ਲਾਤੂਰ ’ਚ ਫੈਲਿਆ ਬਰਡ ਫਲੂ, ਪ੍ਰਸ਼ਾਸਨ ਨੇ ਚੁੱਕੇ ਅਹਿਤਿਆਤੀ ਕਦਮ
Monday, Jan 20, 2025 - 05:21 AM (IST)
ਲਾਤੂਰ (ਭਾਸ਼ਾ) - ਮਹਾਰਾਸ਼ਟਰ ਦੇ ਲਾਤੂਰ ਜ਼ਿਲੇ ’ਚ ਬਰਡ ਫਲੂ ਕਾਰਨ 51 ਕਾਂਵਾਂ ਦੀ ਮੌਤ ਹੋ ਗਈ ਹੈ। ਅਧਿਕਾਰੀਆਂ ਨੇ ਬੀਮਾਰੀ ਨੂੰ ਹੋਰ ਫੈਲਣ ਤੋਂ ਰੋਕਣ ਲਈ ਅਹਿਤਿਆਤੀ ਕਦਮ ਚੁੱਕਣੇ ਸ਼ੁਰੂ ਕਰ ਦਿੱਤੇ ਹਨ।
ਪਸ਼ੂ ਪਾਲਣ ਵਿਭਾਗ ਦੇ ਡਿਪਟੀ ਕਮਿਸ਼ਨਰ ਡਾ. ਸ਼੍ਰੀਧਰ ਸ਼ਿੰਦੇ ਨੇ ਐਤਵਾਰ ਕਿਹਾ ਕਿ ਸ਼ਨੀਵਾਰ ਭੋਪਾਲ ਵੈਟਰਨਰੀ ਲੈਬਾਰਟਰੀ ਤੋਂ ਮਿਲੀ ਰਿਪੋਰਟ ਤੋਂ ਪਤਾ ਲੱਗਾ ਹੈ ਕਿ ਉਦਗੀਰ ਸ਼ਹਿਰ ’ਚ ਕਾਂਵਾਂ ਦੀ ਮੌਤ ਏਵੀਅਨ ਇਨਫਲੂਐਂਜ਼ਾ ਕਾਰਨ ਹੋਈ ਹੈ।
ਅਧਿਕਾਰੀਆਂ ਨੂੰ 13 ਜਨਵਰੀ ਤੋਂ ਹੀ ਬਾਗਾਂ ਤੇ ਸ਼ਹਿਰ ਦੇ ਹੋਰ ਇਲਾਕਿਆਂ ’ਚ ਮਰੇ ਹੋਏ ਪੰਛੀਆਂ ਬਾਰੇ ਸ਼ਿਕਾਇਤਾਂ ਮਿਲ ਰਹੀਆਂ ਸਨ। ਅਧਿਕਾਰੀਆਂ ਨੇ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ। ਜਿਸ ਥਾਂ ’ਤੇ ਮਰੇ ਹੋਏ ਕਾਂ ਮਿਲੇ ਸਨ, ਉਸ ਥਾਂ ਤੋਂ 10 ਕਿਲੋਮੀਟਰ ਦੇ ਘੇਰੇ ਅੰਦਰਲੇ ਖੇਤਰ ਨੂੰ ‘ਅਲਰਟ ਜ਼ੋਨ’ ਐਲਾਨਿਆ ਗਿਆ ਹੈ।