ਅਗਲੇ ਪੜਾਅ ਦੀਆਂ 58 ਸੀਟਾਂ ’ਤੇ ਸੌਖੀ ਨਹੀਂ ਭਾਜਪਾ ਦੀ ਰਾਹ

05/23/2024 7:19:34 PM

ਨਵੀਂ ਦਿੱਲੀ- ਦੇਸ਼ ’ਚ 6ਵੇਂ ਪੜਾਅ ਦੀਆਂ 25 ਮਈ ਨੂੰ ਜਿਨ੍ਹਾਂ 58 ਸੀਟਾਂ ’ਤੇ ਚੋਣਾਂ ਹੋਣ ਜਾ ਰਹੀਆਂ ਹਨ, ਉਨ੍ਹਾਂ ’ਚ 2019 ’ਚ ਕਾਂਗਰਸ ਇਕ ਵੀ ਸੀਟ ਨਹੀਂ ਜਿੱਤ ਸਕੀ ਸੀ। ਇਨ੍ਹਾਂ ’ਚੋਂ ਭਾਜਪਾ ਨੇ 40 ਸੀਟਾਂ ਜਿੱਤੀਆਂ ਸਨ। ਹਾਲਾਂਕਿ ਇਸ ਵਾਰ ਇਨ੍ਹਾਂ ਸੀਟਾਂ ’ਤੇ ਭਾਜਪਾ ਦੀ ਰਾਹ ਸੌਖੀ ਨਹੀਂ ਹੈ। ਭਾਜਪਾ ਦੇ ਐੱਨ. ਡੀ. ਏ. ਗੱਠਜੋੜ ਨੂੰ ਕਾਂਗਰਸ ਦੇ ਇੰਡੀਆ ਗੱਠਜੋੜ ਦੀ ਵੱਢੀ ਚੁਣੌਤੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਤੋਂ ਇਲਾਵਾ ਬਹੁਜਨ ਸਮਾਜਵਾਦੀ ਪਾਰਟੀ (ਬਸਪਾ) ਨੇ 4 ਸੀਟਾਂ ਜਿੱਤੀਆਂ ਸਨ ਤਾਂ ਤ੍ਰਿਣਮੂਲ ਕਾਂਗਰਸ (ਟੀ. ਐੱਮ. ਸੀ.) ਨੇ 3, ਬੀਜੂ ਜਨਤਾ ਦਲ (ਬੀ. ਜੇ. ਡੀ.) ਨੇ 4, ਜਨਤਾ ਦਲ ਯੂਨਾਈਟਿਡ (ਜੇ. ਡੀ. ਯੂ.) ਨੇ 3, ਲੋਕ ਜਨਸ਼ਕਤੀ (ਐੱਲ. ਜੇ. ਪੀ.) ਨੇ 1, ਆਲ ਝਾਰਖੰਡ ਸਟੂਡੈਂਟਸ ਯੂਨੀਅਨ (ਏ. ਜੇ. ਐੱਸ. ਯੂ.) ਨੇ 1 ਅਤੇ ਨੈਸ਼ਨਲ ਕਾਨਫਰੰਸ ਵੀ 1 ਸੀਟ ਜਿੱਤਣ ’ਚ ਸਫਲ ਰਹੀ। ਇਸ ਤੋਂ ਇਲਾਵਾ ਸਮਾਜਵਾਦੀ ਪਾਰਟੀ (ਸਪਾ) ਇਕ ਸੀਟ ਜਿੱਤਣ ਵਿਚ ਸਫਲ ਰਹੀ। ਕਾਂਗਰਸ, ਆਮ ਆਦਮੀ ਪਾਰਟੀ (ਆਪ), ਰਾਸ਼ਟਰੀ ਜਨਤਾ ਦਲ (ਆਰ. ਜੇ. ਡੀ.) ਵਰਗੀਆਂ ਪਾਰਟੀਆਂ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕੀਆਂ। ਭਾਜਪਾ ਨੇ ਹਰਿਆਣਾ ਅਤੇ ਦਿੱਲੀ ਵਿਚ ਵਿਰੋਧੀ ਧਿਰ ਦਾ ਸਫਾਇਆ ਕਰ ਦਿੱਤਾ ਸੀ। ਭਾਵੇਂ ਹੁਣ ਕਾਂਗਰਸ ਦਾ ਇੰਡੀਆ ਗੱਠਜੋੜ ਮੈਦਾਨ ’ਚ ਹੈ ਪਰ ਇਸ ਨੂੰ ਚੋਣਾਂ ਦੇ ਪੜਾਅ ਵਿਚ ਵੀ ਜ਼ੀਰੋ ਤੋਂ ਸ਼ੁਰੂਆਤ ਕਰਨੀ ਪਵੇਗੀ।

ਲੋਕ ਸਭਾ ਚੋਣਾਂ ਦੇ ਛੇਵੇਂ ਪੜਾਅ ’ਚ ਜਿਨ੍ਹਾਂ 8 ਸੂਬਿਆਂ ’ਚ ਚੋਣਾਂ ਹੋ ਰਹੀਆਂ ਹਨ, ਉਨ੍ਹਾਂ ਵਿਚ ਉੱਤਰ ਪ੍ਰਦੇਸ਼ ਦੀਆਂ 14, ਬਿਹਾਰ ਦੀਆਂ 8, ਹਰਿਆਣਾ ਦੀਆਂ 10, ਦਿੱਲੀ ਦੀਆਂ 7, ਪੱਛਮੀ ਬੰਗਾਲ ਦੀਆਂ 8, ਝਾਰਖੰਡ ਦੀਆਂ 4, ਓਡਿਸ਼ਾ ਦੀਆਂ 6 ਅਤੇ ਜੰਮੂ-ਕਸ਼ਮੀਰ ਦੀ 1 ਸੀਟ ਸ਼ਾਮਲ ਹੈ। ਜੰਮੂ-ਕਸ਼ਮੀਰ ਦੀ ਅਨੰਤਨਾਗ-ਰਾਜੌਰੀ ਲੋਕ ਸਭਾ ਸੀਟ ਲਈ ਤੀਜੇ ਪੜਾਅ ’ਚ ਚੋਣਾਂ ਹੋਣੀਆਂ ਸਨ ਪਰ ਹੁਣ ਛੇਵੇਂ ਪੜਾਅ ’ਚ ਵੋਟਿੰਗ ਹੋ ਰਹੀ ਹੈ। ਇਨ੍ਹਾਂ 58 ਸੀਟਾਂ ’ਤੇ 889 ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ। ਇਸ ਤਰ੍ਹਾਂ ਛੇਵੇਂ ਪੜਾਅ ਵਿਚ ਇਕ ਸੰਸਦੀ ਹਲਕੇ ਵਿਚ ਚੋਣ ਲੜਨ ਵਾਲੇ ਉਮੀਦਵਾਰਾਂ ਦੀ ਔਸਤ ਗਿਣਤੀ 15 ਹੈ।


Rakesh

Content Editor

Related News