ਭਾਜਪਾ ਦੀ ''ਭਾਰੀ ਮਸ਼ੀਨਰੀ'' ਨੇ MCD ਚੋਣ ਨੂੰ ਬਣਾ ਦਿੱਤਾ ਸੀ ਮੁਸ਼ਕਲ : ਕੇਜਰੀਵਾਲ
Saturday, Dec 10, 2022 - 02:19 PM (IST)
ਨਵੀਂ ਦਿੱਲੀ (ਭਾਸ਼ਾ)- ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ਨੀਵਾਰ ਨੂੰ ਕਿਹਾ ਕਿ ਦਿੱਲੀ ਨਗਰ ਨਿਗਮ (ਐੱਮ.ਸੀ.ਡੀ.) ਚੋਣਾਂ ਦੇ ਪ੍ਰਚਾਰ ਦੌਰਾਨ ਤਾਇਨਾਤ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ 'ਭਾਰੀ ਮਸ਼ੀਨਰੀ' ਨੇ ਇਸ ਨੂੰ ਆਮ ਆਦਮੀ ਪਾਰਟੀ (ਆਪ) ਵਲੋਂ ਹੁਣ ਤੱਕ ਲੜਿਆ ਗਿਆ ਸਭ ਤੋਂ ਸਖ਼ਤ ਮੁਕਾਬਲਾ ਬਣਾ ਦਿੱਤਾ ਸੀ। ਉਨ੍ਹਾਂ ਨੇ ਭਾਜਪਾ 'ਤੇ ਗਲਤ ਪ੍ਰਚਾਰ ਫੈਲਾਉਣ ਲਈ ਮੀਡੀਆ 'ਤੇ ਦਬਾਅ ਬਣਾਉਣ ਦਾ ਦੋਸ਼ ਲਗਾਇਆ। ਨਵੇਂ ਚੁਣੇ ਕੌਂਸਲਰਾਂ ਨੂੰ ਸੰਬੋਧਨ ਕਰਦੇ ਹੋਏ ਕੇਜਰੀਵਾਲ ਨੇ ਕਿਹਾ ਕਿ 'ਆਪ' ਨੇ ਸਕਾਰਾਤਮਕ ਰਾਜਨੀਤੀ ਕੀਤੀ ਅਤੇ ਸਾਡੇ ਕੰਮ ਬਾਰੇ ਗੱਲ ਕੀਤੀ। ਉਨ੍ਹਾਂ ਦਾਅਵਾ ਕੀਤਾ,''ਇਹ ਚੋਣ ਬਹੁਤ-ਬਹੁਤ ਮੁਸ਼ਕਲ ਸੀ। ਕੁਝ ਲੋਕ ਕਹਿੰਦੇ ਹਨ ਕਿ ਇਹ ਆਸਾਨ ਚੋਣਾਂ ਸਨ ਪਰ ਅਜਿਹਾ ਨਹੀਂ ਹੈ। ਜਿਸ ਤਰੀਕੇ ਨਾਲ ਉਨ੍ਹਾਂ ਨੇ ਸਾਡੇ ਖ਼ਿਲਾਫ਼ ਸਾਜਿਸ਼ ਰਚੀ ਅਤੇ ਜਿਸ ਤਰੀਕੇ ਨਾਲ ਸਾਡੇ ਖ਼ਿਲਾਫ਼ ਸਰਕਾਰੀ ਮਸ਼ੀਨਰੀ ਦਾ ਇਸਤੇਮਾਲ ਕੀਤਾ, ਉਸ ਨਾਲ ਇਹ ਸਾਡੇ ਵਲੋਂ ਹੁਣ ਤੱਕ ਲੜੀ ਗਈ ਸਭ ਤੋਂ ਮੁਸ਼ਕਲ ਚੋਣ ਸੀ।''
ਇਹ ਵੀ ਪੜ੍ਹੋ : ਜ਼ਿੰਦਗੀ ਦੀ ਜੰਗ ਹਾਰਿਆ ਤਨਮਯ, 5 ਦਿਨ ਬਾਅਦ ਬੋਰਵੈੱਲ 'ਚੋਂ ਕੱਢੀ ਗਈ ਲਾਸ਼
ਕੇਜਰੀਵਾਲ ਨੇ ਕਿਹਾ,''ਪ੍ਰਚਾਰ ਦੌਰਾਨ ਭਾਜਪਾ ਵਲੋਂ ਤਾਇਨਾਤ ਭਾਰੀ ਮਸ਼ੀਨਰੀ ਨੇ ਇਸ ਨੂੰ 'ਆਪ' ਲਈ ਹੁਣ ਤੱਕ ਦੀ ਸਭ ਤੋਂ ਮੁਸ਼ਕਲ ਚੋਣ ਬਣਾ ਦਿੱਤਾ ਸੀ।'' ਜੇਲ੍ਹ 'ਚ ਬੰਦ ਮੰਤਰੀ ਅਤੇ 'ਆਪ' ਨੇਤਾ ਸਤੇਂਦਰ ਜੈਨ ਦੇ ਵੀਡੀਓ ਦੇ ਸੰਦਰਭ 'ਚ ਮੁੱਖ ਮੰਤਰੀ ਨੇ ਕਿਹਾ ਕਿ ਭਾਜਪਾ ਨੇ ਸਾਡੇ ਖ਼ਿਲਾਫ਼ ਗਲਤ ਪ੍ਰਚਾਰ ਫੈਲਾਉਣ ਲਈ ਮੀਡੀਆ 'ਤੇ ਦਬਾਅ ਬਣਾਇਆ।'' ਉਨ੍ਹਾਂ ਕਿਹਾ,''ਅਸੀਂ ਸਕਾਰਾਤਮਕ ਰਾਜਨੀਤੀ ਕਰਦੇ ਹਾਂ ਅਤੇ ਆਪਣੇ ਕੰਮ ਬਾਰੇ ਗੱਲ ਕਰਦੇ ਹਾਂ। ਭਾਜਪਾ ਨੇ ਫਰਜ਼ੀ ਵੀਡੀਓ ਅਤੇ ਜੇਲ੍ਹ 'ਚ ਬੰਦ ਇਕ ਠਗ ਦੇ ਪੱਤਰਾਂ ਰਾਹੀਂ ਸਾਨੂੰ ਆਪਣੇ ਕੰਮ ਬਾਰੇ ਚਰਚਾ ਨਹੀਂ ਕਰਨ ਦਿੱਤੀ।'' ਉਨ੍ਹਾਂ ਦੋਸ਼ ਲਾਇਆ,''ਇਸ ਤੋਂ ਇਲਾਵਾ ਉਨ੍ਹਾਂ ਨੇ ਸਾਡੇ ਖ਼ਿਲਾਫ਼ ਮੀਡੀਆ 'ਤੇ ਦਬਾਅ ਬਣਾਇਆ, ਮੀਡੀਆ ਨੂੰ ਧਮਕਾਇਆ ਅਤੇ ਗਲਤ ਪ੍ਰਚਾਰ ਮੁਹਿੰਮ ਚਲਾਈ। ਹਰ ਸਵੇਰੇ 9 ਵਜੇ ਕੋਈ ਨਵਾਂ ਫਰਜ਼ੀ ਵੀਡੀਓ ਆਉਂਦਾ ਹੈ।'' 'ਆਪ' ਨੇ ਰਾਸ਼ਟਰੀ ਰਾਜਧਾਨੀ 'ਚ ਬੁੱਧਵਾਰ ਨੂੰ ਨਗਰ ਨਿਗਮ 'ਚ ਭਾਜਪਾ ਤੋਂ ਸੱਤਾ ਖੋਹ ਲਈ ਸੀ। ਕੇਜਰੀਵਾਲ ਦੀ ਅਗਵਾਈ ਵਾਲੀ ਪਾਰਟੀ ਨੇ ਐੱਮ.ਸੀ.ਡੀ. ਦੇ 250 ਵਾਰਡਾਂ 'ਚੋਂ 134 ਵਾਰਡ ਜਿੱਤੇ ਹਨ, ਜਦੋਂ ਕਿ ਭਾਜਪਾ ਨੂੰ 104 ਵਾਰਡ 'ਚ ਜਿੱਤ ਮਿਲੀ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ