ਝਾਰਖੰਡ : ਸੱਤਾ ’ਚ ਆਉਣ ’ਤੇ ਭਾਜਪਾ ਘੁਸਪੈਠੀਆਂ ਦੀ ਪਛਾਣ ਲਈ ਬਣਾਏਗੀ ਕਮੇਟੀ : ਸ਼ਾਹ
Tuesday, Nov 12, 2024 - 01:05 AM (IST)
ਸਰਾਏਕੇਲਾ, (ਭਾਸ਼ਾ)- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਜੇ ਝਾਰਖੰਡ ’ਚ ਭਾਜਪਾ ਦੀ ਸਰਕਾਰ ਬਣਦੀ ਹੈ ਤਾਂ ਉਹ ਘੁਸਪੈਠੀਆਂ ਦੀ ਪਛਾਣ ਕਰ ਕੇ ਉਨ੍ਹਾਂ ਨੂੰ ਸੂਬੇ ’ਚੋਂ ਬਾਹਰ ਕੱਢਣ ਦੇ ਨਾਲ ਹੀ ਉਨ੍ਹਾਂ ਵੱਲੋਂ ਹੜੱਪੀ ਗਈ ਜ਼ਮੀਨ ਵਾਪਸ ਲੈਣ ਲਈ ਕਮੇਟੀ ਦਾ ਗਠਨ ਕਰੇਗੀ।
ਸੋਮਵਾਰ ਇੱਥੇ ਇਕ ਚੋਣ ਜਲਸੇ ’ਚ ਬੋਲਦਿਆਂ ਸ਼ਾਹ ਨੇ ਕਿਹਾ ਕਿ ਇਸ ਦੇ ਨਾਲ ਹੀ ਆਦਿਵਾਸੀ ਔਰਤਾਂ ਦੇ ਵਿਆਹ ਸਮੇਂ ਘੁਸਪੈਠੀਆਂ ਨੂੰ ਜ਼ਮੀਨ ਦੇ ਤਬਾਦਲੇ ਨੂੰ ਰੋਕਣ ਲਈ ਕਾਨੂੰਨ ਲਿਆਂਦਾ ਜਾਵੇਗਾ।
ਉਨ੍ਹਾਂ ਝਾਰਖੰਡ ਮੁਕਤੀ ਮੋਰਚਾ ਦੀ ਅਗਵਾਈ ਵਾਲੀ ਸਰਕਾਰ ’ਤੇ ਬੰਗਲਾਦੇਸ਼ੀ ਘੁਸਪੈਠੀਆਂ ਨੂੰ ਸੁਰੱਖਿਆ ਦੇਣ ਦਾ ਦੋਸ਼ ਲਾਇਆ ਤੇ ਕਿਹਾ ਕਿ ਝਾਰਖੰਡ ’ਚ ਆਦਿਵਾਸੀਆਂ ਦੀ ਆਬਾਦੀ ਘਟ ਰਹੀ ਹੈ। ਘੁਸਪੈਠ ਕਰਨ ਵਾਲੇ ਸਾਡੀਆਂ ਧੀਆਂ ਨਾਲ ਵਿਆਹ ਕਰ ਕੇ ਸਾਡੀ ਜ਼ਮੀਨ ਹੜੱਪ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਜਦੋਂ ਚੰਪਾਈ ਸੋਰੇਨ ਨੇ ਘੁਸਪੈਠ ਦਾ ਮੁੱਦਾ ਉਠਾਇਆ ਤਾਂ ਉਨ੍ਹਾਂ ਦਾ ਅਪਮਾਨ ਕੀਤਾ ਗਿਆ। ਹੇਮੰਤ ਸੋਰੇਨ ਨੇ ਉਨ੍ਹਾਂ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਲਈ ਮਜਬੂਰ ਕਰ ਦਿੱਤਾ।
ਸ਼ਾਹ ਨੇ ਦੋਸ਼ ਲਾਇਆ ਕਿ ਜੇ. ਐੱਮ. ਐੱਮ. ਦੀ ਅਗਵਾਈ ਵਾਲੀ ਸਰਕਾਰ ਨੇ 1000 ਕਰੋੜ ਰੁਪਏ ਦਾ ਮਨਰੇਗਾ ਘਪਲਾ, 300 ਕਰੋੜ ਰੁਪਏ ਦਾ ਜ਼ਮੀਨ ਘਪਲਾ, 1000 ਕਰੋੜ ਰੁਪਏ ਦਾ ਮਾਈਨਿੰਗ ਘਪਲਾ ਤੇ ਕਰੋੜਾਂ ਰੁਪਏ ਦਾ ਸ਼ਰਾਬ ਘਪਲਾ ਕੀਤਾ । ਨਾਲ ਹੀ ਕੇਂਦਰ ਵੱਲੋਂ ਭੇਜੇ ਗਏ 3.90 ਲੱਖ ਕਰੋੜ ਰੁਪਏ ਦਾ ਗਬਨ ਵੀ ਕੀਤਾ।
ਉਨ੍ਹਾਂ ਵਾਅਦਾ ਕੀਤਾ ਕਿ ਜੇ ਭਾਜਪਾ ਸੂਬੇ ’ਚ ਸੱਤਾ ਵਿਚ ਆਉਂਦੀ ਹੈ ਤਾਂ ਇਹ ਯਕੀਨੀ ਬਣਾਇਆ ਜਾਵੇਗਾ ਕਿ ਜੇ ਕੇਂਦਰ ਇਕ ਰੁਪਇਆ ਭੇਜੇ ਤਾਂ ਸੂਬਾ ਉਸ ਵਿਚ 25 ਪੈਸੇ ਜੋੜੇ ਤਾਂ ਜੋ 1.25 ਰੁਪਏ ਲੋਕਾਂ ਤੱਕ ਪਹੁੰਚ ਸਕਣ।