸਮਾਜਵਾਦੀ ਪਾਰਟੀ (ਸਪਾ) ਦਾ ਮੈਂਬਰ ਹੈ ਅਤੇ ਫੈਜਾਬਾਦ ਦੇ ਸੰਸਦ ਮੈਂਬਰ ਅਵਧੇਸ਼ ਪ੍ਰਸਾਦ ਦੀ ਟੀਮ ਦਾ ਹਿੱਸਾ ਹੈ। ਯੋਗੀ ਨੇ ਪਿਛਲੇ ਵੀਰਵਾਰ ਨੂੰ ਵਿਧਾਨ ਸਭਾ ਵਿਚ ਕਿਹਾ ਸੀ ਕਿ ਇਹ ਅਯੁੱਧਿਆ ਦਾ ਮਾਮਲਾ ਹੈ। ਮੋਇਦ ਖਾਨ ਸਪਾ ਨਾਲ ਜੁੜਿਆ ਹੋਇਆ ਹੈ ਅਤੇ ਅਯੁੱਧਿਆ ਦੇ ਸੰਸਦ ਮੈਂਬਰ ਦੀ ਟੀਮ ਦਾ ਮੈਂਬਰ ਹੈ। ਉਸ ਨੂੰ 12 ਸਾਲ ਦੀ ਬੱਚੀ ਨਾਲ ਸਮੂਹਿਕ ਜਬਰ-ਜ਼ਿਨਾਹ ਵਿਚ ਸ਼ਾਮਲ ਪਾਇਆ ਗਿਆ ਹੈ। ਸਮਾਜਵਾਦੀ ਪਾਰਟੀ ਨੇ ਉਸ ਦੇ ਖਿਲਾਫ਼ ਕੋਈ ਕਾਰਵਾਈ ਨਹੀਂ ਕੀਤੀ। ਅਯੁੱਧਿਆ ਪ੍ਰਸ਼ਾਸਨ ਨੇ ਸ਼ਨੀਵਾਰ ਨੂੰ ਮੋਈਦ ਖਾਨ ਦੀ ਬੇਕਰੀ ਨੂੰ ਢਾਹ ਦਿੱਤਾ ਸੀ।


author

Tanu

Content Editor

Related News