100 ਲੋਕ ਸਭਾ ਉਮੀਦਵਾਰਾਂ ਦੀ ਪਹਿਲੀ ਸੂਚੀ ਬਣਾਉਣ ’ਚ ਸਰਗਰਮੀ ਨਾਲ ਜੁਟੀ ਭਾਜਪਾ
Friday, Mar 01, 2024 - 12:38 PM (IST)
ਨਵੀਂ ਦਿੱਲੀ- ਰਿਪੋਰਟਾਂ ਦੇ ਉਲਟ, 18ਵੀਂ ਲੋਕ ਸਭਾ ਲਈ ਭਾਜਪਾ ਦੇ 100 ਉਮੀਦਵਾਰਾਂ ਦੀ ਪਹਿਲੀ ਸੂਚੀ, ਜਿਵੇਂ ਕਿ ਲੀਡਰਸ਼ਿਪ ਨੇ ਪਹਿਲਾਂ ਕਿਹਾ ਸੀ, ਅਜੇ ਤੱਕ ਐਲਾਨੀ ਨਹੀਂ ਗਈ। ਭਾਜਪਾ ਹਾਈਕਮਾਂਡ ਔਰਤਾਂ ਅਤੇ ਵੱਖ-ਵੱਖ ਭਾਈਚਾਰਿਆਂ ਨੂੰ ਧਿਆਨ ਵਿਚ ਰੱਖਦੇ ਹੋਏ ਜੇਤੂ ਉਮੀਦਵਾਰਾਂ ਨੂੰ ‘ਸ਼ਾਰਟਲਿਸਟ’ ਕਰਨ ਲਈ ਸੂਬਾ ਇਕਾਈਆਂ ਨਾਲ ਇਕ ਤੋਂ ਬਾਅਦ ਇਕ ਮੈਰਾਥਨ ਮੀਟਿੰਗਾਂ ਕਰ ਰਹੀ ਹੈ। ਭਾਵੇਂ ਪਹਿਲੇ 100 ਉਮੀਦਵਾਰਾਂ ਦੀ ਸੂਚੀ ਲੱਗਭਗ ਤਿਆਰ ਹੋ ਚੁੱਕੀ ਹੈ ਪਰ ਸਥਿਤੀ ਗੁੰਝਲਦਾਰ ਹੈ ਕਿਉਂਕਿ ਜੋ ਨੇਤਾ ਟਿਕਟ ਮਿਲਣ ਤੋਂ ਵਾਂਝੇ ਰਹਿ ਜਾਣਗੇ, ਉਹ 100 ਫੀਸਦੀ ਚਹੇਤੇ ਜਾਂ ਜਿੱਤਣ ਯੋਗ ਨਹੀਂ ਮੰਨੇ ਜਾਣਗੇ। ਇਹ ਵੀ ਦਾਅਵਾ ਕੀਤਾ ਗਿਆ ਸੀ ਕਿ ਪਹਿਲੀ ਸੂਚੀ ਵਿਚ ਪੀ. ਐੱਮ. ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਸਮੇਤ ਲੱਗਭਗ ਸਾਰੇ ਸੀਨੀਅਰ ਨੇਤਾਵਾਂ ਦੇ ਨਾਂ ਸ਼ਾਮਲ ਹੋ ਸਕਦੇ ਹਨ।
ਬਹੁਤ ਸਾਰੇ ਅਜਿਹੇ ਲੋਕ ਹਨ ਜੋ ਮਹਿਸੂਸ ਕਰਦੇ ਹਨ ਕਿ 100 ਨਾਵਾਂ ਦਾ ਐਲਾਨ ‘ਇੰਡੀਆ’ ਬਲਾਕ ਪਾਰਟੀਆਂ ’ਤੇ ਵਾਧੂ ਦਬਾਅ ਪਾਵੇਗਾ ਜੋ ਦੁਬਿਧਾ ਵਿਚ ਹਨ। ਭਾਵੇਂ ਹਿਮਾਚਲ ਪ੍ਰਦੇਸ਼ ਤੇ ਬਿਹਾਰ ਹੋਵੇ ਜਾਂ ਝਾਰਖੰਡ ਅਤੇ ਮਹਾਰਾਸ਼ਟਰ ਜਾਂ ਕੋਈ ਹੋਰ ਸੂਬਾ ਹੋਵੇ, ਕਾਂਗਰਸ ਦੇ ਸੀਨੀਅਰ ਆਗੂ ਡੁੱਬਦੇ ਜਹਾਜ਼ ਨੂੰ ਛੱਡ ਕੇ ਭੱਜ ਰਹੇ ਹਨ। ਪਹਿਲੀ ਸੂਚੀ ਮਹੱਤਵਪੂਰਨ ਹੋਵੇਗੀ ਕਿਉਂਕਿ ਸੱਤਾਧਾਰੀ ਪਾਰਟੀ ਨੇ 543 ਲੋਕ ਸਭਾ ਸੀਟਾਂ ਵਿਚੋਂ 370 ਸੀਟਾਂ ਜਿੱਤਣ ਦਾ ਵੱਡਾ ਟੀਚਾ ਰੱਖਿਆ ਹੈ।
ਦੇਰੀ ਦਾ ਇਕ ਕਾਰਨ ਇਹ ਹੈ ਕਿ ਭਾਜਪਾ ਨੂੰ ਅਜੇ ਵੀ ਬਿਹਾਰ ਵਿਚ ਜਨਤਾ ਦਲ (ਯੂ) ਸਮੇਤ ਉਨ੍ਹਾਂ ਸੂਬਿਆਂ ਵਿਚ ਆਪਣੇ ਸਹਿਯੋਗੀਆਂ ਨਾਲ ਨਜਿੱਠਣਾ ਹੈ ਜਿੱਥੇ ਉਹ 17 ਲੋਕ ਸਭਾ ਸੀਟਾਂ ਨਹੀਂ ਦੇਵੇਗੀ ਜਿਵੇਂ ਕਿ 2019 ਵਿਚ ਹੋਇਆ ਸੀ। ਭਾਜਪਾ ਨੂੰ ਮਰਹੂਮ ਰਾਮ ਵਿਲਾਸ ਪਾਸਵਾਨ ਦੇ ਪਸ਼ੂਪਤੀ ਪਾਰਸ ਅਤੇ ਚਿਰਾਗ ਪਾਸਵਾਨ ਦੀ ਅਗਵਾਈ ਵਾਲੇ 2 ਧੜਿਆਂ ਨਾਲ ਸੀਟਾਂ ਸਾਂਝੀਆਂ ਕਰਨ ਦਾ ਮੁੱਦਾ ਵੀ ਸੰਭਾਲਣਾ ਹੈ। ਇਹ ਵੀ ਤੈਅ ਕਰਨਾ ਹੋਵੇਗਾ ਕਿ ਉਪੇਂਦਰ ਕੁਸ਼ਵਾਹਾ, ਜੀਤਨ ਰਾਮ ਮਾਂਝੀ ਆਦਿ ਨੂੰ ਕੋਈ ਲੋਕ ਸਭਾ ਸੀਟ ਦਿੱਤੀ ਜਾਵੇ ਜਾਂ ਨਹੀਂ।
ਯੂ. ਪੀ. ’ਚ ਉਸ ਨੇ ਰਾਜਭਰ, ਅਨੁਪ੍ਰਿਆ ਪਟੇਲ, ਸੰਜੇ ਨਿਸ਼ਾਦ ਅਤੇ ਕਈ ਦਲ-ਬਦਲੂਆਂ ਨੂੰ ਵੀ ਖੁਸ਼ ਰੱਖਣਾ ਹੈ। ਆਂਧਰਾ ਵਿਚ ਚੰਦਰਬਾਬੂ ਨਾਇਡੂ ਦੀ ਟੀ. ਡੀ. ਪੀ. ਅਤੇ ਪਵਨ ਕਲਿਆਣ ਦੀ ਜਨ ਸੈਨਾ ਅਤੇ ਮਹਾਰਾਸ਼ਟਰ ਵਿਚ ਅਜੀਤ ਪਵਾਰ ਅਤੇ ਸ਼ਿੰਦੇ ਸੈਨਾ ਨਾਲ ਹੋਏ ਸੌਦੇ ਨੂੰ ਵੀ ਮਨਜ਼ੂਰੀ ਦੇਣੀ ਹੈ।