ਰਿਸ਼ਵਤ ਨਹੀਂ ਦਿੱਤੀ ਤਾਂ ਜਨਮ ਸਰਟੀਫਿਕੇਟ ’ਤੇ ਬੱਚੇ ਦੀ ਉਮਰ ਕਰ ਦਿੱਤੀ 104 ਸਾਲ

01/21/2020 2:04:24 PM

ਬਰੇਲੀ (ਵਾਰਤਾ)— ਉੱਤਰ ਪ੍ਰਦੇਸ਼ ਦੇ ਬਰੇਲੀ ਵਿਚ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਮਾਮਲਾ ਜਨਮ ਸਰਟੀਫਿਕੇਟ ਨਾਲ ਜੁੜਿਆ ਹੈ। ਰਿਸ਼ਵਤ ਨਹੀਂ ਦਿੱਤੀ ਤਾਂ 4 ਸਾਲ ਦੇ ਬੱਚੇ ਸ਼ੁੱਭ ਦੀ ਉਮਰ 104 ਸਾਲ ਅਤੇ ਉਸ ਦੇ ਛੋਟੇ ਭਰਾ ਸੰਕੇਤ ਦੀ ਉਮਰ 2 ਸਾਲ ਦੀ ਬਜਾਏ 102 ਸਾਲ ਦਰਜ ਕਰ ਦਿੱਤੀ ਗਈ। ਜਨਮ ਸਰਟੀਫਿਕੇਟ ’ਤੇ ਇਹ ਸਭ ਦੇਖ ਕੇ ਮਾਪੇ ਕਾਰਵਾਈ ਲਈ ਅਦਾਲਤ ਪੁੱਜੇ। ਮਾਮਲਾ ਸ਼ਾਹਜਹਾਂਪੁਰ ਜ਼ਿਲੇ ਦੇ ਥਾਣਾ ਖੁਟਾਰ ਖੇਤਰ ਦਾ ਹੈ। ਵਿਸ਼ੇਸ਼ ਜੱਜ ਦੂਜੇ ਭ੍ਰਿਸ਼ਟਾਚਾਰ ਰੋਕੂ ਅਦਾਲਤ ਨੇ ਮੁਕੱਦਮਾ ਦਰਜ ਕਰਨ ਦੇ ਹੁਕਮ ਦਿੱਤੇ। ਵਿਸ਼ੇਸ਼ ਜੱਜ ਦੂਜੇ ਭ੍ਰਿਸ਼ਟਾਚਾਰ ਰੋਕੂ ਮੁਹੰਮਦ ਅਹਿਮਦ ਖਾਂ ਨੇ ਥਾਣਾ ਖੁਟਾਰ ਦੀ ਪੁਲਸ ਨੂੰ ਮੁਕੱਦਮਾ ਦਰਜ ਕਰ ਕੇ ਮਾਮਲੇ ਦੀ ਤਫਤੀਸ਼ ਕੀਤੇ ਜਾਣ ਦੇ ਹੁਕਮ ਦਿੱਤੇ ਹਨ। ਓਧਰ ਪੁਲਸ ਨੇ ਕਿਹਾ ਕਿ ਅਦਾਲਤ ਤੋਂ ਮੁਕੱਦਮਾ ਦਰਜ ਕਰਨ ਦਾ ਹੁਕਮ ਮਿਲ ਗਿਆ ਹੈ ਅਤੇ ਸਾਡੇ ਵਲੋਂ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। 

ਦਰਅਸਲ ਸ਼ਾਹਜਹਾਂਪੁਰ ਦੇ ਬੇਲਾ ਪਿੰਡ ਦੇ ਪਵਨ ਕੁਮਾਰ ਨੇ ਆਪਣੇ ਭਤੀਜੇ ਸ਼ੁੱਭ ਅਤੇ ਸੰਕੇਤ ਦਾ ਜਨਮ ਸਰਟੀਫਿਕੇਟ ਬਣਵਾਉਣ ਲਈ ਬੇਨਤੀ ਕੀਤੀ ਸੀ। ਦੋਸ਼ ਹੈ ਕਿ ਗ੍ਰਾਮ ਵਿਕਾਸ ਅਧਿਕਾਰੀ ਸੁਸ਼ੀਲ ਚੰਦਰ ਅਗਨੀਹੋਤਰੀ ਅਤੇ ਗ੍ਰਾਮ ਪ੍ਰਧਾਨ ਪ੍ਰਵੀਣ ਮਿਸ਼ਰਾ ਨੇ ਬਿਨੈਕਾਰ ਤੋਂ ਪ੍ਰਤੀ ਜਨਮ ਸਰਟੀਫਿਕੇਟ ਲਈ 500 ਰੁਪਏ ਦੀ ਰਿਸ਼ਵਤ ਮੰਗੀ। ਪਵਨ ਨੇ ਇਨਕਾਰ ਕਰ ਦਿੱਤਾ ਤਾਂ ਦੋਹਾਂ ਨੇ ਮਿਲ ਕੇ ਅਜੀਬ ਖੇਡ ਖੇਡੀ। ਜਨਮ ਸਰਟੀਫਿਕੇਟ ਤਾਂ ਬਣਾ ਦਿੱਤਾ ਪਰ ਸ਼ੁੱਭ ਦੀ ਜਨਮ ਤਰੀਕ 13 ਜੂਨ 2016 ਦੀ ਥਾਂ ’ਤੇ 13 ਜੂਨ 1916 ਲਿਖ ਦਿੱਤੀ। ਜਦਕਿ ਸੰਕੇਤ ਦੀ ਜਨਮ ਤਰੀਕ 6 ਜਨਵਰੀ 2018 ਦੀ ਥਾਂ 6 ਜਨਵਰੀ 1918 ਦਰਜ ਕਰ ਕੇ ਸਰਟੀਫਿਕੇਟ ਜਾਰੀ ਕਰ ਦਿੱਤੇ ਗਏ। ਕੋਈ ਸੁਣਵਾਈ ਨਾ ਹੋਣ ’ਤੇ ਵਕੀਲ ਰਾਜੀਵ ਸਕਸੈਨਾ ਜ਼ਰੀਏ ਬਰੇਲੀ ਦੇ ਵਿਸ਼ੇਸ਼ ਜਸਟਿਸ ਦੂਜੇ ਭ੍ਰਿਸ਼ਟਾਚਾਰ ਰੋਕੂ ਕੋਰਟ ’ਚ ਅਰਜ਼ੀ ਦਿੱਤੀ ਸੀ। 


Tanu

Content Editor

Related News